ਸਰਕਾਰ ਦੇ ਬਿਹਤਰ ਖਰੀਦ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਖਰਾਬ ਮੌਸਮ ਕਾਰਣ ਕਿਸਾਨਾਂ ਦੇ ਸਾਹ ਸੂਤੇ
Saturday, Apr 17, 2021 - 05:58 PM (IST)
ਮਖੂ (ਵਾਹੀ) : ਸਰਕਾਰ ਵੱਲੋਂ ਕਣਕ ਦੀ ਬਿਹਤਰ ਖਰੀਦ ਪ੍ਰਬੰਧਾਂ ਦੇ ਕੀਤੇ ਜਾ ਰਹੇ ਵਾਅਦੇ ਹਵਾਈ ਕਿਲੇ ਹੀ ਸਾਬਤ ਹੋ ਰਹੇ ਹਨ। ਸਰਕਾਰ ਨੇ ਪਹਿਲਾਂ ਹੀ ਹਰਿਆਣੇ ਤੋਂ 10 ਦਿਨ ਲੇਟ ਖਰੀਦ ਸ਼ੁਰੂ ਕੀਤੀ ਅਤੇ ਉਹ ਵੀ ਦੋ ਦਿਨਾਂ ਵਿਚ ਹੀ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰ ਵਰਗ ਨੂੰ ਨਿਰਾਸ਼ ਕਰ ਗਈ। ਬੀਤੇ ਸਾਲ 1 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋਈ ਸੀ ਤੇ ਮੰਡੀ ਵਿਚ ਕਣਕ ਤਕਰੀਬਨ 20 ਅਪ੍ਰੈਲ ਨੂੰ ਆਈ ਸੀ ਪ੍ਰੰਤੂ ਇਸ ਸਾਲ ਖਰੀਦ 10 ਅਪ੍ਰੈਲ ਨੂੰ ਸ਼ੁਰੂ ਹੋਈ ਹੈ ਤੇ 10 ਅਪ੍ਰੈਲ ਨੂੰ ਹੀ ਕਣਕ ਮੰਡੀ ਵਿਚ ਆ ਗਈ । ਮਖੂ ਤੇ ਇਸ ਦੀਆਂ 10 ਸਹਾਇਕ ਮੰਡੀਆ ਵਿਚ ਬਾਰਦਾਨੇ ਦੀ ਭਾਰੀ ਘਾਟ ਕਾਰਣ ਮੰਡੀਆ ਵਿਚ ਸੁੱਕੀ ਕਣਕ ਨੀਲੇ ਅੰਬਰ ਥੱਲੇ ਪਈ ਹੈ।
ਪਨਸ਼ਪ ਦਾ ਹਾਲ ਸਭ ਤੋਂ ਮਾੜਾ, ਡੀ. ਐੱਮ. ਨੇ ਵੀ ਫੋਨ ਕੀਤਾ ਬੰਦ
ਸਬ ਤੋਂ ਮਾੜਾ ਹਾਲ ਪਨਸਪ ਮਹਿਕਮੇ ਦੀ ਖਰੀਦ ਦਾ ਹੈ। ਅੱਜ ਤਿੰਨ ਦਿਨ ਹੋ ਚੱਲੇ ਹਨ ਪਨਸਪ ਮਹਿਕਮੇ ਦੇ ਇੰਸਪੈਕਟਰ ਵੱਲੋਂ ਬਰਾਦਾਨਾ ਨਾ ਹੋਣ ਕਾਰਣ ਕਣਕ ਦੀ ਬੋਲੀ ਨਹੀਂ ਲਗਾਈ ਗਈ। ਕਿਸਾਨ ਮੰਡੀਆ ਵਿਚ ਬੈਠੇ ਖਰੀਦ ਇੰਸਪੈਕਟਰ ਨੂੰ ਉਡੀਕ ਰਹੇ ਹਨ। ਇਸ ਸਬੰਧੀ ਖਰੀਦ ਇੰਸਪੈਕਟਰ ਨਾਲ ਫੋਨ ’ਤੇ ਗੱਲ ਕੀਤੀ ਕਿ ਕਿਸਾਨ ਬੋਲੀ ਨੂੰ ਉਡੀਕ ਰਹੇ ਹਨ ਤੁਸੀ ਖਰੀਦ ਨਹੀਂ ਕਰ ਰਹੇ ਤਾਂ ਉਨ੍ਹਾਂ ਕਿਹਾ ਕਿ ਮਹਿਕਮੇ ਕੋਲ ਖਾਲੀ ਬਰਾਦਾਨਾ ਨਹੀਂ ਹੈ, ਇਸ ਕਰਕੇ ਖਰੀਦ ਨਹੀਂ ਕਰ ਰਹੇ । ਇਸ ਬਾਬਤ ਡੀ. ਐੱਮ. ਫਿਰੋਜ਼ਪੁਰ ਨੂੰ ਮੰਡੀ ਵਿਚ ਦੋ ਦਿਨਾ ਤੋਂ ਖਰੀਦ ਨਾ ਕਰਣ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਇੰਸਪੈਕਟਰ ਮੰਡੀ ਬੋਲੀ ਕਰਣ ਜਾ ਰਿਹਾ ਹੈ, ਜਦ ਉਨ੍ਹਾਂ ਨੂੰ ਕਿਹਾ ਕਿ ਇੰਸਪੈਕਟਰ ਨੇ ਕਿਹਾ ਹੈ ਕਿ ਬਾਰਦਾਨਾ ਨਾ ਹੋਣ ਕਾਰਣ ਬੋਲੀ ਨਹੀਂ ਕਰ ਰਹੇ ਤਾਂ ਜ਼ਿਲ੍ਹੇ ਦਾ ਮੁੱਖ ਅਫਸਰ ਡੀ. ਐੱਮ. ਸਾਹਿਬ ਫੋਨ ਬੰਦ ਕਰ ਗਏ।
ਨਸਪ ਮਹਿਕਮੇ ਵੱਲੋ ਮੰਡੀ ਵਿਚ ਖਰੀਦ ਨਾ ਹੋਣ ਬਾਰੇ ਐੱਸ. ਡੀ. ਐੱਮ. ਜ਼ੀਰਾ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਮੈਂ ਪਤਾ ਕਰਦਾ ਹਾਂ ਪਰ ਬੋਲੀ ਨਹੀਂ ਹੋਈ । ਇਸੇ ਤਰਾਂ ਬਾਕੀ ਮਹਿਕਮੇ ਵੇਅਰ ਹਾਊਸ, ਮਾਰਕਫੈਡ ਦੀ ਵੀ ਬਾਰਦਾਨੇ ਵੱਲੋ ਹਾਲਤ ਮਾੜੀ ਹੈ। ਉਧਰ ਖਰਾਬ ਮੌਸਮ ਤੇ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਣ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਖਰੀਦ ਨਾ ਹੋਣ ਕਾਰਣ ਫਸਲ ਮੰਡੀਆਂ ਵਿਚ ਭਿੱਜ ਰਹੀ ਹੈ ਪਰ ਸਰਕਾਰ ਦੇ ਆਖਰੀ ਵਰੇ ਦੀ ਖਰੀਦ ਨੇ ਕਿਸਾਨਾਂ ਸਮੇਤ ਆੜ੍ਹਤੀ ਅਤੇ ਮਜ਼ਦੂਰਾਂ ਨੂੰ ਫਿਕਰ ਵਿਚ ਪਾ ਦਿੱਤਾ ਹੈ।