ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ 7 ਮਹੀਨੇ ਉਪਰੰਤ ਮੁੜ ਚਾਲੂ

Monday, Oct 12, 2020 - 02:24 PM (IST)

ਮੋਹਾਲੀ (ਪਰਦੀਪ) : ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮਹਿਕਮਾ ਪੰਜਾਬ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਆਈ. ਏ. ਐਸ. ਦੇ ਨਿਰਦੇਸ਼ਾਂ ਤਹਿਤ ਪਿਛਲੇ 7 ਮਹੀਨਿਆਂ ਤੋਂ ਬੰਦ ਪਈਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ 21 ਸਤੰਬਰ ਤੋਂ ਮੁੜ ਖੋਲ੍ਹ ਦਿੱਤਾ ਗਿਆ ਹੈ ਤਾਂ ਜੋ ਟ੍ਰੇਨਿੰਗ ਪ੍ਰਾਪਤ ਕਰ ਰਹੇ ਸਿੱਖਿਆਰਥੀਆਂ ਦਾ ਸਿਲੇਬਸ ਪੂਰਾ ਕਰਨ ਉਪਰੰਤ ਉਨ੍ਹਾਂ ਨੂੰ ਫਾਈਨਲ ਟਰੇਡ ਟੈਸਟ ਲਈ ਤਿਆਰ ਕੀਤਾ ਜਾ ਸਕੇ।

ਇਹ ਪ੍ਰਗਟਾਵਾ ਸਰਕਾਰੀ ਆਈ. ਟੀ. ਆਈ (ਲੜਕੀਆਂ) ਮੋਹਾਲੀ ਦੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਲੰਮੇ ਸਮੇਂ ਉਪਰੰਤ ਖੋਲ੍ਹੀ ਗਈ ਸੰਸਥਾ ਦੀ ਇਮਾਰਤ ਨੂੰ ਅੰਦਰ ਅਤੇ ਬਾਹਰ ਤੋਂ ਮੁਕੰਮਲ ਤੌਰ 'ਤੇ ਰੋਗਾਣੂ ਮੁਕਤ ਕੀਤਾ ਗਿਆ ਅਤੇ ਸੰਸਥਾ ਦੇ ਸਮੂਹ ਸਟਾਫ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਸੰਸਥਾ 'ਚ ਆਉਣ ਵਾਲੇ ਹਰੇਕ ਸਿੱਖਿਆਰਥੀ ਦਾ ਤਾਪਮਾਨ ਚੈੱਕ ਕਰਨ, ਮਾਸਕ ਪਹਿਨਾਉਣ ਅਤੇ ਹੱਥ ਸੈਨੀਟਾਈਜ਼ ਕਰਨ ਉਪਰੰਤ ਹੀ ਦਾਖ਼ਲ ਹੋਣ ਦੀ ਇਜਾਜ਼ਤ ਦੇਣ।

ਮਹਿਕਮੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮਾਜਿਕ ਦੂਰੀ ਕਾਇਮ ਰੱਖਦਿਆਂ ਇੱਕ ਘੰਟੇ ਦੀ ਕਲਾਸ ਉਪਰੰਤ ਬੱਚਿਆਂ ਨੂੰ 10 ਮਿੰਟ ਦੀ ਬਰੇਕ ਦਿੱਤੀ ਜਾਵੇ ਅਤੇ ਹਰ ਇੱਕ ਘੰਟੇ ਬਾਅਦ ਉਨ੍ਹਾਂ ਨੂੰ ਸਾਬਣ ਅਤੇ ਪਾਣੀ ਨਾਲ ਹੱਥ ਧੋਣ ਲਈ ਪ੍ਰੇਰਿਤ ਕੀਤਾ ਜਾਵੇ। ਕਿਸੇ ਵੀ ਸਿੱਖਿਆਰਥੀ ਨੂੰ ਮਾੜੀ-ਮੋਟੀ ਦਿੱਕਤ ਆਉਣ 'ਤੇ ਸਾਂਭ ਸੰਭਾਲ ਲਈ ਸੰਸਥਾ 'ਚ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। 


Babita

Content Editor

Related News