ਸਰਕਾਰੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਨਾਕਾਮ, ਨਾਇਬ ਤਹਿਸੀਲਦਾਰ ਦੀ ਸੂਝ-ਬੂਝ ਨਾਲ ਵੱਡਾ ਸਕੈਂਡਲ ਹੋਣੋਂ ਬਚਿਆ
Sunday, Dec 08, 2019 - 01:52 AM (IST)
ਮੋਗਾ,(ਸੰਜੀਵ) : ਬੱਗੇਆਣਾ ਛੱਪੜ, ਜੋ ਕਿ ਹੁਣ ਇਕ ਸਟੇਡੀਅਮ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਸਟੇਡੀਅਮ ਦੇ ਨਾਲ ਕੁੱਝ ਰਕਬਾ ਕੇਂਦਰੀ ਸਰਕਾਰ ਦੇ ਅਧੀਨ ਵਕਫ ਬੋਰਡ ਦੇ ਨਾਂ ਦਰਜ ਹੈ, ਜਿਸ 'ਤੇ ਲੈਂਡ ਮਾਫੀਆ ਨੇ ਲੰਮੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਹੈ। ਸਮੇਂ-ਸਮੇਂ 'ਤੇ ਇਸ ਰਕਬੇ ਨੂੰ ਹੜੱਪਣ ਦੀਆਂ ਕੋਸ਼ਿਸ਼ਾਂ ਲੈਂਡ ਮਾਫੀਆ ਵੱਲੋਂ ਕੀਤੀਆਂ ਜਾਂਦੀਆਂ ਹਨ, ਜੋ ਕਈ ਵਾਰ ਮਾਲ ਮਹਿਕਮੇ ਦੀ ਮਿਲੀਭੁਗਤ ਨਾਲ ਸਿਰੇ ਵੀ ਚੜ੍ਹਦੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਪਿਛਲੇ ਕੁੱਝ ਦਿਨਾਂ ਤੋਂ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਦੂਸਰੇ ਹਲਕੇ ਦੇ ਪਟਵਾਰੀ ਮੋਗਾ ਮਹਿਲਾ ਸਿੰਘ ਫਸਟ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਮੋਗਾ ਅਜੀਤ ਸਿੰਘ ਪਟਵਾਰ ਸਰਕਲ 'ਚ ਪੈਂਦੇ ਰਕਬੇ ਦੀ ਰਿਪੋਰਟ ਲੈਂਡ ਮਾਫੀਆ ਨਾਲ ਮਿਲ ਕੇ ਕੇਂਦਰੀ ਸਰਕਾਰ ਦੇ ਰਕਬੇ ਨੂੰ ਲਾਲ ਲਕੀਰ 'ਚ ਦਿਖਾ ਕੇ ਤਹਿਸੀਲਦਾਰ ਨੂੰ ਗੁੰਮਰਾਹ ਕਰ ਕੇ ਕਰਵਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਮੋਗਾ ਨੇ ਬੜੀ ਸੂਝ-ਬਾਝ ਨਾਲ ਮੌਕੇ 'ਤੇ ਜਾਂਚ ਕਰ ਕੇ ਨਾਕਾਮ ਕਰ ਦਿੱਤੀ।
ਜਾਣਕਾਰੀ ਅਨੁਸਾਰ ਅਸਲ ਵਿਚ ਇਹ ਰਕਬਾ ਲਾਲ ਲਕੀਰ 'ਚ ਨਹੀਂ ਪੈਂਦਾ ਸੀ। ਇਹ ਰਕਬਾ ਨੰਬਰ ਖਸਰਾ 1004-1005-1006 'ਚ ਪੈਂਦਾ ਸੀ, ਜੋ ਕਿ ਮੋਗਾ ਅਜੀਤ ਸਿੰਘ ਪਟਵਾਰ ਸਰਕਲ 'ਚ ਪੈਂਦਾ ਹੈ। ਉਕਤ ਸਬੰਧੀ ਰਿਪੋਰਟ ਸਬ-ਰਜਿਸਟਰਾਰ ਮੋਗਾ ਸੁਰਿੰਦਰ ਕੁਮਾਰ ਪੱਬੀ ਵੱਲੋਂ 20 ਨਵੰਬਰ 2019 ਨੂੰ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਭੇਜ ਦਿੱਤੀ ਗਈ ਹੈ, ਜਿਸ 'ਚ ਲਿਖਿਆ ਹੈ ਕਿ ਅਜਮੇਰ ਸਿੰਘ ਪੁੱਤਰ ਮੰਗਲ ਸਿੰਘ ਅਤੇ ਚਮਕੌਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬੱਗੇਆਣਾ ਬਸਤੀ ਅਗਵਾੜ ਹਾਕਮ ਕਾ ਪੁਰਾਣੀ ਚਮਕੌਰ ਘੱਲ ਕਲਾਂ ਰੋਡ ਨੇ ਤਹਿਸੀਲਦਾਰ ਮੋਗਾ ਨੂੰ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦੀ ਆਪਣੀ ਮਾਲਕੀ ਵਾਲੀ ਕੁੱਝ ਪ੍ਰਾਪਰਟੀ ਲਾਲ ਲਕੀਰ 'ਚ ਪੈਂਦੀ ਹੈ। ਉਸ ਦੀ ਮਾਲਕੀ ਪਟਵਾਰੀ ਹਲਕਾ ਤੋਂ ਤਸਦੀਕ ਕਰਵਾਈ ਜਾਵੇ ਤਾਂ ਜੋ ਉਹ ਆਪਣੀ ਪ੍ਰਾਪਰਟੀ ਨੂੰ ਅੱਗੇ ਵੇਚ ਸਕਣ। ਰਕਬੇ ਨੂੰ ਲਾਲ ਲਕੀਰ ਦੇ ਅੰਦਰ ਹੋਣ ਦੀ ਤਸਦੀਕ ਪਟਵਾਰੀ ਨਿਰਵੈਰ ਸਿੰਘ ਨੇ ਵਾਰਡ ਨੰਬਰ 32 ਦੀ ਐੱਮ. ਸੀ. ਜਸਮੇਰ ਕੌਰ ਗਿੱਲ ਪਾਸੋਂ ਤਸਦੀਕ ਕਰਵਾ ਲਈ, ਜਦਕਿ ਪਟਵਾਰੀ ਇਸ ਹਲਕੇ ਦੀ ਰਿਪੋਰਟ ਕਰਨ ਲਈ ਜਾਇਜ਼ ਨਹੀਂ ਸੀ ਕਿਉਂਕਿ ਇਹ ਹਲਕਾ ਜੀਤ ਸਿੰਘ ਦੇ ਪਟਵਾਰ ਸਰਕਲ ਅੰਦਰ ਆਉਂਦਾ ਸੀ।
ਲੈਂਡ ਮਾਫੀਆ ਦੇ ਕਬਜ਼ੇ 'ਚੋਂ ਆਜ਼ਾਦ ਕਰਵਾ ਕੇ ਜ਼ਮੀਨ ਨੂੰ ਸ਼ਹਿਰ ਦੀ ਭਲਾਈ ਲਈ ਕੀਤਾ ਜਾਵੇ ਪ੍ਰਯੋਗ
ਆਮ ਜਨਤਾ 'ਚ ਚਰਚਾ ਹੈ ਕਿ ਜੇ ਸਰਕਾਰੀ ਪ੍ਰਾਪਰਟੀ ਹੀ ਸੇਫ ਨਹੀਂ ਹੈ ਤਾਂ ਆਮ ਜਨਤਾ ਦੀ ਪ੍ਰਾਪਰਟੀ ਕਿਸ ਤਰ੍ਹਾਂ ਇਸ ਲੈਂਡ ਮਾਫੀਆ ਤੋਂ ਸੇਫ ਰਹਿ ਸਕਦੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਪ੍ਰਾਪਰਟੀ ਨੂੰ ਇਨ੍ਹਾਂ ਲੈਂਡ ਮਾਫੀਆ ਦੇ ਕਬਜ਼ੇ 'ਚੋਂ ਆਜ਼ਾਦ ਕਰਵਾ ਕੇ ਇਸ ਪ੍ਰਾਪਰਟੀ ਦੀ ਚਾਰਦੀਵਾਰੀ ਕਰਵਾ ਕੇ ਰੱਖੇ ਜਾਂ ਫਿਰ ਸ਼ਹਿਰ ਦੀ ਭਲਾਈ ਲਈ ਵਰਤੋਂ ਕਰੇ ਅਤੇ ਉਨ੍ਹਾਂ ਕਰਮਚਾਰੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ। ਜਨਤਾ ਦਾ ਮਤ ਹੈ ਕਿ ਜੋ ਪਟਵਾਰੀਆਂ ਦੇ ਨਿੱਜੀ ਸਹਾਇਕ ਵਜੋਂ ਕੰਮ ਕਰਦੇ ਹਨ ਅਤੇ ਇਹ ਨਿੱਜੀ ਸਹਾਇਕ ਇਨ੍ਹਾਂ ਲੈਂਡ ਮਾਫੀਆ ਦੀ ਰੀੜ੍ਹ ਦੀ ਹੱਡੀ ਬਣ ਕੇ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਸਿਰੇ ਚਾੜ੍ਹਣ 'ਚ ਅਹਿਮ ਭੂਮਿਕਾ ਅਦਾ ਕਰਦੇ ਹਨ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੰਨੇ ਤਾਂ ਮੁੱਖ ਮੰਤਰੀ ਦੇ ਓ. ਐੱਸ. ਡੀ. ਨਹੀਂ ਹੋਣਗੇ, ਜਿੰਨੇ ਮੋਗਾ ਮਹਿਲਾ ਸਿੰਘ ਦੇ ਪਟਵਾਰ ਖਾਨੇ ਅੰਦਰ ਨਿੱਜੀ ਸਹਾਇਕ ਬੈਠਦੇ ਹਨ।