ਬਠਿੰਡਾ ''ਚ ਗੌਂਡਰ ਗੈਂਗ ਅਤੇ ਪੁਲਸ ਵਿਚਾਲੇ ਹੋਏ ਮੁਕਾਬਲੇ ਦੀ ਲਾਈਵ ਵੀਡੀਓ ਆਈ ਸਾਹਮਣੇ
Saturday, Dec 16, 2017 - 07:35 PM (IST)
ਬਠਿੰਡਾ : ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹ ਵੀਡੀਓ ਸ਼ੁੱਕਰਵਾਰ ਨੂੰ ਬਠਿੰਡਾ 'ਚ ਪੁਲਸ ਤੇ ਵਿੱਕੀ ਗੌਂਡਰ ਗੈਂਗ ਦਰਮਿਆਨ ਹੋਏ ਮੁਕਾਬਲੇ ਦੀ ਹੈ। ਦੱਸ ਦੇਈਏ ਕਿ ਬਠਿੰਡਾ ਦੇ ਗੁਲਾਬਗੜ੍ਹ 'ਚ ਪੁਲਸ ਨੇ ਵਿੱਕੀ ਗੌਂਡਰ ਦੀ ਗੈਂਗ ਨਾਲ ਸੰਬੰਧਤ ਗੈਂਗਸਟਰਾਂ ਨੂੰ ਘੇਰਾ ਪਾ ਕੇ ਉਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ। ਇਸ ਐਨਕਾਊਂਟਰ 'ਚ ਦੋ ਗੈਂਗਸਟਰ ਮਾਰੇ ਗਏ ਅਤੇ ਤਿੰਨ ਗੈਂਗਸਟਰਾਂ ਅੰਮ੍ਰਿਤਪਾਲ, ਭਿੰਦਾ ਤੇ ਗਿੰਦਾ ਨੂੰ ਪੁਲਸ ਨੇ ਜ਼ਿੰਦਾ ਕਾਬੂ ਕਰ ਲਿਆ। ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਵੇਂ ਵੱਡੀ ਗਿਣਤੀ 'ਚ ਪੁਲਸ ਨੇ ਗੁਲਾਬਗੜ੍ਹ ਨੇੜੇ ਗੈਂਗਸਟਰਾਂ ਨੂੰ ਘੇਰਾ ਪਾ ਕੇ ਉਨ੍ਹਾਂ ਦਾ ਐਨਕਾਊਂਟਰ ਕੀਤਾ।
ਇੱਥੇ ਦੱਸ ਦੇਈਏ ਕਿ ਇਹ ਗੈਂਗਸਟਰ ਭੁੱਚੋ-ਖੁਰਦ ਤੋਂ ਗੰਨ ਪੁਆਇੰਟ 'ਤੇ ਇਕ ਫਾਰਚੂਨਰ ਕਾਰ ਖੋਹ ਕੇ ਭੱਜੇ ਸਨ। ਪੁਲਸ ਨੇ ਇਨ੍ਹਾਂ ਦਾ ਪਿੱਛਾ ਕੀਤਾ ਤਾਂ ਇਨ੍ਹਾਂ ਨੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ ਜਿਸ ਦੇ ਜਵਾਬੀ ਕਾਰਵਾਈ 'ਚ ਪੁਲਸ ਨੇ ਵੀ ਫਾਇਰ ਕੀਤੇ। ਪੁਲਸ ਦੀ ਫਾਇਰਿੰਗ 'ਚ ਗੈਂਗਸਟਰ ਮਨਪ੍ਰੀਤ ਮੰਨਾ ਤੇ ਪ੍ਰਦੀਪ ਕੁਮਾਰ ਦੀਪਾ ਦੀ ਮੌਤ ਹੋ ਗਈ। ਆਈ. ਜੀ. ਛੀਨਾ ਨੇ ਇਸ ਪੂਰੀ ਕਾਰਵਾਈ ਲਈ ਪੁਲਸ ਦੀ ਸ਼ਲਾਘਾ ਕਰਦੇ ਹੋਏ ਇਸ ਸਾਰੀ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਇਨ੍ਹਾਂ ਗੈਂਗਸਟਰਾਂ ਦੇ ਤਾਰ ਵਿੱਕੀ ਗੌਂਡਰ ਨਾਲ ਜੁੜੇ ਹੋਣ ਬਾਰੇ ਦਾਅਵਾ ਕੀਤਾ ਹੈ।
ਬਠਿੰਡਾ ਦੇ ਆਈ. ਜੀ. ਛੀਨਾ ਨੇ ਕਿਹਾ ਕਿ ਇਹ ਗੈਂਗਸਟਰ ਰਾਜਸਥਾਨ, ਯੂਪੀ 'ਚ ਵੀ ਕਤਲ ਤੇ ਲੁੱਟ-ਖੋਹ ਦੇ ਕਈ ਮਾਮਲਿਆਂ 'ਚ ਵਾਂਟੇਡ ਸਨ। ਜੇਕਰ ਇਨ੍ਹਾਂ ਨੂੰ ਫੜਿਆ ਨਹੀਂ ਜਾਂਦਾ ਤਾਂ ਇਹ ਪੰਜਾਬ ਜਾਂ ਹਰਿਆਣਾ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਸਨ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ, ਜਿਸ 'ਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।