ਸਰਕਾਰ ਨੇ ਚੋਣ ਮੈਨੀਫੈਸਟੋ ਦਾ ਕੋਈ ਵਾਅਦਾ ਪੂਰਾ ਨਹੀਂ ਕੀਤਾ : ਸੁਖਪਾਲ ਖਹਿਰਾ

Sunday, Sep 17, 2017 - 04:40 AM (IST)

ਸਰਕਾਰ ਨੇ ਚੋਣ ਮੈਨੀਫੈਸਟੋ ਦਾ ਕੋਈ ਵਾਅਦਾ ਪੂਰਾ ਨਹੀਂ ਕੀਤਾ : ਸੁਖਪਾਲ ਖਹਿਰਾ

ਹੁਸ਼ਿਆਰਪੁਰ, (ਘੁੰਮਣ)- ਕਾਂਗਰਸ ਦੀ ਸਰਕਾਰ ਨੂੰ ਸੱਤਾ 'ਚ ਆਇਆਂ 6 ਮਹੀਨੇ ਹੋ ਚੁੱਕੇ ਹਨ ਅਤੇ ਕਾਂਗਰਸ ਦੇ ਮੁੱਖ ਮੰਤਰੀ ਪੰਜਾਬ ਵੱਲ ਕੋਈ ਧਿਆਨ ਨਹੀਂ ਦੇ ਰਹੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਦੋਆਬਾ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ, ਜਨਰਲ ਸਕੱਤਰ ਪੰਜਾਬ ਡਾ. ਰਵਜੋਤ ਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ। 
ਸ. ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣ ਮੈਨੀਫੈਸਟੋ ਦਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਭਾਵੇਂ ਉਹ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਸੀ ਜਾਂ ਫਿਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ। 6 ਮਹੀਨਿਆਂ ਦੇ ਸਮੇਂ ਦੌਰਾਨ ਕਿਸਾਨਾਂ ਦੀ ਕੋਈ ਮਦਦ ਨਹੀਂ ਹੋਈ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੀ ਸਹਾਇਤਾ ਨਾ ਹੋਣ ਕਾਰਨ ਇਨ੍ਹਾਂ 6 ਮਹੀਨਿਆਂ ਦੌਰਾਨ 250 ਕਿਸਾਨਾਂ ਨੇ ਆਤਮ-ਹੱਤਿਆਵਾਂ ਕੀਤੀਆਂ ਹਨ। ਸਰਕਾਰ ਵੱਲੋਂ ਹੁਣ ਕਿਸਾਨਾਂ ਨੂੰ ਵੀ ਝੂਠੇ ਵਾਅਦੇ ਕਰ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਸਰਕਾਰ ਪ੍ਰਾਈਵੇਟ ਸੰਸਥਾਵਾਂ ਦੇ ਜਾਬ ਮੇਲੇ ਲਵਾ ਕੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਰਹੀ ਹੈ। ਪੰਜਾਬ ਅੰਦਰ ਸਰਕਾਰੀ ਸੰਸਥਾਵਾਂ 'ਚ ਅੱਧੇ ਨਾਲੋਂ ਜ਼ਿਆਦਾ ਅਹੁਦੇ ਖਾਲੀ ਪਏ ਹਨ, ਪਹਿਲਾਂ ਸਰਕਾਰ ਉਨ੍ਹਾਂ ਨੂੰ ਭਰੇ। 
ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਖਿਲਾਫ਼ ਅਗਲੇ ਕੁਝ ਮਹੀਨਿਆਂ ਦੌਰਾਨ ਕਾਂਗਰਸ ਦੇ ਵੱਡੀ ਗਿਣਤੀ ਵਿਧਾਇਕ ਵੀ ਬਗਾਵਤ ਕਰ ਸਕਦੇ ਹਨ, ਕਿਉਂਕਿ ਉਨ੍ਹਾਂ ਦੀ ਕੈਪਟਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਕਾਂਗਰਸ ਸਰਕਾਰ ਦੇ ਮੰਤਰੀ ਰਾਣਾ ਗੁਰਜੀਤ ਸਿੰਘ 'ਤੇ ਰੇਤ ਦੀਆਂ ਖੱਡਾਂ ਲੈਣ ਦੇ ਦੋਸ਼ ਲੱਗੇ ਪਰ ਪਿਛਲੇ ਦਿਨੀਂ ਇਸ ਮਾਮਲੇ 'ਚ ਬਣੇ ਕਮਿਸ਼ਨ ਵੱਲੋਂ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਉਨ੍ਹਾਂ ਇਸ ਰਿਪੋਰਟ ਦੀ ਆਰ. ਟੀ. ਆਈ. ਤਹਿਤ ਕਾਪੀ ਮੰਗੀ ਸੀ ਜੋ ਅਜੇ ਤੱਕ ਨਹੀਂ ਮਿਲੀ। ਇਕ ਪਾਸੇ ਤਾਂ ਕਾਂਗਰਸ ਸਰਕਾਰ ਕਹਿ ਰਹੀ ਹੈ ਕਿ ਸੂਬੇ ਦਾ ਖਜ਼ਾਨਾ ਖਾਲੀ ਹੈ ਪਰ ਦੂਜੇ ਪਾਸੇ ਉਕਤ ਸਰਕਾਰ 'ਚ ਵੱਡੀ ਗਿਣਤੀ 'ਚ ਓ. ਐੱਸ. ਡੀ. ਤਾਇਨਾਤ ਕੀਤੇ ਗਏ ਹਨ। 
ਇਕ ਸਵਾਲ ਦੇ ਜਵਾਬ 'ਚ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਸਥਾਨਕ ਜਾਂ ਪੜ੍ਹੇ-ਲਿਖੇ ਈਮਾਨਦਾਰ ਵਿਅਕਤੀ ਨੂੰ ਹੀ 'ਆਪ' ਵੱਲੋਂ ਆਪਣਾ ਉਮੀਦਵਾਰ ਬਣਾਇਆ ਜਾਵੇਗਾ। ਉਮੀਦਵਾਰ ਸਬੰਧੀ ਫੈਸਲਾ ਪੰਜਾਬ ਦੀ ਟੀਮ ਹੀ ਲਵੇਗੀ, ਇਸ ਵਿਚ ਦਿੱਲੀ ਦੀ ਲੀਡਰਸ਼ਿਪ ਦਾ ਕੋਈ ਦਖ਼ਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ-ਭਾਜਪਾ ਵਾਲੇ ਫਰੈਂਡਲੀ ਮੈਚ ਖੇਡ ਰਹੇ ਹਨ ਅਤੇ ਇਕ-ਦੂਜੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੇ। 
ਇਸ ਮੌਕੇ ਸਿਟੀ ਪ੍ਰਧਾਨ ਮਦਨ ਲਾਲ ਸੂਦ, ਰੂਰਲ ਪ੍ਰਧਾਨ ਗੁਰਵਿੰਦਰ ਪਾਬਲਾ, ਗੁਰਵਿੰਦਰ ਸਿੰਘ, ਸੰਦੀਪ ਸੈਣੀ, ਪ੍ਰੋ. ਹਰਬੰਸ ਸਿੰਘ, ਜਸਵੀਰ ਪਰਮਾਰ, ਮਨੀਸ਼ ਠਾਕੁਰ, ਅਮਿਤ ਨਾਗੀ, ਪਵਨ ਸ਼ਰਮਾ, ਰਾਜੇਸ਼ ਸੈਣੀ, ਜਸਪਾਲ ਸੁਮਨ, ਅਜੈ ਵਰਮਾ, ਹਰਿਕ੍ਰਿਸ਼ਨ, ਗੁਰਮੇਲ ਸਿੰਘ, ਜਗਵਿੰਦਰ ਸਿੰਘ, ਰਮਨ ਕੁਮਾਰ ਚੱਬੇਵਾਲ, ਹਰਵਿੰਦਰ ਖ਼ਾਲਸਾ ਆਦਿ ਸਮੇਤ ਵੱਡੀ ਗਿਣਤੀ 'ਚ 'ਆਪ' ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।


Related News