ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ, ਸੂਬਾ ਵਾਸੀਆਂ ਨੂੰ ਸਸਤੇ ਭਾਅ 'ਤੇ ਮਿਲੇਗੀ ਰੇਤਾ ਤੇ ਬੱਜਰੀ
Thursday, Feb 29, 2024 - 09:27 AM (IST)

ਚੰਡੀਗੜ੍ਹ (ਮਨਜੋਤ ਸਿੰਘ) : ਪੰਜਾਬ ਦੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ 12 ਹੋਰ ਜਨਤਕ ਰੇਤ ਖੱਡਾਂ ਸੂਬਾ ਵਾਸੀਆਂ ਨੂੰ ਸਮਰਪਿਤ ਕੀਤੀਆਂ। ਇਸ ਨਾਲ ਸੂਬੇ ਭਰ ’ਚ ਜਨਤਕ ਰੇਤ ਖੱਡਾਂ ਦੀ ਗਿਣਤੀ 72 ਹੋ ਗਈ ਹੈ। ਇਸ ਪਹਿਲ ਕਦਮੀ ਨਾਲ ਲੋਕਾਂ ਨੂੰ ਸਸਤੀਆਂ ਦਰਾਂ ’ਤੇ ਰੇਤ ਤੇ ਮਾਈਨਿੰਗ ਸਮੱਗਰੀ ਮਿਲਣੀ ਯਕੀਨੀ ਬਣੇਗੀ। ਏ. ਡੀ. ਬੀ. ਬੇਲਾ ਤਾਜੋਵਾਲ ਤਹਿਸੀਲ ਬਲਾਚੌਰ (ਜ਼ਿਲ੍ਹਾ ਐੱਸ. ਬੀ.ਐੱਸ. ਨਗਰ) ਵਿਖੇ ਜ਼ਿਲ੍ਹੇ ਦੀਆਂ ਤਿੰਨ ਰੇਤ ਖੱਡਾਂ ਦੇ ਉਦਘਾਟਨ ਉਪਰੰਤ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪਹਿਲਾਂ ਹੀ 60 ਜਨਤਕ ਰੇਤ ਖੱਡਾਂ ਅਤੇ 38 ਵਪਾਰਕ ਰੇਤ ਖੱਡਾਂ ਚਲਾਈਆਂ ਜਾ ਰਹੀਆਂ ਹਨ, ਜਿੱਥੋਂ ਆਮ ਲੋਕਾਂ ਨੂੰ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਰੇਤ ਮੁਹੱਈਆ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਮਾਲਵੇ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਮਾਨ ਸਰਕਾਰ, ਬਜਟ 'ਚ ਹੋਵੇਗਾ ਐਲਾਨ
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਛੇਤੀ ਹੀ ਕੁੱਲ 150 ਜਨਤਕ ਅਤੇ 100 ਵਪਾਰਕ ਰੇਤ ਖੱਡਾਂ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ। ਜ਼ਿਲ੍ਹਾ ਐੱਸ. ਬੀ. ਐੱਸ. ਨਗਰ ’ਚ ਦੁੱਗਰੀ/ਨਿਆਰਾ, ਖੋਜਾ/ਨਿਆਰਾ ਅਤੇ ਏ. ਡੀ. ਬੀ. ਬੇਲਾ ਤਾਜੋਵਾਲ ਵਿਖੇ 3 ਜਨਤਕ ਰੇਤ ਖੱਡਾਂ ਦਾ ਉਦਘਾਟਨ ਕੀਤਾ ਗਿਆ, ਜਦਕਿ ਜ਼ਿਲ੍ਹਾ ਫ਼ਿਰੋਜ਼ਪੁਰ ’ਚ ਅੱਕੂਵਾਲਾ, ਚਾਂਗਲੀ ਜਦੀਦ, ਚੁਗਤੇਵਾਲਾ-2, ਮਮਦੋਟ ਉਤਾੜ, ਨਾਜ਼ਮਵਾਲਾ 1- ਤੇ 3 ਅਤੇ ਗਿੱਲਾਂਵਾਲਾ ਸਮੇਤ 6 ਜਨਤਕ ਰੇਤ ਖੱਡਾਂ ਅਤੇ ਪਿੰਡ ਕੈਲਾ (ਜ਼ਿਲ੍ਹਾ ਮੋਗਾ), ਥੰਮੂਵਾਲ ਰਾਮਪੁਰ (ਜਲੰਧਰ) ਤੇ ਖਾਨਪੁਰ (ਜ਼ਿਲ੍ਹਾ ਅੰਮ੍ਰਿਤਸਰ) ’ਚ ਇਕ-ਇਕ ਜਨਤਕ ਰੇਤ ਖੱਡ ਦਾ ਉਦਘਾਟਨ ਸਬੰਧਿਤ ਵਿਧਾਇਕਾਂ ਅਤੇ ਅਧਿਕਾਰੀਆਂ ਵਲੋਂ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਤਾਰ-ਤਾਰ ਹੋਏ ਰਿਸ਼ਤੇ, ਛੋਟੇ ਭਰਾ ਨੇ ਸੱਬਲ ਨਾਲ ਮੌਤ ਦੇ ਘਾਟ ਉਤਾਰਿਆ ਵੱਡਾ ਭਰਾ
47.65 ਲੱਖ ਮੀਟਰਕ ਟਨ ਦੀ ਕੁੱਲ ਸਮਰੱਥਾ ਵਾਲੀਆਂ 72 ਜਨਤਕ ਰੇਤ ਖੱਡਾਂ ‘ਚੋਂ ਹੁਣ ਤੱਕ 15.91 ਲੱਖ ਮੀਟਰਕ ਟਨ ਰੇਤ ਕੱਢੀ ਜਾ ਚੁੱਕੀ ਹੈ। ਇਸੇ ਤਰ੍ਹਾਂ 38 ਵਪਾਰਕ ਰੇਤ ਖੱਡਾਂ ਦੇ ਕਲੱਸਟਰਾਂ ’ਚੋਂ 136 ਲੱਖ ਮੀਟਰਕ ਟਨ ਰੇਤ ਕੱਢਣ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿੱਚੋਂ 17 ਲੱਖ ਮੀਟਰਕ ਟਨ ਰੇਤ ਅਤੇ ਬਜਰੀ ਹੀ ਕੱਢੀ ਗਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਜਨਤਕ ਅਤੇ ਵਪਾਰਕ ਰੇਤ ਖੱਡਾਂ ’ਚ ਹਾਲੇ ਵੀ 151 ਲੱਖ ਮੀਟਰਕ ਟਨ ਤੋਂ ਵੱਧ ਰੇਤ ਅਤੇ ਬੱਜਰੀ ਮੁਹੱਈਆ ਹੈ। ਇਨ੍ਹਾਂ ਜਨਤਕ ਰੇਤ ਖੱਡਾਂ ਦੇ ਖੁੱਲ੍ਹਣ ਨਾਲ ਵੱਡੀ ਪੱਧਰ ’ਤੇ ਆਮ ਲੋਕ ਖ਼ੁਦ ਰੇਤ ਦੀ ਖੁਦਾਈ ਕਰ ਕੇ ਰੇਤ ਲਿਜਾ ਸਕਦੇ ਹਨ ਅਤੇ ਵੇਚ ਸਕਦੇ ਹਨ, ਜਿਸ ਨਾਲ ਬਾਜ਼ਾਰ ’ਚ ਰੇਤ ਦੀ ਸਪਲਾਈ ਵਧੇਗੀ ਅਤੇ ਰੇਤ ਦੇ ਮਾਰਕੀਟ ਰੇਟ ਵੀ ਘਟਣਗੇ। ਉਨ੍ਹਾਂ ਕਿਹਾ ਕਿ ਨਾਜਾਇਜ਼ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸੂਬੇ ’ਚ ਮਾਈਨਿੰਗ ਐਕਟ ਅਤੇ ਨਿਯਮਾਂ ਤਹਿਤ ਅਪ੍ਰੈਲ 2022 ਤੋਂ ਜਨਵਰੀ 2024 ਤੱਕ 945 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8