'ਸਰਕਾਰੀ ਘਰ' ਛੱਡਣ ਦੇ ਮੂਡ 'ਚ ਨਹੀਂ ਪੰਜਾਬ ਦੇ ਸਾਬਕਾ ਮੰਤਰੀ ਤੇ ਵਿਧਾਇਕ
Wednesday, May 11, 2022 - 11:46 AM (IST)
ਚੰਡੀਗੜ੍ਹ : ਪੰਜਾਬ ਦੇ ਸਾਬਕਾ ਵਿਧਾਇਕ ਅਤੇ ਮੰਤਰੀ ਸਰਕਾਰੀ ਘਰਾਂ ਨੂੰ ਛੱਡਣ ਦੇ ਮੂਡ 'ਚ ਨਹੀਂ ਹਨ। ਇਸੇ ਲਈ ਤਾਂ ਸਰਕਾਰ ਵੱਲੋਂ ਨੋਟਿਸ ਮਿਲਣ ਦੇ ਬਾਵਜੂਦ ਵੀ ਬਹੁਤੇ ਵਿਧਾਇਕ ਅਤੇ ਮੰਤਰੀ ਸਰਕਾਰੀ ਕੋਠੀਆਂ ਖ਼ਾਲੀ ਨਹੀਂ ਕਰ ਰਹੇ ਹਨ। ਇਸ ਦੇ ਉਲਟ ਚੋਣਾਂ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਇਧਰ-ਉਧਰ ਫਿਰ ਰਹੇ ਹਨ ਅਤੇ ਕਈਆਂ ਨੂੰ ਅਜੇ ਸਰਕਾਰੀ ਫਲੈਟਾਂ 'ਚ ਪੈਰ ਪਾਉਣ ਦਾ ਮੌਕਾ ਹੀ ਨਹੀਂ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਹਫ਼ਤੇ 9 ਸਾਬਕਾ ਵਿਧਾਇਕਾਂ ਨੇ ਸਰਕਾਰੀ ਫਲੈਟ ਖ਼ਾਲੀ ਕੀਤੇ ਸਨ। ਇਸ ਦੌਰਾਨ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਤੋਂ ਵੀ ਸਰਕਾਰੀ ਕੋਠੀ ਖ਼ਾਲੀ ਕਰਵਾਈ ਗਈ ਸੀ।
ਇਹ ਵੀ ਪੜ੍ਹੋ : CM ਮਾਨ ਦੀ ਲੀਡਰਾਂ ਤੇ ਅਫ਼ਸਰਾਂ ਨੂੰ ਸਿੱਧੀ ਚਿਤਾਵਨੀ, ਦਿੱਤਾ 31 ਮਈ ਤੱਕ ਦਾ ਸਮਾਂ ਨਹੀਂ ਤਾਂ...
ਇਸ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਕਹਿਣਾ ਹੈ ਕਿ ਜਿਨ੍ਹਾਂ ਸਾਬਕਾ ਵਿਧਾਇਕਾਂ ਦਾ ਸਰਕਾਰੀ ਫਲੈਟਾਂ 'ਤੇ ਹੁਣ ਤੱਕ ਕੋਈ ਹੱਕ ਨਹੀਂ ਰਿਹਾ ਹੈ, ਉਨ੍ਹਾਂ ਦੀ ਖ਼ੁਦ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਫਲੈਟ ਖ਼ਾਲੀ ਕਰ ਦੇਣ। ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਜ਼ਿੰਮੇਵਾਰ ਹਸਤੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦੀ ਫਲੈਟ ਖ਼ਾਲੀ ਕਰ ਦੇਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਬਠਿੰਡਾ 'ਚ ਗਰਮੀ ਦਾ ਸਭ ਤੋਂ ਵੱਧ ਕਹਿਰ, 43.4 ਡਿਗਰੀ ਸੈਲਸੀਅਸ 'ਤੇ ਪੁੱਜਾ ਪਾਰਾ
ਸੂਤਰਾਂ ਮੁਤਾਬਕ ਸਾਬਕਾ ਮੰਤਰੀ ਸੁਖਬਿੰਦਰ ਸਿੰਘ ਸਰਕਾਰੀ ਨੂੰ ਵੀ ਸਰਕਾਰੀ ਕੋਠੀ ਖ਼ਾਲੀ ਕਰਨ ਲਈ ਕਿਹਾ ਗਿਆ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ ਹੈ। ਇਸ ਤਰ੍ਹਾਂ ਡੇਢ ਦਰਜਨ ਸਾਬਕਾ ਵਿਧਾਇਕ ਸਰਕਾਰੀ ਫਲੈਟ ਨਹੀਂ ਛੱਡ ਰਹੇ ਹਨ। ਸਰਕਾਰ ਵੱਲੋਂ ਪਿਛਲੇ ਦਿਨੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਵੀ ਸਰਕਾਰੀ ਕੋਠੀ ਖ਼ਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ