ਲੱਖ ਦਾਅਵਿਆਂ ਦੇ ਬਾਵਜੂਦ ਸਰਕਾਰੀ ਹਸਪਤਾਲ ਅਬੋਹਰ ਸਾਬਤ ਹੋ ਰਿਹਾ ਚਿੱਟਾ ਹਾਥੀ, ਨਹੀਂ ਹੋਇਆ ਕੋਈ ਵੀ ਆਪ੍ਰੇਸ਼ਨ
Saturday, Jun 25, 2022 - 02:27 AM (IST)
ਅਬੋਹਰ (ਰਹੇਜਾ, ਸੁਨੀਲ) : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਥੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਉਥੇ ਹੀ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਬੇਹੋਸ਼ ਕਰਨ ਵਾਲੇ ਡਾਕਟਰ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਪਿਛਲੇ ਢਾਈ ਸਾਲਾਂ ਤੋਂ ਡਾਕਟਰ ਦੀ ਲਾਪ੍ਰਵਾਹੀ ਕਾਰਨ ਐਨਸਥੀਸੀਆ ਮਸ਼ੀਨ ਦਾ ਇਕ ਪੁਰਜ਼ਾ ਵੀ ਨਹੀਂ ਬਦਲਿਆ ਜਾ ਸਕਿਆ, ਜਿਸ ਕਾਰਨ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਪਿਛਲੇ ਢਾਈ ਸਾਲਾਂ ਤੋਂ ਆਪ੍ਰੇਸ਼ਨ ਨਹੀਂ ਹੋ ਸਕਿਆ ਤੇ ਅੱਜ ਵੀ ਇਕ ਬੱਚਾ ਇਸ ਕਾਰਨ ਵਾਪਸ ਮੁੜਨ ਲਈ ਮਜਬੂਰ ਹੋਇਆ। ਬੱਚੇ ਦੇ ਪਰਿਵਾਰ ਵਾਲਿਆਂ ਨੇ 104 ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਤੇ ਸਿਵਲ ਹਸਪਤਾਲ ਦੇ ਮੁੱਖ ਗੇਟ ’ਤੇ ਰੋਸ ਪ੍ਰਗਟ ਕੀਤਾ ਪਰ ਇਸ ਦੇ ਬਾਵਜੂਦ ਨਾ ਤਾਂ ਸਿਵਲ ਹਸਪਤਾਲ ਦੇ ਡਾਕਟਰ, ਨਾ ਹੀ ਐੱਸ. ਐੱਮ. ਓ. ਤੇ ਨਾ ਹੀ ਸਿਵਲ ਸਰਜਨ ਨੇ ਇਸ ਦਾ ਕੋਈ ਹੱਲ ਦੱਸਿਆ, ਜਿਸ ਕਾਰਨ ਪੀੜਤ ਪਰਿਵਾਰ 30 ਹਜ਼ਾਰ ਰੁਪਏ ਲਾ ਕੇ ਨਿੱਜੀ ਹਸਪਤਾਲ ਤੋਂ ਬੱਚੇ ਦਾ ਆਪ੍ਰੇਸ਼ਨ ਕਰਵਾਉਣ ਲਈ ਮਜਬੂਰ ਹੋ ਗਿਆ।
ਖ਼ਬਰ ਇਹ ਵੀ : ਪੁਲਸ ਮੁਲਾਜ਼ਮਾਂ ’ਤੇ ਫਾਇਰਿੰਗ, ਉਥੇ ਮੂਸੇਵਾਲਾ ਕਤਲ ਮਾਮਲੇ ’ਚ ਗਾਇਕ ਮਨਕੀਰਤ ਨੂੰ ਮਿਲੀ ਕਲੀਨ ਚਿੱਟ, ਪੜ੍ਹੋ TOP 10
ਇੰਦਰਾ ਨਗਰੀ ਗਲੀ ਨੰਬਰ 4 ਦੀ ਰਹਿਣ ਵਾਲੀ ਸਪਨਾ ਰਾਣੀ ਦੇ 7 ਸਾਲਾ ਲੜਕੇ ਹਰਜੋਤ ਸਿੰਘ ਦੀ 7 ਦਿਨ ਪਹਿਲਾਂ ਖੇਡਦੇ ਸਮੇਂ ਲੱਤ ਟੁੱਟ ਗਈ ਸੀ। ਡਾ. ਸਨਮਨ ਮਾਝੀ ਨੂੰ ਦਿਖਾਉਣ ’ਤੇ ਉਨ੍ਹਾਂ ਉਸ ਨੂੰ ਆਪ੍ਰੇਸ਼ਨ ਕਰਨ ਦੀ ਗੱਲ ਕਹਿ ਕੇ ਦਾਖਲ ਕਰਵਾਇਆ ਪਰ ਪਿਛਲੇ ਹਫਤੇ ਉਸ ਦਾ ਆਪ੍ਰੇਸ਼ਨ ਨਹੀਂ ਹੋ ਸਕਿਆ ਕਿਉਂਕਿ ਡਾ. ਪੁਨੀਤ ਲੂਨਾ ਛੁੱਟੀ ’ਤੇ ਸਨ। ਜਦੋਂ ਉਹ ਛੁੱਟੀ ਤੋਂ ਵਾਪਸ ਆਏ ਤਾਂ ਉਸ ਮਾਸੂਮ ਬੱਚੇ ਨੂੰ 2 ਦਿਨ ਸਵੇਰ ਤੋਂ ਦੁਪਹਿਰ ਤੱਕ ਭੁੱਖਾ ਰੱਖਿਆ ਗਿਆ ਕਿਉਂਕਿ ਉਸ ਦਾ ਆਪ੍ਰੇਸ਼ਨ ਹੋਣਾ ਸੀ ਪਰ ਅੱਜ ਜਦੋਂ ਆਪ੍ਰੇਸ਼ਨ ਕਰਨ ਦੀ ਤਿਆਰੀ ਕੀਤੀ ਗਈ ਤਾਂ ਇਸ ਆਪ੍ਰੇਸ਼ਨ ਲਈ ਬੇਹੋਸ਼ੀ ਵਾਲੇ ਡਾਕਟਰ ਨੇ ਟੀਕਾ ਲਗਾਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਐਨਸਥੀਸੀਆ ਦੇਣ ਵਾਲੀ ਮਸ਼ੀਨ ਖਰਾਬ ਪਈ ਸੀ। ਇਸ ਲਈ ਬੱਚੇ ਦੇ ਪਰਿਵਾਰ ਨੂੰ ਫਰੀਦਕੋਟ ਲਿਜਾਣ ਬਾਰੇ ਕਹਿ ਦਿੱਤਾ ਗਿਆ। ਇਸ ਸਬੰਧੀ ਜਦੋਂ ਰਿਸ਼ਤੇਦਾਰਾਂ ਨੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਬੇਹੋਸ਼ੀ ਵਾਲੇ ਡਾਕਟਰ ਦੀ ਲਾਪ੍ਰਵਾਹੀ ਸਾਹਮਣੇ ਆਈ ਤੇ ਪਤਾ ਲੱਗਾ ਕਿ ਇਹ ਮਸ਼ੀਨ ਅੱਜ ਦੀ ਨਹੀਂ ਸਗੋਂ ਪਿਛਲੇ ਢਾਈ ਸਾਲਾਂ ਦੀ ਬੰਦ ਪਈ ਹੈ।
ਇਹ ਵੀ ਪੜ੍ਹੋ : AAP ਦਾ ਪਹਿਲਾ ਬਜਟ: ਆਬਕਾਰੀ ਨੀਤੀ ਤੇ ਲੋਕ ਲੁਭਾਊ ਗਾਰੰਟੀਆਂ ਲਾਗੂ ਕਰਨਾ ਸਰਕਾਰ ਲਈ ਚੁਣੌਤੀ
ਦੂਜੇ ਪਾਸੇ ਬੱਚੇ ਦੇ ਮਾਤਾ-ਪਿਤਾ ਦਿਹਾੜੀਦਾਰ ਹਨ। ਮਾਂ ਸਪਨਾ ਨੇ ਆਪਣੇ ਰਿਸ਼ਤੇਦਾਰ ਨੂੰ ਬੁਲਾਇਆ। ਉਨ੍ਹਾਂ ਡਾਕਟਰਾਂ ਤੋਂ ਬੱਚੇ ਦਾ ਆਪ੍ਰੇਸ਼ਨ ਇਥੇ ਹੀ ਕਰਵਾਉਣ ਦੀ ਮੰਗ ਕੀਤੀ ਕਿਉਂਕਿ ਉਨ੍ਹਾਂ ਕੋਲ ਬਾਹਰ ਜਾਣ ਲਈ ਪੈਸੇ ਨਹੀਂ ਹਨ ਪਰ ਬੇਹੋਸ਼ੀ ਦਾ ਟੀਕਾ ਲਗਵਾਉਣ ਵਾਲੇ ਡਾਕਟਰ ਨੇ ਕਿਸੇ ਦੀ ਗੱਲ ਨਹੀਂ ਸੁਣੀ ਤੇ ਉਹ ਆਪਣੀ ਗੱਲ ’ਤੇ ਅੜਿਆ ਰਿਹਾ ਕਿ ਉਹ ਇੱਥੇ ਬੱਚੇ ਦਾ ਆਪ੍ਰੇਸ਼ਨ ਕਰਨ ਦਾ ਜੋਖਮ ਨਹੀਂ ਲੈ ਸਕਦਾ। ਹਾਲਾਂਕਿ ਬਾਅਦ ’ਚ ਪਰਿਵਾਰ ਨੇ ਵੀ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਬੇਹੋਸ਼ੀ ਦਾ ਟੀਕਾ ਲਗਾਉਣ ਲਈ ਕਿਸੇ ਪ੍ਰਾਈਵੇਟ ਡਾਕਟਰ ਨੂੰ ਬੁਲਾਇਆ ਜਾਵੇ, ਜਿਸ ਦੀ ਉਹ ਫੀਸ ਦੇਣਗੇ ਪਰ ਉਹ ਇਸ ਗੱਲ ਲਈ ਵੀ ਰਾਜ਼ੀ ਨਹੀਂ ਹੋਏ।
ਇਹ ਵੀ ਪੜ੍ਹੋ : ਕਿਸਾਨ ਮੋਰਚਾ ਖ਼ਤਮ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਹੋਈ 3000 ਕਰੋੜ ਦੀ ਡੀਲ : ਡੱਲੇਵਾਲਾ
ਕੀ ਕਹਿੰਦੇ ਨੇ ਡਾ. ਸਨਮਨ ਮਾਝੀ
ਇਸ ਸਬੰਧੀ ਜਦੋਂ ਡਾ. ਸਨਮਨ ਮਾਝੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਚੇ ਦੀ ਲੱਤ ਦਾ ਆਪ੍ਰੇਸ਼ਨ ਹੋਣਾ ਹੈ, ਜਿਸ ਲਈ ਬੇਹੋਸ਼ ਕਰਨ ਦੀ ਲੋੜ ਹੈ। ਡਾ. ਲੂਨਾ ਜੋ ਪਹਿਲਾਂ ਐਨਸਥੀਸੀਆ ਕਰਾ ਚੁੱਕੇ ਸਨ, ਛੁੱਟੀ ’ਤੇ ਸਨ, ਜਿਸ ਕਾਰਨ ਆਪ੍ਰੇਸ਼ਨ ਨਹੀਂ ਹੋ ਸਕਿਆ, ਜਦਕਿ ਹੁਣ ਉਨ੍ਹਾਂ ਇਨਕਾਰ ਕਰ ਦਿੱਤਾ। ਜਦੋਂ ਇਸ ਸਬੰਧੀ ਐਨਸਥੀਸੀਆ ਦਾ ਟੀਕਾ ਲਗਾਉਣ ਵਾਲੇ ਡਾਕਟਰ ਲੂਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਦੋਸ਼ ਲਾ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਢਾਈ ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਉਦੋਂ ਤੋਂ ਇਹ ਮਸ਼ੀਨ ਬੰਦ ਪਈ ਹੈ। ਡਾ. ਲੂਨਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਹਸਪਤਾਲ ਦੇ ਪ੍ਰਬੰਧਨ ਨੂੰ ਕਈ ਵਾਰ ਬੇਨਤੀ ਕੀਤੀ ਪਰ ਅੱਜ ਤੱਕ ਗੱਲ ਨਹੀਂ ਸੁਣੀ, ਜਿਸ ਕਾਰਨ ਮਸ਼ੀਨ ਦੀ ਮੁਰੰਮਤ ਨਹੀਂ ਹੋ ਸਕੀ।
ਇਹ ਵੀ ਪੜ੍ਹੋ : AAP ਦਾ ਪਹਿਲਾ ਬਜਟ: ਆਬਕਾਰੀ ਨੀਤੀ ਤੇ ਲੋਕ ਲੁਭਾਊ ਗਾਰੰਟੀਆਂ ਲਾਗੂ ਕਰਨਾ ਸਰਕਾਰ ਲਈ ਚੁਣੌਤੀ
ਕੀ ਕਹਿਣਾ ਹੈ ਐੱਸ. ਐੱਮ. ਓ. ਡਾ. ਨੀਰਜਾ ਗੁਪਤਾ ਦਾ
ਇਸ ਸਬੰਧੀ ਐੱਸ. ਐੱਮ. ਓ. ਡਾ. ਨੀਰਜਾ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਡਾ. ਲੂਨਾ ਨੂੰ ਵੀ ਕਹਿ ਚੁੱਕੇ ਹਨ ਪਰ ਉਨ੍ਹਾਂ ਨੇ ਮਸ਼ੀਨ ਤੋਂ ਬਿਨਾਂ ਬੱਚੇ ਨੂੰ ਬੇਹੋਸ਼ ਕਰਨ ਦਾ ਖਤਰਾ ਮੁੱਲ ਲੈਣ ਤੋਂ ਇਨਕਾਰ ਕਰ ਦਿੱਤਾ। ਜੇਕਰ ਬੱਚੇ ਦੇ ਪਰਿਵਾਰਕ ਮੈਂਬਰ ਡਾ. ਲੂਨਾ ਖਿਲਾਫ਼ ਕੋਈ ਲਿਖਤੀ ਸ਼ਿਕਾਇਤ ਦਿੰਦੇ ਹਨ ਤਾਂ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ