ਸਰਕਾਰ ਨੇ ਕਿਸਾਨਾਂ ਦੇ ਭਵਿੱਖ ਨਾਲ ਜੁੜੇ ਮੁੱਦੇ ''ਤੇ ਇਕ ਸ਼ਬਦ ਵੀ ਨਹੀਂ ਕਿਹਾ : ਢੀਂਡਸਾ

10/19/2020 6:15:56 PM

ਸੰਗੂਰਰ (ਬੇਦੀ) : ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸੈਸ਼ਨ ਦੇ ਪਹਿਲੇ ਦਿਨ ਨੂੰ ਪੈਸੇ ਦੀ ਬਰਬਾਦੀ ਦਾ ਦਿਨ ਦੱਸਦਿਆਂ ਕਿਹਾ ਕਿ ਕੈਪਟਨ ਸਰਕਾਰ ਦੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਬਾਰੇ ਭਾਵਨਾ ਸੁਹਿਰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਬਾਰੇ ਵਿਰੋਧੀ ਧਿਰ ਨੂੰ ਵਿਚਾਰ ਕਰਨ ਲਈ ਅਗਾਊਂ ਜਾਣਕਾਰੀ ਨਾ ਦੇਣਾ ਸਰਕਾਰ ਦੀ ਭਾਵਨਾ ਪ੍ਰਤੀ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਦੀ ਹੈ। ਢੀਂਡਸਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਸਰਕਾਰ ਨੇ ਕਈ ਮਤੇ ਤਾਂ ਪਾਸ ਕਰਵਾ ਲਏ ਪਰ ਕਿਸਾਨਾਂ ਦੇ ਭਵਿੱਖ ਨਾਲ ਜੁੜੇ ਮੁੱਦੇ ਬਾਰੇ ਇਕ ਸ਼ਬਦ ਵੀ ਨਹੀਂ ਬੋਲਿਆ। ਹਾਲਾਂਕਿ ਸਰਕਾਰ ਨੇ ਇਸ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਪੰਜਾਬ 'ਚ ਬੇਅਸਰ ਕਰਨ ਦੇ ਮੰਤਵ ਲਈ ਹੀ ਅਸੈਂਬਲੀ ਸੈਸ਼ਨ ਸੱਦਿਆ ਹੈ।

ਇਹ ਵੀ ਪੜ੍ਹੋ :  ਖੇਤੀ ਕਾਨੂੰਨਾਂ ਖ਼ਿਲਾਫ਼ ਸਿੱਧੂ ਦੀਆਂ ਦਮਦਾਰ ਤਕਰੀਰਾਂ, ਕੈਪਟਨ ਦਾ ਵੀ ਕੀਤਾ ਵਿਰੋਧ

ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਭਵਿੱਖ ਸੁਰੱਖਿਅਤ ਤੇ ਪ੍ਰਫੁੱਲਿਤ ਕਰਨ ਲਈ ਠੋਸ ਫ਼ੈਸਲਾ ਲੈਣਾ ਚਾਹੀਦਾ ਹੈ। ਕਿਸਾਨਾਂ ਦੀ ਜਿਣਸ ਨੂੰ ਘੱਟੋ-ਘੱਟ ਸਮਰਥਨ ਮੁੱਲ 'ਤੇ ਵਿਕਣ ਤੇ ਖਰੀਦਣ ਦੀ ਪ੍ਰਕਿਰਿਆ ਯਕੀਨੀ ਹੋਣੀ ਚਾਹੀਦੀ ਹੈ। ਸਮਰਥਨ ਮੁੱਲ ਤੋਂ ਘੱਟ ਖਰੀਦਣਾ ਕਾਨੂੰਨੀ ਜੁਰਮ ਹੋਣਾ ਚਾਹੀਦਾ ਹੈ। ਜੇਕਰ ਕੈਪਟਨ ਨੇ ਲਿਪਾ-ਪੋਚੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ :  ਆਖਿਰ ਵਿਧਾਨ ਸਭਾ ਦੀ ਕਾਰਵਾਈ 'ਚ ਸ਼ਾਮਲ ਹੋਏ ਨਵਜੋਤ ਸਿੱਧੂ, ਪਿਛਲੀ ਕਤਾਰ 'ਚ ਬੈਠੇ

ਉਨ੍ਹਾਂ ਕਿਹਾ ਕਿ ਜੇਕਰ ਖੇਤੀ ਵਿਰੋਧੀ ਕਾਲੇ ਕਨੂੰਨਾਂ ਖ਼ਿਲਾਫ਼ ਕੋਈ ਬਿੱਲ ਅਸੈਂਬਲੀ 'ਚ ਲਿਆਉਣਾ ਹੈ ਤਾਂ ਵਿਰੋਧੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਨੂੰ ਜਾਣਕਾਰੀ ਦੇਣੀ ਬਣਦੀ ਹੈ ਤਾਂ ਜੋ ਉਸਾਰੂ ਅਤੇ ਵਧੀਆ ਸਲਾਹ-ਰਾਏ ਬਣ ਕੇ ਹੋਰ ਮਜ਼ਬੂਤੀ ਸਾਹਮਣੇ ਆਉਂਦੀ। ਢੀਂਡਸਾ ਨੇ ਕਿਹਾ ਕਿ ਕਿਸਾਨ ਦੇ ਹੱਕ 'ਚ ਅਜਿਹਾ ਮਾਹੌਲ ਸਿਰਜਣ ਦੀ ਲੋੜ ਹੈ ਜਿਸਦਾ ਕੌਮੀ ਪੱਧਰ 'ਤੇ ਪ੍ਰਭਾਵ ਬਣ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪੰਜਾਬ ਦੇ ਹਿਤੈਸ਼ੀ ਲੋਕਾਂ ਨਾਲ ਡੱਟ ਕੇ ਖੜ੍ਹੇਗਾ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਸਿਆਸੀ ਸੋਚ ਤੋਂ ਉੱਪਰ ਉੱਠ ਕੇ ਕਿਸਾਨ ਅੰਦੋਲਨ ਨੂੰ ਹੋਰ ਪ੍ਰਚੰਡ ਕਰਨ ਲਈ ਡਟ ਕੇ ਕਿਸਾਨਾਂ ਦਾ ਸਾਥ ਦੇਣ ਦਾ ਸੱਦਾ ਦਿੱਤਾ।


Gurminder Singh

Content Editor

Related News