ਪੰਜਾਬ ਦੇ ਸਰਕਾਰੀ ਸਕੂਲਾਂ ਲਈ ਚੰਗੀ ਖ਼ਬਰ, ਮਾਨ ਸਰਕਾਰ ਕਰ ਰਹੀ ਵਿਸ਼ੇਸ਼ ਉਪਰਾਲਾ

02/02/2024 11:08:32 AM

ਚੰਡੀਗੜ੍ਹ (ਅਰਚਨਾ) : ਸੂਬਾ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੇਗੀ। ਜਿਹੜੇ ਸਰਕਾਰੀ ਸਕੂਲਾਂ 'ਚ ਚਾਰਦੀਵਾਰੀ ਨਹੀਂ ਸੀ, ਉਨ੍ਹਾਂ ਨੂੰ ਨਵੀਂ ਚਾਰਦੀਵਾਰੀ ਤਾਂ ਮਿਲੇਗੀ ਹੀ, ਨਾਲ ਹੀ ਜਿਨ੍ਹਾਂ ਸਕੂਲਾਂ ਦੀਆਂ ਚਾਰਦੀਵਾਰੀਆਂ ਕਿਸੇ ਨਾ ਕਿਸੇ ਕਾਰਨ ਡਿੱਗ ਗਈਆਂ ਸਨ, ਉਨ੍ਹਾਂ ਦੀ ਵੀ ਮੁਰੰਮਤ ਕਰਵਾਈ ਜਾਵੇਗੀ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਚਾਲੂ ਵਿੱਤੀ ਸਾਲ ਦੌਰਾਨ ਪੰਜਾਬ ਦੇ 2848 ਸਕੂਲਾਂ ਨੂੰ ਨਵੀਂਆਂ ਚਾਰਦੀਵਾਰੀਆਂ ਦਿੱਤੀਆਂ ਜਾਣਗੀਆਂ, ਜਦੋਂ ਕਿ 3595 ਸਕੂਲਾਂ ਦੀਆਂ ਟੁੱਟੀਆਂ ਚਾਰਦੀਵਾਰੀਆਂ ਦੀ ਮੁਰੰਮਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ : PSEB ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀ ਦੇਣ ਧਿਆਨ, ਵੈੱਬਸਾਈਟ 'ਤੇ ਅਪਲੋਡ ਹੋਏ ਰੋਲ ਨੰਬਰ

ਸੂਬੇ ਦੇ ਸਕੂਲਾਂ 'ਚ ਨਵੀਆਂ ਚਾਰਦੀਵਾਰੀਆਂ ਬਣਾਉਣ ਲਈ 16645.03 ਕਰੋੜ ਰੁਪਏ, ਜਦੋਂ ਕਿ ਪੁਰਾਣੇ ਸਕੂਲਾਂ ਦੀਆਂ ਚਾਰਦੀਵਾਰੀਆਂ ਦੀ ਮੁਰੰਮਤ ਲਈ 8543.229 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀਆਂ ਚਾਰਦੀਵਾਰੀਆਂ ਦੀ ਉਸਾਰੀ ਲਈ 25188.26 ਕਰੋੜ ਰੁਪਏ ਖ਼ਰਚ ਕਰੇਗੀ। ਦੱਸਣਯੋਗ ਹੈ ਕਿ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 423 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਸੀ।
ਮੀਂਹ ਦੌਰਾਨ ਟੁੱਟ ਗਈਆਂ ਸਨ ਕਈ ਸਕੂਲਾਂ ਦੀਆਂ ਚਾਰਦੀਵਾਰੀਆਂ
ਮਾਨਸੂਨ ਸੀਜ਼ਨ ਦੌਰਾਨ ਭਾਰੀ ਮੀਂਹ ਕਾਰਨ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ 'ਚ ਵੀ ਕਈ ਸਕੂਲਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਸੂਬੇ ਦੇ 800 ਸਕੂਲਾਂ ਦੀਆਂ ਚਾਰਦੀਵਾਰੀਆਂ ਵੀ ਢਹਿ ਗਈਆਂ ਹਨ। ਨੁਕਸਾਨ ਸਬੰਧੀ ਸਕੂਲਾਂ 'ਚ ਕੀਤੀ ਗਈ ਮੁਲਾਂਕਣ ਰਿਪੋਰਟ 'ਚ ਕਿਹਾ ਗਿਆ ਸੀ ਕਿ ਬਾਰਸ਼ਾਂ ਦੇ ਮੌਸਮ 'ਚ ਸਭ ਤੋਂ ਜ਼ਿਆਦਾ ਨੁਕਸਾਨ ਅੰਮ੍ਰਿਤਸਰ, ਰੋਪੜ ਅਤੇ ਮੋਹਾਲੀ ਜ਼ਿਲ੍ਹਿਆਂ ਦੇ ਸਕੂਲਾਂ ਦਾ ਹੋਇਆ ਸੀ। ਅੰਕੜਿਆਂ ਅਨੁਸਾਰ ਰੋਪੜ ਦੇ 259, ਮੋਹਾਲੀ ਦੇ 117, ਅੰਮ੍ਰਿਤਸਰ ਦੇ 105, ਪਟਿਆਲਾ ਦੇ 74, ਸ੍ਰੀ ਫਤਹਿਗੜ੍ਹ ਸਾਹਿਬ ਦੇ 65, ਸੰਗਰੂਰ ਦੇ 11, ਗੁਰਦਾਸਪੁਰ ਦੇ 33, ਫਾਜ਼ਿਲਕਾ ਦੇ 19, ਹੁਸ਼ਿਆਰਪੁਰ ਦੇ 17, ਫਰੀਦਕੋਟ ਦੇ 15, ਜਲੰਧਰ ਦੇ 13. ਐੱਸ. ਬੀ. ਐੱਸ. ਨਗਰ ਦੇ 12, ਮਾਨਸਾ ਦੇ 7, ਮੋਗਾ ਦੇ 6, ਬਠਿੰਡਾ ਦੇ 4, ਪਠਾਨਕੋਟ ਦੇ 3, ਕਪੂਰਥਲਾ ਦੇ 2, ਲੁਧਿਆਣਾ ਦੇ 2, ਤਰਨਤਾਰਨ ਦੇ 2 ਅਤੇ ਫ਼ਿਰੋਜ਼ਪੁਰ ਦੇ ਇਕ ਸਕੂਲ ਦੀ ਇਮਾਰਤ ਤੋਂ ਲੈ ਕੇ ਚਾਰਦੀਵਾਰੀ ਤੱਕ ਨੂੰ ਮੀਂਹ ਨੇ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਗੈਰ-ਕਾਨੂੰਨੀ ਟ੍ਰੈਵਲ ਏਜੰਟਾਂ 'ਤੇ CM ਮਾਨ ਸਖ਼ਤ, ਬੋਲੇ-ਪ੍ਰਾਪਰਟੀਆਂ ਅਟੈਚ ਕਰਾਂਗੇ (ਵੀਡੀਓ)

ਹੋਈਆਂ ਬਹੁਤ ਚੋਰੀਆਂ
ਪੰਜਾਬ ਦੇ ਕਈ ਸਕੂਲਾਂ 'ਚ ਚਾਰਦੀਵਾਰੀ ਟੁੱਟਣ ਕਾਰਨ ਬਹੁਤ ਸਾਰੀਆਂ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਸਨ। ਚੋਰਾਂ ਅਤੇ ਨਸ਼ੇੜੀਆਂ ਨੇ ਕੁੱਝ ਸਕੂਲਾਂ 'ਚ ਦਾਖ਼ਲ ਹੋ ਕੇ ਕਮਰਿਆਂ ਦਾ ਸਾਮਾਨ ਚੋਰੀ ਕਰ ਲਿਆ ਸੀ। ਕਮਰਿਆਂ 'ਚ ਲੱਗੇ ਪੱਖੇ, ਕੁਰਸੀਆਂ ਅਤੇ ਮੇਜ਼ਾਂ ਤੋਂ ਇਲਾਵਾ ਸਟਾਫ਼ ਰੂਮ 'ਚ ਰੱਖੀਆਂ ਕਈ ਮਹੱਤਵਪੂਰਨ ਚੀਜ਼ਾਂ ਨੂੰ ਵੀ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ। ਸੂਬੇ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਚਾਰਦੀਵਾਰੀ ਤੋਂ ਵਾਂਝੇ ਸਕੂਲਾਂ 'ਚ ਡੇਢ ਸਾਲ 'ਚ ਚੋਰੀ ਦੀਆਂ 120 ਤੋਂ ਵੱਧ ਘਟਨਾਵਾਂ ਸਾਹਮਣੇ ਆਈਆਂ ਸਨ। ਇਸੇ ਤਰ੍ਹਾਂ ਸੂਬੇ ਦੇ ਕਈ ਹੋਰ ਜ਼ਿਲ੍ਹਿਆਂ 'ਚ ਵੀ ਟੁੱਟੀਆਂ ਚਾਰਦੀਵਾਰੀਆਂ ਵਾਲੇ ਸਕੂਲਾਂ ਤੋਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News