ਪੇਂਡੂ ਖੇਤਰਾਂ ਦੇ ਕਈ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਵੈਕਸੀਨ ਮੁੱਕੀ

Monday, May 10, 2021 - 01:29 PM (IST)

ਪੇਂਡੂ ਖੇਤਰਾਂ ਦੇ ਕਈ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਵੈਕਸੀਨ ਮੁੱਕੀ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਇਕ ਪਾਸੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਮਹਾਮਾਰੀ ਨੂੰ ਮੁੱਖ ਰੱਖਦਿਆਂ 18 ਸਾਲ ਤੋਂ ਵੱਧ ਉਮਰ ਵਾਲਾ ਹਰੇਕ ਵਿਅਕਤੀ ਕੋਰੋਨਾ ਵੈਕਸੀਨ ਜ਼ਰੂਰ ਲਗਵਾਏ ਪਰ ਦੂਜੇ ਪਾਸੇ ਪੇਂਡੂ ਖੇਤਰਾਂ ਦੇ ਕਈ ਸਰਕਾਰੀ ਹਸਪਤਾਲਾਂ ਵਿਚ ਕਰੋਨਾ ਵੈਕਸੀਨ ਪਿਛਲੇ ਕੁਝ ਦਿਨਾਂ ਤੋਂ ਬਹੁਤ ਘੱਟ ਆ ਰਹੀ ਹੈ ਤੇ ਕਈ ਪਿੰਡਾਂ ਦੀਆਂ ਸਰਕਾਰੀ ਸਿਹਤ ਡਿਸਪੈਂਸਰੀਆਂ ਵਿਚ ਕੋਰੋਨਾ ਵਾਲੇ ਟੀਕੇ ਮੁੱਕੇ ਪਏ ਹਨ । ਲੋਕ ਹਸਪਤਾਲ ਜਾ ਕੇ ਪੁੱਛਦੇ ਹਨ ਕਿ ਅਸੀਂ ਟੀਕਾ ਲਗਵਾਉਣਾ ਹੈ ਪਰ ਸਿਹਤ ਵਿਭਾਗ ਦੇ ਮੁਲਾਜ਼ਮ ਇਹ ਕਹਿੰਦੇ ਹਨ ਕਿ ਬਸ ਟੀਕੇ ਆਉਣ ਹੀ ਵਾਲੇ ਹਨ ਜਦੋਂ ਆ ਗਏ ਤਾਂ ਤੁਹਾਨੂੰ ਦੱਸ ਦੇਵਾਂਗੇ ।

ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵੈਕਸੀਨ ਪਿੱਛੋਂ ਘੱਟ ਆ ਰਹੀ ਹੈ । ਇਸ ਕਰਕੇ ਜਦੋਂ ਸਪਲਾਈ ਆਉਂਦੀ ਹੈ ਤਾਂ ਪਹਿਲਾਂ ਉਥੇ ਭੇਜ ਦਿੱਤੀ ਜਾਂਦੀ ਹੈ, ਜਿਥੇ ਕੈਂਪ ਲਗਾਏ ਜਾਂਦੇ ਹਨ । ਕੁਝ ਦਿਨਾਂ ਤੱਕ ਸਪਲਾਈ ਠੀਕ ਹੋ ਜਾਵੇਗੀ । ਇਸ ਖ਼ੇਤਰ ਦੇ ਸਮਾਜ ਸੇਵਕ ਡਾਕਟਰ ਦਰਸ਼ਨ ਸਿੰਘ ਭਾਗਸਰ, ਧਨਵੰਤ ਸਿੰਘ ਬਰਾੜ ਲੱਖੇਵਾਲੀ, ਤਰਸੇਮ ਸਿੰਘ ਖੁੰਡੇ ਹਲਾਲ,  ਕਾਕਾ ਸਿੰਘ ਖੁੰਡੇ ਹਲਾਲ, ਸੁਖਦੇਵ ਸਿੰਘ ਲੱਖੇਵਾਲੀ ਤੇ ਸੁਖਪਾਲ ਸਿੰਘ ਗਿੱਲ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੇਂਡੂ ਖੇਤਰਾਂ ਦੇ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਵੈਕਸੀਨ ਲੋੜ ਅਨੁਸਾਰ ਮੁਹੱਈਆ ਕਰਵਾਈ ਜਾਵੇ।


author

Gurminder Singh

Content Editor

Related News