ਵਿਦੇਸ਼ ਚੱਲੇ ਹੋ ਤਾਂ ਰਿਸ਼ਤੇਦਾਰਾਂ ਦੇ ਸਮਾਨ ਤੋਂ ਰਹੋ ਜ਼ਰਾ ਬਚ ਕੇ
Tuesday, Oct 01, 2024 - 08:08 PM (IST)
ਜਲੰਧਰ (ਰਮਨਦੀਪ ਸਿੰਘ ਸੋਢੀ)- ਪੰਜਾਬੀਆਂ ਦੀ ਮੌਜੂਦਗੀ ਲਗਭਗ ਸਾਰੇ ਵਿਦੇਸ਼ੀ ਮੁਲਕਾਂ ਵਿੱਚ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਪੰਜਾਬ ਵਿੱਚ ਵੀ ਬੈਠੇ ਹਨ। ਜਦੋਂ ਕਦੇ ਪੰਜਾਬ ਤੋਂ ਕਿਸੇ ਵਿਅਕਤੀ ਦਾ ਵੀਜ਼ਾ ਲੱਗਦਾ ਹੈ ਜਾਂ ਫਿਰ ਉਹ ਵਿਦੇਸ਼ ਜਾਣ ਦਾ ਪਲਾਨ ਬਣਾਉਂਦਾ ਹੈ ਤਾਂ ਉਸਦੇ ਆਂਢ-ਗੁਆਂਢ, ਰਿਸ਼ਤੇਦਾਰ ਜਾਂ ਫਿਰ ਦੋਸਤ-ਮਿੱਤਰ ਅਕਸਰ ਇਹ ਵੰਗਾਰ ਪਾਉਦੇ ਹਨ ਕਿ ਜਾਂਦੇ ਵੇਲੇ ਸਾਡੇ ਵਿਦੇਸ਼ ਰਹਿੰਦੇ ਪਰਿਵਾਰਕ ਮੈਂਬਰ ਜਾਂ ਲਿਹਾਜ਼ੀ ਲਈ ਸਾਡੇ ਕੋਲੋਂ ਸਮਾਨ ਲੈ ਕੇ ਜਾਇਉ। ਕਈ ਵਾਰ ਅਸੀਂ ਵਿਦੇਸ਼ ਵਿੱਚ ਜਿਸ ਵਿਅਕਤੀ ਨੂੰ ਮਿਲਣ ਜਾਣਾ ਹੁੰਦਾ ਹੈ ਤਾਂ ਉਹ ਵੀ ਸਾਨੂੰ ਪੰਜਾਬ ਰਹਿੰਦੇ ਪਰਿਵਾਰਕ ਮੈਂਬਰਾਂ ਕੋਲੋਂ ਕੁਝ ਜ਼ਰੂਰੀ ਸਮਾਨ ਫੜ੍ਹ ਕੇ ਲਿਆਉਣ ਦੀ ਗੱਲ ਕਰਦਾ ਹੈ। ਅਸੀਂ ਇਸ ਦਬਾਅ ਹੇਠ ਆ ਜਾਂਦੇ ਹਾਂ ਕਿ ਜੇਕਰ ਸਮਾਨ ਨਾ ਲੈ ਕੇ ਗਏ ਤਾਂ ਉਕਤ ਵਿਅਕਤੀ ਸਾਡੇ ਨਾਲ ਨਾਰਾਜ਼ ਹੋ ਜਾਵੇਗਾ। ਅਜਿਹੇ ਚੱਕਰ ਵਿੱਚ ਅਸੀਂ ਬੰਦ ਪੈਕੇਟ ਨੂੰ ਆਪਣੇ ਸੂਟਕੇਸ ਵਿੱਚ ਰੱਖ ਲੈਂਦੇ ਹਾਂ, ਜੋ ਅੱਗੇ ਜਾ ਕੇ ਸਾਡੇ ਲਈ ਜ਼ਿੰਦਗੀ ਭਰ ਦੀ ਮੁਸੀਬਤ ਬਣ ਸਕਦਾ ਹੈ।
ਜੇਕਰ ਤੁਸੀਂ ਵੀ ਇਸ ਤਰਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹੋ, ਕਰ ਚੁੱਕੇ ਹੋ ਜਾਂ ਫਿਰ ਕਰਨ ਜਾ ਰਹੇ ਹੋ ਤਾਂ ਤੁਹਾਡੇ ਲਈ ਇਹ ਖਬਰ ਬੜੀ ਅਹਿਮ ਹੈ। ਦਰਅਸਲ ਬਹੁਤ ਸਾਰੇ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ ਕਿ ਏਅਰਪੋਰਟ ਪਹੁੰਚਣ 'ਤੇ ਜਦੋਂ ਸਕਿਉਰਟੀ (ਜਾਂਚ ਅਧਿਕਾਰੀ) ਸੂਟਕੇਸ (ਬੈਗ) ਸਕੈਨ ਕਰਦੇ ਹਨ ਤਾਂ ਉਨ੍ਹਾਂ ਵਿੱਚੋਂ ਨਸ਼ਾ, ਜਿਵੇਂ ਕਿ ਅਫੀਮ, ਪੋਸਤ, ਜਾਂ ਮੈਡੀਕਲ ਨਸ਼ੇ ਤੋਂ ਇਲਾਵਾ ਕੁਝ ਦੇਸੀ ਦਵਾਈਆਂ ਅਤੇ ਬੀਜ ਨਿਕਲਦੇ ਹਨ, ਜਿੰਨਾ ਨੂੰ ਵਿਦੇਸ਼ ਲਿਜਾਣਾ ਜਾਂ ਫਿਰ ਲੈ ਕੇ ਆਉਣਾ ਕਾਨੂੰਨੀ ਅਪਰਾਧ ਹੈ ਪਰ ਜਦੋਂ ਸਮਾਨ ਸੂਟਕੇਸ ਵਿੱਚੋਂ ਬਰਾਮਦ ਹੋ ਜਾਂਦਾ ਹੈ ਤੇ ਏਅਰਪੋਰਟ 'ਤੇ ਤੁਹਾਡੀ ਕੋਈ ਵੀ ਸਫਾਈ ਕੰਮ ਨਹੀਂ ਕਰਦੀ ਤੇ ਸਿੱਧੀ ਕਾਰਵਾਈ ਤੁਹਾਡੇ ਉੱਪਰ ਹੁੰਦੀ ਹੈ। ਮਤਲਬ ਕਿ ਕਿਸੇ ਦੇ ਸਮਾਨ ਖਾਤਰ ਤੁਹਾਨੂੰ ਜੇਲ ਦੀ ਰੋਟੀ ਖਾਣੀ ਪੈ ਸਕਦੀ ਹੈ ਜਾਂ ਭਾਰੀ ਜ਼ੁਰਮਾਨਾ ਦੇਣ ਸਮੇਤ ਵੀਜ਼ਾ ਰੱਦ ਹੋਣ ਦਾ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਬੇਸ਼ੱਕ ਸਾਰੀ ਦੁਨੀਆਂ ਇਸ ਤਰ੍ਹਾਂ ਦੀ ਨਹੀਂ ਹੈ ਪਰ ਸੱਚ ਇਹ ਵੀ ਹੈ ਕਿ ਅੱਜ-ਕਲ ਬਹੁਤ ਲੋਕਾਂ ਨਾਲ ਅਜਿਹਾ ਹੋ ਵੀ ਰਿਹਾ ਹੈ। ਅਜਿਹਾ ਕਰਨ ਵਾਲੇ ਦੋ ਪੱਖਾਂ ਤੋਂ ਸੋਚਦੇ ਹਨ, ਇੱਕ ਤਾਂ ਉਨਾਂ ਨੂੰ ਪੈਸੇ ਦਾ ਲਾਲਚ ਹੁੰਦਾ ਹੈ ਤੇ ਦੂਸਰਾ ਉਨ੍ਹਾਂ ਦੀ ਬੇਪਰਵਾਹੀ ਜਾਂ ਅਣਜਾਣਪੁਣਾ ਹੈ ਕਿ ਜੇਕਰ ਲੰਘ ਗਿਆ ਤਾਂ ਠੀਕ ਨਹੀਂ ਤਾਂ ਉਕਤ ਵਿਅਕੀ ਆਪੇ ਭੁਗਤਦਾ ਰਹੇਗਾ। ਕਈ ਵਾਰ ਕੁਝ ਲੋਕ ਤੁਹਾਡੇ ਨਾਲ ਈਰਖਾ, ਵੈਰ ਜਾਂ ਫਿਰ ਖੁੰਦਕ ਖਾਤਰ ਵੀ ਅਜਿਹਾ ਕਰ ਸਕਦੇ ਹਨ।
ਤੁਹਾਡੇ ਹੱਥ ਗਲਤ ਸਮਗਰੀ ਨੂੰ ਭੇਜਣ ਵਾਲੇ ਕਈ ਤਰ੍ਹਾਂ ਦੇ ਬਹਾਨੇ ਲਗਾਉਂਦੇ ਹਨ ਜਿਵੇਂ ਕਿ, ਆਹ ਸਾਡੇ ਰਿਸ਼ਤੇਦਾਰਾਂ ਦੀ ਦਵਾਈ ਲੈ ਜਾਓ, ਸਾਡੇ ਮੁੰਡੇ ਦੀ ਪਿੱਠ ਦਰਦ ਕਰਦੀ ਹੈ ਉਸ ਲਈ ਚਵਨਪਰਾਸ਼ ਲੈ ਜਾਓ, ਜਾਂ ਫਿਰ ਕੋਈ ਦੇਸੀ ਦਵਾਈ ਦੇ ਕੇ ਭੇਜਦੇ ਹਨ ਜੋ ਪਾਊਡਰ ਵਾਂਗ ਹੁੰਦੀ ਹੈ। ਏਅਰਪੋਰਟ ਤੋਂ ਨਸ਼ਾ ਬਰਾਮਦ ਹੋਣ ਦੀਆਂ ਖਬਰਾਂ ਪੜੀਏ ਜਾਂ ਫਿਰ ਵੀਡੀਉਜ਼ ਨੂੰ ਵੇਖੀਏ ਤਾਂ ਲੋਕ ਸਪੈਸ਼ਲ ਡੱਬੇ ਤਿਆਰ ਕਰਕੇ ਵੀ ਨਸ਼ਾ ਭੇਜ ਰਹੇ ਹਨ। ਅੱਜਕਲ ਆਚਾਰ ਜਾਂ ਗੁੜ ਦੇ ਨਾਮ 'ਤੇ ਬਹੁਤ ਕੁਝ ਹੋ ਰਿਹਾ ਹੈ। ਕੋਈ ਬੂਟਾਂ ਦੇ ਤਲੇ ਹੇਠਾਂ ਨਸ਼ਾ ਭਰਕੇ ਲਿਜਾ ਰਿਹਾ ਹੈ, ਕੋਈ ਸ਼ਰਟ ਦੇ ਕਾਲਰ ਜਾਂ ਫਿਰ ਪੈਂਟ ਦੇ ਪੌਂਚੇ ਅੰਦਰ ਡਰੱਗ ਪਾ ਕੇ ਲਿਜਾ ਰਿਹਾ ਹੈ, ਮਤਲਬ ਕਿ ਕਿਸੇ ਵੱਲੋਂ ਭੇਜੇ ਕੱਪੜੇ ਤੱਕ ਵੀ ਤੁਹਾਡੇ ਲਈ ਮੁਸੀਬਤ ਬਣ ਸਕਦੇ ਹਨ। ਇੱਥੋਂ ਤੱਕ ਕੀ ਸੂਟਕੇਸ ਵੀ ਸਪੈਸ਼ਲ ਤਿਆਰ ਕੀਤੇ ਜਾਂਦੇ ਹਨ ਜਿੰਨਾਂ ਦੇ ਅੰਦਰ ਹੀ ਅੰਦਰ 2-3 ਤੈਆਂ ਬਣੀਆਂ ਹੁੰਦੀਆਂ ਹਨ ਜਿੰਨਾਂ ਵਿੱਚ ਲੋਕ ਗਲਤ ਸਮੱਗਰੀ ਸਪਲਾਈ ਕਰਦੇ ਹਨ।
ਸਿੱਟਾ ਇਹ ਹੈ ਕਿ ਜਿਸ ਵਿਅਕਤੀ 'ਤੇ ਤੁਹਾਨੂੰ ਭਰੋਸਾ ਨਹੀਂ ਹੈ ਤਾਂ ਉਸਦਾ ਸਮਾਨ ਆਪਣੇ ਨਾਲ ਵਿਦੇਸ਼ ਲਿਜਾਣ ਤੋਂ ਹਮੇਸ਼ਾ ਗੁਰੇਜ਼ ਕਰੋ। ਖਾਸਕਰ ਜਿਸ ਸਮਾਨ ਦਾ ਕੋਈ ਬਿੱਲ, ਸੀਲ ਜਾਂ ਰਸੀਦ ਨਹੀਂ ਹੈ, ਜਾਂ ਫਿਰ ਜਿਸਨੂੰ ਤੁਸੀਂ ਖੁਦ ਪੈਕ ਨਹੀਂ ਕੀਤਾ ਜਾਂ ਪਰਖਿਆ ਨਹੀਂ ਹੈ, ਉਸ ਨੂੰ ਨਾਲ ਲਿਜਾਣ ਤੋਂ ਸਾਫ ਮਨਾ ਕਰੋ। ਕੋਸ਼ਿਸ਼ ਕਰੋ ਕੇ ਜੇ ਕਿਸੇ ਜਾਣਕਾਰ ਦਾ ਸਮਾਨ ਲੈ ਕੇ ਵੀ ਜਾ ਰਹੇ ਹੋ ਤਾਂ ਉਸ ਦੀ ਪੈਕਿੰਗ ਖੋਲ ਕੇ ਆਪਣੇ ਹੱਥ ਨਾਲ ਚੈੱਕ ਕਰਕੇ ਦੁਬਾਰਾ ਪੈਕ ਕਰੋ ਤਾਂ ਜੋ ਏਅਰਪੋਰਟ 'ਤੇ ਜਾ ਕੇ ਦੱਸ ਸਕੋ ਕਿ ਹਾਂ ਇਹ ਸਮਾਨ ਮੈਂ ਖੁਦ ਪੈਕ ਕੀਤਾ ਹੈ। ਕਈ ਵਾਰ ਤੁਸੀਂ ਜੇਕਰ ਕਿਸੇ 'ਤੇ ਯਕੀਨ ਨਹੀਂ ਕਰ ਸਕਦੇ ਪਰ ਨਾਰਾਜ਼ ਵੀ ਨਹੀਂ ਕਰਨਾ ਚਾਹੁੰਦੇ ਤਾਂ ਕੋਸ਼ਿਸ਼ ਕਰੋ ਕੇ ਉਨ੍ਹਾਂ ਨੂੰ ਉਕਤ ਸਮਾਨ ਕੋਰੀਅਰ ਰਾਹੀਂ ਭੇਜਣ ਦੀ ਸਲਾਹ ਦਿਓ। ਕਈ ਵਾਰ ਕੁਝ ਲੋਕ ਵਜ਼ਨ ਦਾ ਹਵਾਲਾ ਦੇ ਕੇ ਵੀ ਇਸ ਤਰਾਂ ਦਾ ਦਬਾਅ ਪਾਉਂਦੇ ਹਨ ਕਿ ਮੇਰਾ ਸਮਾਨ ਤਾਂ ਸਿਰਫ 50 ਗ੍ਰਾਮ ਦਾ ਹੈ ਪਰ ਤੁਹਾਨੂੰ ਦੱਸਦਈਏ ਕਿ ਜੇਕਰ ਇਹ ਨਸ਼ਾ ਨਿਕਲਿਆ ਤਾਂ ਕਾਨੂੰਨ ਮੁਤਾਬਕ ਨਸ਼ੀਲੀ ਗੋਲੀ ਇੱਕ ਗ੍ਰਾਮ ਦੀ ਵੀ ਅਪਰਾਧ ਹੀ ਮੰਨੀ ਜਾਂਦੀ ਹੈ।
ਦੱਸਦਈਏ ਕਿ ਤੁਸੀਂ ਜਦੋਂ ਕਿਸੇ ਮੁਲਕ ਵਿੱਚ ਲੈਂਡ ਕਰਦੇ ਹੋ ਤਾਂ ਇਮੀਗ੍ਰੇਸ਼ਨ ਫਾਰਮ 'ਤੇ ਵੀ ਤੁਹਾਡੇ ਕੋਲੋਂ ਹਲਫਨਾਮਾ ਲਿਆ ਜਾਂਦਾ ਹੈ ਕਿ ਮੈਂ ਆਪਣਾ ਸੂਟਕੇਸ ਖੁਦ ਪੈਕ ਕੀਤਾ ਹੈ ਤੇ ਮੇਰੇ ਵੱਲੋਂ ਦਿੱਤੀ ਜਾਣਕਾਰੀ ਬਿਲਕੁਲ ਦਰੁਸਤ ਹੈ। ਸੋ ਵਿਦੇਸ਼ ਜਾਣ ਲੱਗਿਆਂ ਹਮੇਸ਼ਾ ਧਿਆਨ ਰੱਖੋ ਕਿਤੇ ਮੂੰਹ ਲਿਹਾਜ਼, ਰਿਸ਼ਤੇਦਾਰੀ ਜਾਂ ਦੋਸਤੀ ਦੇ ਚੱਕਰ ਵਿੱਚ ਤੁਸੀਂ ਅਜਿਹਾ ਸਮਾਨ ਨਾ ਫੜ੍ਹ ਬੈਠੋ। ਜੋ ਤੁਹਾਡੀ ਜਿੰਦਗੀ ਨੂੰ ਸਮੱਸਿਆ ਵਿੱਚ ਪਾ ਦੇਵੇ। ਜੇਕਰ ਤੁਹਾਡਾ ਕੋਈ ਦੋਸਤ-ਮਿੱਤਰ ਜਾਂ ਰਿਸ਼ਤੇਦਾਰ ਵਿਦੇਸ਼ ਰਹਿੰਦਾ ਹੈ ਤਾਂ ਤੁਸੀਂ ਵੀ ਲਾਜ਼ਮੀਂ ਤੌਰ 'ਤੇ ਇਸ ਗੱਲ ਤੋਂ ਵਾਕਫ ਹੋਵੇਗੇ ਕਿ ਹੁਣ ਤੱਕ ਕਿੰਨੇ ਹੀ ਲੋਕ ਕਿਸੇ ਦੇ ਸਮਾਨ ਕਰਕੇ ਏਅਰਪੋਰਟ 'ਤੇ ਫਸੇ ਹਨ, ਜਿੰਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ।
ਸਾਡਾ ਮਕਸਦ ਭਾਈਚਾਰਾ ਖਰਾਬ ਕਰਨਾ ਨਹੀਂ ਹੈ ਸਗੋਂ ਤੁਹਾਨੂੰ ਸੁਚੇਤ ਕਰਨਾ ਹੈ ਤਾਂ ਜੋ ਰਿਸ਼ਦੇ ਵੀ ਬਣੇ ਰਹਿਣ ਤੇ ਨੁਕਸਾਨ ਵੀ ਨਾ ਹੋਵੇ। ਅੱਜ-ਕਲ ਸਮਾਨ ਵਿਦੇਸ਼ ਭੇਜਣ ਦੇ ਬਹੁਤ ਸਾਧਨ ਹਨ, ਸਾਨੂੰ ਕੋਰੀਅਰ ਜਾਂ ਕਾਰਗੋ ਵਰਗੀਆਂ ਸੇਵਾਵਾਂ ਦੀ ਮਦਦ ਲੈਣੀ ਚਾਹੀਦੀ ਹੈ।