ਮੋਗਾ ਦੇ ਸਰਕਾਰੀ ਹਸਪਤਾਲ ਵਿਚ ਮਹਿਲਾ ਡਾਕਟਰ ਨਾਲ ਬਦਸਲੂਕੀ, ਵੀਡੀਓ ਬਣਾਉਣ ਦੀ ਦਿੱਤੀ ਧਮਕੀ
Wednesday, Jul 17, 2024 - 12:05 PM (IST)
ਮੋਗਾ (ਕਸ਼ਿਸ਼) : ਮੋਗਾ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿਚ ਡਿਊਟੀ ’ਤੇ ਤਾਇਨਾਤ ਮਹਿਲਾ ਐੱਮ. ਡੀ. ਡਾਕਟਰ ਆਕਾਂਸ਼ਾ ਸ਼ਰਮਾ ਨਾਲ ਮਰੀਜ਼ ਨਾਲ ਆਏ ਕੁਝ ਵਿਅਕਤੀਆਂ ਵੱਲੋਂ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਰੀਜ਼ ਨਾਲ ਆਏ ਕੁਝ ਲੋਕਾਂ ਨੇ ਮਹਿਲਾ ਡਾਕਟਰ ਨੂੰ ਵੀਡੀਓ ਬਣਾ ਕੇ ਫੇਸਬੁੱਕ 'ਤੇ ਪੋਸਟ ਕਰਨ ਦੀ ਧਮਕੀ ਵੀ ਦਿੱਤੀ ਅਤੇ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਇਸ ਮੌਕੇ ਜਦੋਂ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਸ ਨੂੰ ਦੇਖ ਕੇ ਉਕਤ ਲੋਕ ਉਥੋਂ ਭੱਜ ਗਏ। ਇਸ ਮਾਮਲੇ ਨੂੰ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਦੇ ਸਮੂਹ ਡਾਕਟਰ ਸ਼ਿਕਾਇਤ ਲੈ ਕੇ ਐੱਸ.ਐੱਮ.ਓ. ਕੋਲ ਪਹੁੰਚੇ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।
ਮਾਮਲੇ ਸਬੰਧੀ ਡਾਕਟਰ ਅਕਾਂਕਸ਼ਾ ਨੇ ਦੱਸਿਆ ਕਿ ਹਸਪਤਾਲ ਵਿਚ ਤਿੰਨ ਲੜਾਕੂ ਮਰੀਜ਼ ਦਾਖ਼ਲ ਸਨ ਅਤੇ ਉਨ੍ਹਾਂ ਦੀ ਐੱਮ. ਐੱਲ. ਆਰ. ਬਣਵਾਈ ਜਾ ਰਹੀ ਸੀ ਅਤੇ ਜਦੋਂ ਉਨ੍ਹਾਂ ਕੋਲੋਂ ਫੀਸ ਮੰਗੀ ਗਈ ਤਾਂ ਉਨ੍ਹਾਂ ਨੇ ਹੰਗਾਮਾ ਕੀਤਾ ਅਤੇ ਮੈਨੂੰ ਧਮਕੀ ਵੀ ਦਿੱਤੀ ਕਿ ਉਹ ਮੇਰੀ ਵੀਡੀਓ ਬਣਾ ਕੇ ਫੇਸਬੁੱਕ 'ਤੇ ਅਪਲੋਡ ਕਰ ਦੇਣਗੇ। ਉਨ੍ਹਾਂ ਕਿਹਾ ਕਿ ਐਮਰਜੈਂਸੀ 'ਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਇੱਥੇ ਸੁਰੱਖਿਆ ਲਈ ਪੱਤਰ ਲਿਖਿਆ ਜਾ ਚੁੱਕਾ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਰਾਤ ਨੂੰ ਲੋਕ ਸ਼ਰਾਬ ਪੀ ਕੇ ਹੰਗਾਮਾ ਕਰਦੇ ਹਨ, ਮਹਿਲਾ ਸਟਾਫ ਦੀ ਕੋਈ ਸੁਰੱਖਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਮੁਲਜ਼ਮਾਂ ਖ਼ਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਥਾਣਾ ਮੁਖੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਮਿਲੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।