ਸਰਕਾਰ ਨੇ ਗਰੀਬਾਂ ਦੇ ਬੱਚਿਆਂ ਤੋਂ ਖੋਹਿਆ ਪੜ੍ਹਾਈ ਦਾ ਹੱਕ - ਢਿੱਲੋਂ

Monday, Jan 08, 2018 - 06:20 PM (IST)

ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ) - ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪੰਜਾਬ ਅੰਦਰੋਂ 800 ਸਰਕਾਰੀ ਸਕੂਲਾਂ ਨੂੰ ਬੰਦ ਕਰਕੇ ਗਰੀਬਾਂ ਦੇ ਬੱਚਿਆਂ ਤੋਂ ਪੜ੍ਹਾਈ ਦਾ ਹੱਕ ਖੋਹ ਕੇ ਉਨ੍ਹਾਂ ਦਾ ਭਵਿੱਖ ਅਨਪੜ੍ਹਤਾ ਦੇ ਹਨੇਰੇ ਵੱਲ ਧੱਕੇਲ ਦਿੱਤਾ ਹੈ। ਇਹ ਪ੍ਰਗਟਾਵਾ ਦਿਹਾਤੀ ਮਜ਼ਦੂਰ ਸਭਾ ਵੱਲੋਂ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਸਰਹੱਦੀ ਪਿੰਡ ਰਸੂਲਪੁਰ (ਹਵੇਲੀਆਂ) ਵਿਖੇ ਪਾਰਟੀ ਕਾਰਕੁੰਨਾਂ ਦੀ ਰੱਖੀ ਮੀਟਿੰਗ ਨੂੰ ਜ਼ਿਲਾ ਜਨਰਲ ਸਕੱਤਰ ਮਜ਼ਦੂਰ ਸਭਾ ਜਸਪਾਲ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਆਮ ਲੋਕਾਂ ਨਾਲ ਕੀਤੇ ਗਏ ਵਾਅਦੇ ਫਲਾਪ ਸਾਬਤ ਹੋਏ ਹਨ। ਉਨ੍ਹਾਂ ਨੇ ਬਠਿੰਡਾ ਤੇ ਰੋਪੜ ਥਰਮਲ ਪਲਾਂਟ ਬੰਦ ਕਰਨ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੇ ਘਰੇਲੂ ਬਿੱਲਾਂ ਦੀ ਦਰ 'ਚ ਬੇਤਿਹਾਸਾ ਵਾਧਾ ਕਰਕੇ ਆਮ ਵਰਗ 'ਤੇ ਭਾਰੀ ਬੋਝ ਪਾਇਆ ਹੈ, ਜਿਸ ਕਰਕੇ ਗਰੀਬ 'ਤੇ ਮੱਧ ਵਰਗੀ ਲੋਕਾਂ ਵੱਲੋਂ ਘਰਾਂ ਦੇ ਬਿਜਲੀ ਬਿੱਲ ਤਾਰਨੇ ਔਖੇ ਹੋਏ ਹਨ। ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਰੋਜ਼ਗਾਰ ਦਾ ਪ੍ਰਬੰਧ ਨਾ ਕਰਨ ਤੇ ਵੱਖ-ਵੱਖ ਅਦਾਰਿਆਂ 'ਚ ਕੰਮ ਕਰਨ ਵਾਲੇ ਲੋਕਾਂ ਦੀ ਛਾਂਟੀ ਕਰਨ ਨਾਲ ਬੇਰੋਜ਼ਗਾਰਾਂ ਦੀ ਫੌਜ 'ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੱਕ ਮੰਗਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਕਾਲੇ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਢਿੱਲੋਂ ਨੇ ਕਿਹਾ ਕਿ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਮਜ਼ਦੂਰਾਂ ਨੂੰ ਲਾਮਬੱਧ ਹੋ ਕੇ ਸੰਘਰਸ਼ਾਂ ਦੇ ਰਾਹ ਪੈਣ ਦੀ ਵੱਡੀ ਲੋੜ ਹੈ ਤੇ ਸੰਘਰਸ਼ੀ ਘੋਲਾਂ ਨੂੰ ਮਜ਼ਬੂਤ ਕਰਨ ਲਈ ਜਮਹੂਰੀ ਮਜ਼ਦੂਰ ਸਭਾ ਵੱਲੋਂ ਇਸ ਸਬੰਧੀ ਪਿੰਡ ਪਿੰਡ ਪਹੁੰਚ ਕੇ ਲੋਕ ਲਹਿਰ ਪ੍ਰਚੰਡ ਕੀਤੀ ਜਾ ਰਹੀ ਹੈ। ਇਸ ਮੌਕੇ ਪਿੰਡ ਰਸੂਲਪੁਰ ਵਿਖੇ 11 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਦਾ ਪ੍ਰਧਾਨ ਸਰਬਜੀਤ ਸਿੰਘ, ਸਕੱਤਰ ਗੁਰਲਾਲ ਸਿੰਘ ਚੁਣੇ ਗਏ। ਮਲਕੀਤ ਸਿੰਘ, ਪਰਗਟ ਸਿੰਘ, ਸੰਦੀਪ ਸਿੰਘ, ਰਣਜੀਤ ਸਿੰਘ, ਜੁਗਰਾਜ ਸਿੰਘ, ਗੁਰਲਾਲ ਸਿੰਘ, ਗੁਰਦੀਪ ਸਿੰਘ, ਹਰਜੀਤ ਸਿੰਘ ਆਦਿ ਸਹਾਇਕ ਮੈਂਬਰਾਂ ਵਜੋਂ ਨਿਯੁਕਤ ਕੀਤੇ ਗਏ। ਇਸ ਮੌਕੇ ਜਸਪਾਲ ਸਿੰਘ ਢਿੱਲੋਂ ਨੇ ਇਹ ਵੀ ਦੱਸਿਆ ਕਿ 29 ਜਨਵਰੀ ਨੂੰ ਬੀ. ਡੀ. ਪੀ. ਓ. ਦਫਤਰ ਗੰਡੀਵਿੰਡ ਅੱਗੇ ਧਰਨਾ ਲਗਾ ਕਿ ਪੰਜਾਬ ਸਰਕਾਰ ਨੂੰ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਭੇਜਿਆ ਜਾਵੇਗਾ। 


Related News