ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ, ਵੇਖੋ ਤਸਵੀਰਾਂ

Thursday, Mar 09, 2023 - 05:04 PM (IST)

ਅੰਮ੍ਰਿਤਸਰ (ਸਰਬਜੀਤ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਅਤੇ ਸਾਫ਼-ਸਫ਼ਾਈ ਦੀ ਸੇਵਾ ਅੱਜ ਅਰਦਾਸ ਉਪਰੰਤ ਆਰੰਭ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਸੌਂਪੀ ਗਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉਪਰ ਗੁੰਬਦਾਂ ’ਤੇ ਲੱਗੇ ਸੋਨੇ ਦੀ ਧੁਆਈ ਦੇ ਕਾਰਜ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਨਿਸ਼ਕਾਮ ਸੇਵਕ ਜਥੇ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

PunjabKesari

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਨੂੰ ਮੁੱਖ ਰੱਖਦਿਆਂ ਸਮੇਂ-ਸਮੇਂ ਇਸ ਦੀ ਧੁਆਈ ਦਾ ਕਾਰਜ ਕੀਤਾ ਜਾਂਦਾ ਹੈ, ਜਿਸ ਦੀ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ ਬਰਮਿੰਘਮ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੀਂਹ ਅਤੇ ਪ੍ਰਦੂਸ਼ਣ ਆਦਿ ਕਰਕੇ ਸੋਨੇ ਦੀ ਚਮਕ ਸਮਾਂ ਪਾ ਕੇ ਘੱਟ ਜਾਂਦੀ ਹੈ, ਜਿਸ ਦੀ ਸਾਫ਼-ਸਫ਼ਾਈ ਜ਼ਰੂਰੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਿਸ਼ਕਾਮ ਸੇਵਕ ਜਥਾ ਇਹ ਸੇਵਾ ਨਿਸ਼ਕਾਮ ਰੂਪ ਵਿਚ ਕਰਦਾ ਹੈ। ਐਡਵੋਕੇਟ ਧਾਮੀ ਨੇ ਦੱਸਿਆ ਕਿ ਸੇਵਕ ਜਥੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲੇ ਹਿੱਸੇ ਵਿਚ ਲੱਗੇ ਸੁਨਹਿਰੀ ਪੱਤਰਿਆਂ ਅਤੇ ਮੀਨਾਕਾਰੀ ਦੀ ਲੋੜ ਅਨੁਸਾਰ ਮੁਰੰਮਤ ਦਾ ਕਾਰਜ ਵੀ ਆਰੰਭਿਆ ਗਿਆ ਹੈ, ਜੋ ਨਿਰੰਤਰ ਚੱਲ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਇਹ ਇਸੇ ਤਰ੍ਹਾਂ ਹੀ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ।

PunjabKesari

ਇਸ ਦੌਰਾਨ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੇ ਦੱਸਿਆ ਕਿ ਜਥੇ ਵੱਲੋਂ ਹਰ ਸਾਲ ਸੋਨੇ ਦੀ ਧੁਆਈ ਦਾ ਕਾਰਜ ਕੀਤਾ ਜਾਂਦਾ ਹੈ। ਇਸੇ ਤਹਿਤ ਹੀ ਇਸ ਵਾਰ ਵੀ ਸੰਗਤਾਂ ਸੋਨੇ ਦੀ ਧੁਆਈ ਦੀ ਸੇਵਾ ਵਾਸਤੇ ਵਿਸ਼ੇਸ਼ ਤੌਰ ’ਤੇ ਆਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸੇਵਾ ਕਰੀਬ 10-12 ਦਿਨ ਜਾਰੀ ਰਹੇਗੀ, ਜਿਸ ਤਹਿਤ ਪਾਵਨ ਅਸਥਾਨ ਦੇ ਬਾਹਰੀ ਹਿੱਸੇ ’ਤੇ ਲੱਗੇ ਸੋਨੇ ਦੀ ਧੁਆਈ ਕੁਦਰਤੀ ਢੰਗ ਨਾਲ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸੋਨੇ ਦੀ ਧੁਆਈ ਲਈ ਰੀਠੇ ਨੂੰ ਉਬਾਲ ਕੇ ਉਸ ਦਾ ਪਾਣੀ ਅਤੇ ਨਿੰਬੂ ਦਾ ਰਸ ਵਰਤਿਆ ਜਾਂਦਾ ਹੈ। ਇਹ ਬਿਲਕੁਲ ਕੁਦਰਤੀ ਤਰੀਕਾ ਹੈ ਅਤੇ ਇਸ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ।

PunjabKesari
 


Harnek Seechewal

Content Editor

Related News