ਗੋਪ ਅਸ਼ਟਮੀ ''ਤੇ ਹੀ ਨਹੀਂ ਬਲਕਿ ਰੋਜ਼ ਕਰੋ ਗਊਆਂ ਦੀ ਪੂਜਾ : ਕਮਲਾਨੰਦ ਜੀ
Sunday, Oct 29, 2017 - 08:03 AM (IST)
ਸ੍ਰੀ ਮੁਕਤਸਰ ਸਾਹਿਬ (ਖੁਰਾਣਾ) - ਸ਼੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਅਨੰਤ ਸ਼੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਨੇ ਸ਼੍ਰੀ ਕ੍ਰਿਸ਼ਨ ਗੋਪ ਅਸ਼ਟਮੀ ਉਤਸਵ ਮੌਕੇ ਗਊਆਂ ਦੀ ਮਹਿਮਾ 'ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਗਊ ਮਾਤਾ ਦੀ ਪੂਜਾ ਸਿਰਫ਼ ਗੋਪ ਅਸ਼ਟਮੀ ਦੇ ਦਿਨ ਕਰਨ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ, ਬਲਕਿ ਰੋਜ਼ਾਨਾ ਗਊਆਂ ਦੀ ਪੂਜਾ ਹੋਣੀ ਚਾਹੀਦੀ ਹੈ। ਗਊ ਭਗਤਾਂ ਨੂੰ ਰੋਜ਼ਾਨਾ ਗਊਸ਼ਾਲਾ ਜਾ ਕੇ ਗਊਆਂ ਦੀ ਸੇਵਾ ਦਾ ਪੁੰਨ ਕਮਾਉਣਾ ਚਾਹੀਦਾ ਹੈ। ਗਊ ਸੇਵਾ ਬਰਾਬਰ ਕੋਈ ਸੇਵਾ ਨਹੀਂ ਹੈ। ਇਹ ਸਭ ਤੋਂ ਉੱਤਮ ਸੇਵਾ ਹੈ। ਪੁਰਾਤਨ ਕਾਲ ਵਿਚ ਵੱਡੇ-ਵੱਡੇ ਰਾਜਿਆਂ-ਮਹਾਰਾਜਿਆਂ ਨੇ ਗਊ ਸੇਵਾ ਕੀਤੀ ਹੈ। ਸਵਾਮੀ ਕਮਲਾਨੰਦ ਜੀ ਨੇ ਇਹ ਵਿਚਾਰ ਸ਼੍ਰੀ ਰਾਮ ਭਵਨ ਵਿਚ ਚੱਲ ਰਹੇ ਕਾਰਤਿਕ ਮਹਾਉਤਸਵ ਦੇ ਤਹਿਤ ਗੋਪ ਅਸ਼ਟਮੀ ਤਿਉਹਾਰ 'ਤੇ ਰੌਸ਼ਨੀ ਪਾਉਂਦਿਆਂ ਪ੍ਰਗਟ ਕੀਤੇ।
ਉਨ੍ਹਾਂ ਸ਼ਰਧਾਲੂਆਂ ਨੂੰ ਪੰਚਗਵਯ ਦਾ ਸੇਵਨ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਗਊ ਦੇ ਗੋਬਰ, ਮੂਤਰ, ਦੁੱਧ, ਦਹੀਂ ਅਤੇ ਘਿਓ ਤੋਂ ਬਣੇ ਪੰਚਗਵਯ ਦਾ ਸੇਵਨ ਕਰਨ ਨਾਲ ਬੀਮਾਰੀਆਂ ਕੋਲ ਨਹੀਂ ਰਹਿੰਦੀਆਂ। ਪੁਰਾਤਨ ਸਮੇਂ ਵਿਚ ਰਿਸ਼ੀ ਮੁਨੀ ਪੰਚਗਵਯ ਸੇਵਨ ਕਰਦੇ ਸੀ ਤਾਂ ਲੰਬੀ ਉਮਰ ਤੱਕ ਹਸ਼ਟ-ਪੁਸ਼ਟ ਰਹਿੰਦੇ ਸਨ ਪਰ ਅੱਜ ਲੋਕ ਪੰਚਗਵਯ ਸੇਵਨ ਕਰਨ ਤੋਂ ਸੰਕੋਚ ਕਰਦੇ ਹਨ।
ਸਵਾਮੀ ਕਮਲਾਨੰਦ ਜੀ ਦੀ ਅਗਵਾਈ 'ਚ ਸ਼ਰਧਾਲੂਆਂ ਨੇ ਕੀਤੀ ਗਊ ਸੇਵਾ
ਟਿੱਬੀ ਸਾਹਿਬ ਰੋਡ ਸਥਿਤ ਗਊਸ਼ਾਲਾ ਵਿਚ ਵੀ ਗੋਪ ਅਸ਼ਟਮੀ ਉਤਸਵ ਧੂਮਧਾਮ ਨਾਲ ਮਨਾਇਆ ਗਿਆ। ਗੋਪ ਅਸ਼ਟਮੀ 'ਤੇ ਸਵਾਮੀ ਕਮਲਾਨੰਦ ਜੀ ਦੀ ਅਗਵਾਈ 'ਚ ਸ਼ਰਧਾਲੂਆਂ ਨੇ ਟਿੱਬੀ ਸਾਹਿਬ ਰੋਡ ਸਥਿਤ ਗਊਸ਼ਾਲਾ ਵਿਚ ਪਹੁੰਚ ਕੇ ਗਊ ਸੇਵਾ ਕਰ ਕੇ ਪੁੰਨ ਲਾਭ ਕਮਾਇਆ। ਸਵੇਰੇ ਸਵਾ ਪੰਜ ਵਜੇ ਸਵਾਮੀ ਜੀ ਦੀ ਅਗਵਾਈ 'ਚ ਸ਼ਰਧਾਲੂ ਰਾਮ ਭਵਨ ਤੋਂ ਪ੍ਰਭਾਵ ਫੇਰੀ ਦੇ ਰੂਪ ਵਿਚ ਭਜਨ ਕੀਰਤਨ ਕਰਦੇ ਹੋਏ ਟਿੱਬੀ ਸਾਹਿਬ ਗਊਸ਼ਾਲਾ ਪਹੁੰਚੇ, ਜਿਥੇ ਸਵਾਮੀ ਜੀ ਦਾ ਗਊਸ਼ਾਲਾ ਕਮੇਟੀ ਨੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅੰਮ੍ਰਿਤ ਲਾਲ ਖੁਰਾਣਾ ਨੇ ਸਵਾਮੀ ਜੀ ਅਤੇ ਆਏ ਸ਼ਰਧਾਲੂਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਰਾਜ ਦੋਦੇ ਵਾਲਾ, ਮੇਘਰਾਜ ਗਰਗ, ਭਾਜਪਾ ਦੇ ਉਪ ਪ੍ਰਧਾਨ ਤਰਸੇਮ ਗੋਇਲ, ਪਵਨ ਛਾਬੜਾ, ਚਰਨਜੀਤ, ਧਰਮਪਾਲ ਮਿੱਤਲ, ਬੱਬੂ ਵਾਟਸ, ਜੀਵਨ ਸ਼ਰਮਾ, ਰਮਨ ਜੈਨ, ਨੱਥੂ ਰਾਮ ਗੋਇਲ, ਮਹੇਸ਼, ਸੁਰੇਸ਼, ਦੀਪੂ ਕੋਠਾਰੀ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ। ਉਧਰ ਟਿੱਬੀ ਸਾਹਿਬ ਰੋਡ 'ਤੇ ਗਊਸ਼ਾਲਾ ਵਿਚ ਦਿਨ ਭਰ ਵੱਖ-ਵੱਖ ਸਕੂਲਾਂ ਦੇ ਪ੍ਰਬੰਧਕ ਵਿਦਿਆਰਥੀਆਂ ਨੂੰ ਲੈ ਕੇ ਪਹੁੰਚਦੇ ਰਹੇ ਅਤੇ ਵਿਦਿਆਰਥੀਆਂ ਨੂੰ ਗਊ ਸੇਵਾ ਦੇ ਮਹੱਤਵ ਤੋਂ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਵੀ ਗਊਆਂ ਦੀ ਸੇਵਾ ਕੀਤਾ। ਇਸ ਸਮੇਂ ਪ੍ਰਸ਼ਾਦ ਵੰਡਿਆ ਗਿਆ।
ਗਿੱਦੜਬਾਹਾ, (ਕੁਲਭੂਸ਼ਨ)-ਹਿੰਦੂ ਸੰਸਕ੍ਰਿਤੀ ਅਨੁਸਾਰ ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਜਿਸ ਤਰ੍ਹਾਂ ਇਕ ਮਾਂ ਆਪਣੇ ਬੱਚਿਆਂ ਨੂੰ ਹਰ ਤਰ੍ਹਾਂ ਦਾ ਸੁੱਖ ਪ੍ਰਦਾਨ ਕਰਦੀ ਹੈ, ਉਸੇ ਤਰ੍ਹਾਂ ਹੀ ਗਾਂ ਮਨੁੱਖ ਨੂੰ ਵੀ ਲਾਭ ਪਹੁੰਚਾਉਂਦੀ ਹੈ। ਗਾਂ ਦਾ ਦੁੱਧ, ਘਿਓ, ਦਹੀਂ ਇਥੋਂ ਤੱਕ ਦੀ ਗਾਂ ਦਾ ਗੋਬਰ ਤੇ ਮੂਤਰ ਵੀ ਮਨੁੱਖ ਜਾਤੀ ਦੀ ਸਿਹਤ ਲਈ ਅੰਮ੍ਰਿਤ ਹੈ। ਇਸ ਲਈ ਗਾਂ ਨੂੰ ਮਾਤਾ ਦਾ ਦਰਜਾ ਦੇ ਕੇ ਸ਼੍ਰੀ ਕ੍ਰਿਸ਼ਨ ਨੇ ਇਸੇ ਦਿਨ ਗਊ ਮਾਤਾ ਦੀ ਪੂਜਾ ਕੀਤੀ ਸੀ, ਜਿਸ ਦੇ ਮੱਦੇਨਜ਼ਰ ਅੱਜ ਗੋਪ ਅਸ਼ਟਮੀ ਪ੍ਰਾਚੀਨ ਗਊਸ਼ਾਲਾ ਵਿਖੇ ਸ਼ਰਧਾਲੂਆਂ ਵੱਲੋਂ ਉਤਸ਼ਾਹ ਨਾਲ ਮਨਾਈ ਗਈ।
ਇਸ ਮੌਕੇ ਸ਼ਰਧਾਲੂਆਂ ਨੇ ਜੋਤੀ ਜਗਾ ਕੇ ਗਊ ਮਾਤਾ ਦੀ ਪੂਜਾ ਕੀਤੀ ਤੇ ਗਊ ਮਾਤਾ ਦਾ ਸ਼ਿੰਗਾਰ ਕਰ ਕੇ ਫਲ, ਮਠਿਆਈਆਂ, ਗੁੜ, ਕੱਪੜੇ ਆਦਿ ਭੇਟ ਕੀਤੇ ਤੇ ਗਊ ਮਾਤਾ ਦਾ ਆਸ਼ੀਰਵਾਦ ਲਿਆ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਸੁਰਿੰਦਰ ਜੈਨ ਛਿੰਦੀ ਬਾਬਾ ਅਤੇ ਕੈਸ਼ੀਅਰ ਵਿਨੇ ਗੋਇਲ ਨੇ ਕਿਹਾ ਕਿ ਗਊ ਦੀ ਸੇਵਾ ਉੱਤਮ ਸੇਵਾ ਹੈ ਕਿਉਂਕਿ ਸ਼ਾਸਤਰਾਂ ਤੇ ਵਿਗਿਆਨ ਅਨੁਸਾਰ ਇਕ ਮਾਂ ਦੇ ਦੁੱਧ 'ਚ ਪਾਲਣ ਪੋਸ਼ਣ ਲਈ ਜੋ ਤੱਤ ਹੁੰਦੇ ਹਨ, ਉਹੀ ਤੱਤ ਦੇਸੀ ਗਊ ਦੇ ਦੁੱਧ ਵਿਚ ਪਾਏ ਜਾਂਦੇ ਹਨ।
ਫੈਕਟਰੀ ਰੋਡ ਗਊਸ਼ਾਲਾ ਵਿਖੇ ਸ਼ੈੱਡ ਦਾ ਰੱਖਿਆ ਨੀਂਹ ਪੱਥਰ
ਫੈਕਟਰੀ ਰੋਡ ਸਥਿਤ ਸ਼੍ਰੀ ਕ੍ਰਿਸ਼ਨ ਗੋਪਾਲ ਗਊਧਾਮ ਵਿਚ ਗੋਪ ਅਸ਼ਟਮੀ ਮੌਕੇ ਸਤਿਸੰਗ ਪ੍ਰੋਗਰਾਮ ਹੋਇਆ, ਜਿਸ ਵਿਚ ਦੇਵ ਭੂਮੀ ਹਰਿਦੁਆਰ ਦੇ ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਗਊ ਭਗਤਾਂ ਨੂੰ ਆਸ਼ੀਰਵਾਦ ਦਿੱਤਾ। ਇਸ ਦੌਰਾਨ ਸਵਾਮੀ ਕਮਲਾਨੰਦ ਜੀ ਨੇ ਜਿਥੇ ਸ਼ਰਧਾਲੂਆਂ ਨੂੰ ਗਊਆਂ ਦੀ ਪੂਜਾ ਦਾ
ਮਹੱਤਵ ਦੱਸਿਆ, ਉਥੇ ਗਊਸ਼ਾਲਾ ਵਿਚ ਤੂੜੀ ਰੱਖਣ ਲਈ ਬਣਾਏ ਜਾ ਰਹੇ ਸ਼ੈੱਡ ਦਾ ਨੀਂਹ ਪੱਥਰ ਵੀ ਰੱਖਿਆ।
ਸਵਾਮੀ ਜੀ ਨੇ ਸ਼ਰਧਾਲੂਆਂ ਨੂੰ ਗਊ ਦੀ ਸੇਵਾ ਕਰਨ ਦਾ ਸੱਦਾ ਦਿੰਦੇ ਹੋਏ ਦੱਸਿਆ ਕਿ ਗਊ ਦੀ ਸੇਵਾ ਦਾ ਜਿਥੇ ਮਹੱਤਵ ਹੈ, ਉਥੇ ਗਊ ਦੇ ਪਿੱਛੇ ਚੱਲਣ ਦਾ ਵੀ ਬਹੁਤ ਵੱਡਾ ਮਹੱਤਵ ਹੈ। ਗਊ ਚਰਨ ਰਜ ਨੂੰ ਮਸਤਕ 'ਤੇ ਲਾਉਣ ਨਾਲ ਘਰ ਵਿਚ ਸੁੱਖ ਸਮਰਿਧੀ ਦਾ ਵਾਸ ਹੁੰਦਾ ਹੈ। ਇਸ ਸਮੇਂ ਪ੍ਰਧਾਨ ਮਨੋਹਰ ਲਾਲ ਗਰਗ, ਸੰਜੀਵ, ਰਾਜੇਸ਼ ਕਟਾਰੀਆ, ਸ਼ੰਮੀ ਤੇਰ੍ਹੀਆ, ਡੀ. ਟੀ. ਓ. ਗੁਰਚਰਨ ਸਿੰਘ, ਪੱਪੂ ਯਾਦਵ, ਅਸ਼ੋਕ ਮਿੱਡਾ, ਬਲਦੇਵ ਅਰੋੜਾ, ਨਰਿੰਦਰ ਬਾਂਸਲ, ਪਵਨ, ਸਾਜਨ, ਸਤਪਾਲ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ। ਪ੍ਰੋਗਰਾਮ ਉਪਰੰਤ ਅਤੁੱਟ ਭੰਡਾਰੇ ਦਾ ਆਯੋਜਨ ਵੀ ਹੋਇਆ।
