ਹੁਣ ਆਨਲਾਈਨ ਲਿੰਕ ਰਾਹੀਂ ਸਰਕਾਰੀ ਐਂਬੂਲੈਂਸਾਂ ਨੂੰ ਕੀਤਾ ਜਾ ਸਕੇਗਾ ਟਰੈਕ : ਸੋਨੀ

Tuesday, Oct 05, 2021 - 08:34 PM (IST)

ਹੁਣ ਆਨਲਾਈਨ ਲਿੰਕ ਰਾਹੀਂ ਸਰਕਾਰੀ ਐਂਬੂਲੈਂਸਾਂ ਨੂੰ ਕੀਤਾ ਜਾ ਸਕੇਗਾ ਟਰੈਕ : ਸੋਨੀ

ਚੰਡੀਗੜ੍ਹ(ਸ਼ਰਮਾ)- ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਵਿਧਾਇਕ ਨੱਥੂ ਰਾਮ, ਸੁਰਜੀਤ ਸਿੰਘ ਧੀਮਾਨ, ਨਵਤੇਜ ਚੀਮਾ, ਸੁਖਪਾਲ ਭੁੱਲਰ, ਲਖਬੀਰ ਲੱਖਾ ਅਤੇ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਆਲੋਕ ਸ਼ੇਖਰ, ਮੈਨੇਜਿੰਗ ਡਾਇਰੈਕਟਰ ਪੀ.ਐੱਚ.ਐੱਸ. ਸੀ. ਅਮਿਤ ਕੁਮਾਰ ਆਈ.ਏ.ਐੱਸ. ਦੀ ਹਾਜਰੀ ਵਿਚ ਜਿਗਿਟਜਾ ਹੈਲਥਕੇਅਰ ਲਿਮਟਿਡ ਲਈ 30 ਨਵੀਆਂ ਈ.ਆਰ.ਐੱਸ.-108-ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਇਕ ਹੋਰ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਮਰੀਜ਼ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਹੋਰ ਆਨਲਾਈਨ ਸੇਵਾ ਪ੍ਰਦਾਤਾਵਾਂ ਦੀ ਤਰ੍ਹਾਂ ਆਨਲਾਈਨ ਲਿੰਕ ਰਾਹੀਂ ਇਨ੍ਹਾਂ ਐਂਬੂਲੈਂਸਾਂ ਦੀ ਆਵਾਜਾਈ ਨੂੰ ਆਸਾਨੀ ਨਾਲ ਟਰੈਕ ਕਰ ਸਕਦੇ ਹਨ।

ਇਹ ਵੀ ਪੜ੍ਹੋ- ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਪਹੁੰਚੇ ਪੰਜਾਬ ਦੇ CM ਚਰਨਜੀਤ ਸਿੰਘ ਚੰਨੀ
ਉਨ੍ਹਾਂ ਕਿਹਾ ਕਿ ਕਾਲ ਕਰਨ ਵਾਲੇ ਨੂੰ ਉਸ ਦੇ ਮੋਬਾਈਲ ਫੋਨ ’ਤੇ ਆਨਲਾਈਨ ਲਿੰਕ ਸਮੇਤ ਇਕ ਐੱਸ.ਐੱਮ.ਐੱਸ. ਮਿਲੇਗਾ, ਜਿਸ ਨਾਲ ਉਹ ਐਂਬੂਲੈਂਸ ਨੂੰ ਟਰੈਕ ਕਰ ਸਕਣਗੇ। ਓ.ਪੀ. ਸੋਨੀ ਨੇ ਦੱਸਿਆ ਕਿ ਸਰਕਾਰੀ ਐਂਬੂਲੈਂਸਾਂ ਦੇ ਪਹੁੰਚਣ ਦਾ ਔਸਤ ਸਮਾਂ ਪੇਂਡੂ ਖੇਤਰ ਲਈ 30 ਤੋਂ 20 ਮਿੰਟ ਅਤੇ ਸ਼ਹਿਰੀ ਖੇਤਰਾਂ ਵਿਚ 20 ਮਿੰਟ ਤੋਂ ਘਟਾ ਕੇ 15 ਕੀਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਸਿਹਤ ਵਿਭਾਗ ਦੀ ਵੈੱਬਸਾਈਟ ’ਤੇ ਈ.ਆਰ.ਐੱਸ.-108-ਐਂਬੂਲੈਂਸਾਂ ਦਾ ਡੈਸ਼ਬੋਰਡ ਜਨਤਾ ਲਈ ਉਪਲਬਧ ਹੋਵੇਗਾ।

ਸੋਨੀ ਨੇ ਕਿਹਾ ਕਿ 30 ਨਵੇਂ ਵਾਹਨਾਂ ਨੂੰ ਸ਼ਾਮਲ ਕਰਨ ਦੇ ਨਾਲ, ਹੁਣ ਐਂਬੂਲੈਂਸਾਂ ਦੀ ਗਿਣਤੀ 270 ਤੋਂ ਵਧ ਕੇ 300 ਹੋ ਗਈ ਹੈ, ਜੋ ਕਿ ਅੱਗੇ ਆਉਣ ਵਾਲੇ ਸਮੇਂ ਵਿਚ 400 ਤੱਕ ਵਧਾਉਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ- ਮੁੱਖ ਮੰਤਰੀ ਵੱਲੋਂ ਵਿੱਤ ਵਿਭਾਗ ਨੂੰ ਪੈਨਸ਼ਨਰਾਂ ਨੂੰ ਸੋਧੀ ਹੋਈ ਪੈਨਸ਼ਨ ਦੀ ਅਦਾਇਗੀ ਕਰਨ ਦੇ ਹੁਕਮ

ਪੰਜਾਬ ਨੇ ਕੋਵਿਡ ਸਬੰਧੀ ਟੀਕਾਕਰਨ ’ਚ 2 ਕਰੋੜ ਖੁਰਾਕਾਂ ਲਾਉਣ ਦਾ ਟੀਚਾ ਹਾਸਲ ਕੀਤਾ : ਸੋਨੀ

ਪੰਜਾਬ ਰਾਜ ਨੇ ਅੱਜ ਕੋਵਿਡ ਸਬੰਧੀ ਟੀਕਾਕਰਨ ’ਚ 2 ਕਰੋੜ ਖੁਰਾਕਾਂ ਲਗਾਉਣ ਦਾ ਟੀਚਾ ਹਾਸਲ ਕਰ ਲਿਆ ਹੈ। ਇਹ ਜਾਣਕਾਰੀ ਪੰਜਾਬ ਰਾਜ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਦਿੱਤੀ ਗਈ। ਸੋਨੀ ਨੇ ਦੱਸਿਆ ਕਿ ਸੂਬੇ ’ਚ ਹੁਣ ਤੱਕ 1.48 ਕਰੋੜ ਲੋਕਾਂ ਨੂੰ ਕੋਵਿਡ ਸਬੰਧੀ ਟੀਕਾਕਰਨ ਦੀ ਪਹਿਲੀ ਖੁਰਾਕ ਲਗਾਈ ਗਈ ਹੈ ਜਦਕਿ 52 ਲੱਖ ਲੋਕਾਂ ਨੂੰ ਦੋਵੇਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।

ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਸੂਬੇ ਭਰ ਵਿਚ 2.16 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 18-44 ਉਮਰ ਵਰਗ ’ਚ 1.07 ਕਰੋੜ ਲੋਕਾਂ ਨੂੰ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ ਹੈ ਜਦਕਿ 45-60 ਸਾਲ ਉਮਰ ਵਰਗ ਵਿਚ 55 ਲੱਖ ਅਤੇ 60 ਸਾਲ ਤੋਂ ਉਪਰਲੇ ਉਮਰ ਵਰਗ ਦੇ 38 ਲੱਖ ਲੋਕਾਂ ਨੂੰ ਕੋਵਿਡ ਟੀਕਾਕਰਨ ਦੀਆਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।


author

Bharat Thapa

Content Editor

Related News