ਅਫ਼ਸਰਾਂ ਦੀ ਮਿਲੀ-ਭੁਗਤ ਨਾਲ ਸਰਕਾਰੀ ਖਾਤੇ ''ਚ ਲੱਖਾਂ ਦੀ ਹੇਰਾ-ਫੇਰੀ
Thursday, Nov 19, 2020 - 04:13 PM (IST)
ਸ਼ੁਤਰਾਣਾ/ਪਾਤੜਾਂ (ਅਡਵਾਨੀ) : ਪਿੰਡ ਰੇਤਗੜ੍ਹ ਤੇ ਤਲਵੰਡੀ ਮਲਿਕ ਦੀਆਂ ਕੋ-ਆਪਰੇਟਿਵ ਸੁਸਾਇਟੀਆਂ 'ਚ ਸੈਕਟਰੀਆਂ ਵੱਲੋਂ ਮਹਿਕਮੇ ਦੇ ਕੁੱਝ ਅਫ਼ਸਰਾਂ ਦੀ ਮਿਲੀ-ਭੁਗਤ ਨਾਲ ਸਰਕਾਰੀ ਸੀ. ਸੀ. ਐਫ. ਖਾਤੇ 'ਚ ਫਰਜ਼ੀ ਚੀਨੀ ਦੇ ਬਿੱਲ ਪਾ ਕੇ ਲੱਖਾਂ ਰੁਪਏ ਦੀ ਵੱਡੀ ਹੇਰਾ-ਫੇਰੀ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰ ਨੂੰ ਕਾਫੀ ਮੋਟਾ ਚੂਨਾ ਲਗਾਇਆ ਜਾ ਰਿਹਾ ਹੈ।
ਇਕੱਠੀ ਕੀਤੀ ਜਾਣਕਾਰੀ ਅਨੁਸਾਰ ਸਮਾਣਾ ਸਬ ਡਵੀਜ਼ਨ ਦੇ ਪਿੰਡ ਰੇਤਗੜ੍ਹ ਤੇ ਤਲਵੰਡੀ ਮਲਿਕ ਦੀ ਕੋ-ਆਪਰੇਟਿਵ ਸੁਸਾਇਟੀ 'ਚ ਸੈਕਟਰੀਆਂ ਵੱਲੋਂ ਸੀ. ਸੀ. ਐਫ. ਖਾਤਾ. ਜਿਹੜਾ ਕਿ ਕਿਸਾਨਾਂ ਨੂੰ ਖਾਦ ਖਰੀਦਣ ਲਈ ਫੰਡ ਮੁਹੱਈਆ ਕਰਵਾਇਆ ਹੋਇਆ ਹੈ, ਉਸ ਖਾਤੇ 'ਚ ਕਿਸਾਨਾਂ ਲਈ ਖਾਦ ਖਰੀਦਣ ਲਈ ਇਹ ਫੰਡ ਜਾਰੀ ਹੁੰਦਾ ਹੈ। ਇਸ ਫੰਡ 'ਚੋਂ ਕੋਈ ਵੀ ਸਮਾਨ ਨਹੀ ਖਰੀਦਿਆ ਜਾ ਸਕਦਾ, ਜਦੋਂ ਕਿ ਇਸ ਫੰਡ 'ਚ ਹੇਰਾ -ਫੇਰੀ ਕਰਨ ਲਈ ਸੈਕਟਰੀ ਨੇ ਪਿੰਡ ਰੇਤਗੜ੍ਹ ਦੇ ਕਾਗਜ਼ਾਂ 'ਚ ਅੱਠ ਲੱਖ ਰੁਪਏ ਦੀ ਚੀਨੀ ਦੀ ਖਰੀਦ ਦਿਖਾ ਕੇ ਨਿੱਜੀ ਫਰਮ ਨੂੰ ਅੱਠ ਲੱਖ ਰੁਪਏ ਦੀ ਪੇਮੈਂਟ ਕਰਵਾਈ ਤੇ ਪਿੰਡ ਤਲਵੰਡੀ ਮਲਿਕ ਦੇ ਸੈਕਟਰੀ ਨੇ ਫਰਜ਼ੀ ਬਿੱਲਾਂ ਰਾਹੀਂ 11 ਲੱਖ ਰੁਪਏ ਦੀ ਚੀਨੀ ਖਰੀਦੀ ਦਿਖਾਈ ਹੈ, ਜਦੋਂ ਕਿ ਇਨ੍ਹਾਂ ਕੋ-ਆਪਰੇਟਿਵ ਸੁਸਾਇਟੀਆਂ 'ਚ ਚੀਨੀ ਦਾ ਇੱਕ ਦਾਣਾ ਤੱਕ ਨਹੀਂ ਆਇਆ ਅਤੇ ਨਾਂ ਹੀ ਇਸ ਖਾਤੇ 'ਚੋਂ ਚੀਨੀ ਖਰੀਦੀ ਜਾ ਸਕਦੀ ਹੈ।
ਇਹ ਹੇਰਾ-ਫੇਰੀ ਇਸ ਮਹਿਕਮੇ ਦੇ ਕੁੱਝ ਅਫ਼ਸਰਾਂ ਦੀ ਮਿਲੀ-ਭੁਗਤ ਨਾਲ ਕੀਤੀ ਗਈ ਹੈ। ਜਦੋਂ ਇਸ ਸਬੰਧੀ ਇਸ ਮਹਿਕਮੇ ਦੇ ਏ. ਆਰ. ਮਨੀਸ਼ ਮੰਗਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਪਹਿਲਾਂ ਤਾਂ 2 ਦਿਨ ਜਾਂਚ ਕਰਕੇ ਪੱਖ ਦੇਣ ਲਈ ਕਿਹਾ ਅਤੇ ਜਦੋਂ ਤਿੰਨ ਦਿਨਾਂ ਬਾਅਦ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਜਦੋਂ ਤੱਕ ਸਾਡੇ ਕੋਲ ਕੋਈ ਲਿਖਤੀ ਸ਼ਿਕਾਇਤ ਨਹੀ ਆਉਂਦੀ, ਉਦੋਂ ਤੱਕ ਇਸ ਦੀ ਜਾਂਚ ਨਹੀਂ ਕਰਵਾਈ ਜਾ ਸਕਦੀ।