ਪੰਜਾਬ ਦੀਆਂ ''ਆਂਗਨਵਾੜੀ ਵਰਕਰਾਂ'' ਲਈ ਖੁਸ਼ਖਬਰੀ, ਅਰੁਣਾ ਚੌਧਰੀ ਨੇ ਲਾਈ ਮੋਹਰ

03/06/2020 12:07:05 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਆਂਗਨਵਾੜੀ ਵਰਕਰਾਂ 'ਚੋਂ ਸੁਪਰਵਾਈਜ਼ਰਾਂ ਦੀ ਤਰੱਕੀ ਇਕ ਮਹੀਨੇ 'ਚ ਕਰਨ ਦਾ ਸਿਧਾਂਤਕ ਤੌਰ 'ਤੇ ਫੈਸਲੇ 'ਤੇ ਮੋਹਰ ਲਾ ਦਿੱਤੀ ਹੈ। ਇਹ ਖੁਲਾਸਾ ਇਥੇ ਕੈਬਨਿਟ ਮੰਤਰੀ ਨੇ ਆਂਗਨਵਾੜੀ ਵਰਕਰਾਂ ਦੇ ਵਫ਼ਦ ਨਾਲ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ 'ਚ ਮੀਟਿੰਗ ਦੌਰਾਨ ਕੀਤਾ। ਇਥੇ ਜਾਰੀ ਇਕ ਪ੍ਰੈਸ ਬਿਆਨ 'ਚ ਅਰੁਣਾ ਚੌਧਰੀ ਨੇ ਦੱਸਿਆ ਕਿ ਆਂਗਨਵਾੜੀ ਵਰਕਰਾਂ ਦੀਆਂ ਸਾਰੀਆਂ ਖ਼ਾਲੀ ਆਸਾਮੀਆਂ ਤੈਅ ਸਮਾਂ ਹੱਦ 'ਚ ਭਰੀਆਂ ਜਾਣਗੀਆਂ, ਜਦੋਂ ਕਿ ਸਾਰੀਆਂ ਯੋਗ ਆਂਗਨਵਾੜੀ ਵਰਕਰਾਂ ਨੂੰ ਇਕ ਮਹੀਨੇ 'ਚ ਸੁਪਰਵਾਈਜ਼ਰ ਵਜੋਂ ਤਰੱਕੀ ਦਿੱਤੀ ਜਾਵੇਗੀ।

PunjabKesari

ਉਨ੍ਹਾਂ ਆਂਗਨਵਾੜੀ ਕੇਂਦਰ ਸਥਾਪਤ ਕਰਨ ਲਈ ਇਮਾਰਤਾਂ ਦਾ ਕਿਰਾਇਆ ਵੀ ਵਧਾਉਣ ਦੀ ਸਹਿਮਤੀ ਦਿੱਤੀ। ਚੌਧਰੀ ਨੇ ਵਫ਼ਦ ਨੂੰ ਦੱਸਿਆ ਕਿ ਉਹ ਵਰਕਰਾਂ ਦਾ ਮਾਣ-ਭੱਤਾ ਵਧਾਉਣ ਲਈ ਵੀ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤਾ ਕਿ ਹਰੇਕ ਸੈਂਟਰ 'ਚ ਵਰਕਰਾਂ ਦੀ ਉਪਲੱਬਧਤਾ 'ਚ ਤਵਾਜ਼ਨ ਬਿਠਾਉਣ ਲਈ ਰੈਸ਼ਨੇਲਾਈਜੇਸ਼ਨ ਨੀਤੀ ਲਾਗੂ ਕਰਨ ਲਈ ਕਿਹਾ। ਉਨ੍ਹਾਂ ਡਾਇਰੈਕਟਰ ਸਮਾਜਿਕ ਸੁਰੱਖਿਆ ਨੂੰ ਆਂਗਨਵਾੜੀ ਕੇਂਦਰਾਂ 'ਚ ਤਿਆਰ ਖਾਣਾ ਸਪਲਾਈ ਕਰਨ ਅਤੇ ਖਾਣਾ ਬਣਾਉਣ ਲਈ ਬਾਲਣ ਦਾ ਕੋਈ ਹੋਰ ਬਦਲ ਦੇਣ ਦੀ ਸੰਭਾਵਨਾ ਤਲਾਸ਼ਣ ਲਈ ਕਿਹਾ। ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਖ਼ੁਦ ਦਖ਼ਲ ਦੇ ਕੇ ਵਰਕਰਾਂ ਦੇ ਹੋਰ ਵਿਭਾਗਾਂ ਨਾਲ ਸਬੰਧਤ ਮਸਲੇ ਵੀ ਹੱਲ ਕਰਵਾਉਣਗੇ।

ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਦੀ ਪ੍ਰਮੁੱਖ ਸਕੱਤਰ ਰਾਜੀ ਪੀ ਸ੍ਰੀਵਾਸਤਵਾ, ਡਾਇਰੈਕਟਰ ਗੁਰਪ੍ਰੀਤ ਕੌਰ ਸਪਰਾ, ਡਿਪਟੀ ਡਾਇਰੈਕਟਰ ਰੁਪਿੰਦਰ ਕੌਰ, ਪ੍ਰਧਾਨ ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਊਸ਼ਾ ਰਾਣੀ, ਪ੍ਰਧਾਨ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਹਰਜੀਤ ਕੌਰ, ਪ੍ਰਧਾਨ ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਹਰਗੋਬਿੰਦ ਕੌਰ ਅਤੇ ਪ੍ਰਧਾਨ ਆਲ ਇੰਡੀਆ ਵਰਕਰਜ਼ ਹੈਲਪਰਜ਼ ਯੂਨੀਅਨ ਸਰੋਜ ਛੱਪੜੀਵਾਲਾ ਹਾਜ਼ਰ ਸਨ।


Babita

Content Editor

Related News