ਸੋਨੇ ਦੇ ਲੈਣ-ਦੇਣ ਨੂੰ ਲੈ ਕੇ ਵਿਅਕਤੀ ਨੇ ਕੀਤੀ ਆਤਮਹੱਤਿਆ, ਸੁਸਾਈਡ ਨੋਟ ’ਚ ਪੁਲਸ ਵਾਲੇ ਦੀ ਖੋਲ੍ਹੀ ਪੋਲ
Tuesday, Nov 09, 2021 - 07:06 PM (IST)
ਅੰਮ੍ਰਿਤਸਰ (ਅਨਜਾਣ) : ਬੀਤੇ ਦਿਨੀਂ ਸੋਨੇ ਦੇ ਲੈਣ ਦੇਣ ਨੂੰ ਲੈ ਕੇ ਪੁਰਾਣੀ ਚੂੰਗੀ, ਸੁਲਤਾਨਵਿੰਡ ਬਾਜ਼ਾਰ ਨੰਬਰ ਇਕ ਵਿਖੇ ਦੋ ਧਿਰਾਂ ਦਾ ਆਪਸ ’ਚ ਝਗੜਾ ਹੋਇਆ ਸੀ। ਜਿਸ ’ਚ ਦੋਵਾਂ ਧਿਰਾਂ ਦੇ ਬਿਆਨਾਂ ’ਤੇ ਅਧਾਰਿਤ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵਿਚ ਖ਼ਬਰਾਂ ਵੀ ਲੱਗੀਆਂ। ਉਨ੍ਹਾਂ ’ਚੋਂ ਸੁਖਵਿੰਦਰ ਸਿੰਘ ਨਾਮ ਦਾ ਵਿਅਕਤੀ ਜਿਸ ਨੇ ਇਹ ਦੋਸ਼ ਲਗਾਏ ਸਨ ਕਿ ਉਸਨੇ ਆਪਣੇ ਗੁਆਂਢੀ ਕੋਲੋਂ 30-35 ਗ੍ਰਾਮ ਸੋਨਾ ਲੈਣਾ ਸੀ ਤੇ ਉਹ ਮੰਗਣ ’ਤੇ ਗੁਆਂਢੀ ਨੇ ਆਪਣੇ ਦੋਵੇਂ ਬੇਟੇ ਤੇ ਕੁਝ ਅਣਪਛਾਤੇ ਵਿਅਕਤੀਆਂ ਨਾਲ ਉਸਦੇ ਘਰ ’ਤੇ ਹਮਲਾ ਕਰਕੇ ਭੰਨ ਤੋੜ ਕਰਨ ਦੇ ਨਾਲ ਸੁਖਵਿੰਦਰ ਸਿੰਘ ਸਮੇਤ ਚਾਰ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਇਨਸਾਫ਼ ਨਾ ਮਿਲਣ ’ਤੇ ਸੁਖਵਿੰਦਰ ਸਿੰਘ ਬੱਬੂ ਨਾਮ ਦੇ ਵਿਅਕਤੀ ਨੇ ਥਾਣਾ ਬੀ ਡਵੀਜ਼ਨ ਦੀ ਬੈਕ ਸਾਈਡ ’ਤੇ ਇਕ ਹੋਟਲ ’ਚ ਆਤਮ ਹੱਤਿਆ ਕਰਦਿਆਂ ਥਾਣਾ ਬੀ-ਡਵੀਜ਼ਨ ਦੇ ਇਕ ਐੱਸ. ਐੱਚ. ਓ. ਸਮੇਤ ਆਪਣੇ ਗੁਆਂਢੀ ਹਰਭਜਨ ਸਿੰਘ, ਉਸ ਦੇ ਦੋਵੇਂ ਬੇਟੇ ਤੇ ਹਲਕਾ ਵਿਧਾਇਕ ਦੇ ਪੀ. ਏ. ’ਤੇ ਦੋਸ਼ ਲਗਾਇਆ ਹੈ। ਉਸਨੇ ਆਪਣੇ ਨੋਟ ‘ਚ ਲਿਖਿਆ ਹੈ ਕਿ ਥਾਣੇ ਦੇ ਇਕ ਏ. ਐੱਸ. ਆਈ ਨੇ ਹਰਭਜਨ ਸਿੰਘ ਕੋਲੋਂ ਪੈਸੇ ਖਾ ਕੇ ਮੇਰੇ ’ਤੇ 326 ਦਾ ਝੂਠਾ ਪਰਚਾ ਕੱਟ ਦਿੱਤਾ ਤੇ ਹਲਕਾ ਵਿਧਾਇਕ ਦੇ ਪੀ. ਏ. ਨੇ ਵੀ ਮੈਨੂੰ ਡਰਾਇਆ ਧਮਕਾਇਆ। ਸੁਖਵਿੰਦਰ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਥਾਣੇ ਦਾ ਏ. ਐੱਸ. ਆਈ, ਹਲਕਾ ਵਿਧਾਇਕ ਦਾ ਪੀ. ਏ ਤੇ ਹਰਭਜਨ ਸਿੰਘ ਹਨ, ਇਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ’ਚ 19 ਸਾਲਾ ਮੁਟਿਆਰ ਦੀ ਮੌਤ, ਕੁੱਝ ਦਿਨ ਬਾਅਦ ਜਾਣਾ ਸੀ ਕੈਨੇਡਾ
ਮੇਰੇ ਭਨੇਵੇਂ ਦੀ ਮੌਤ ਦਾ ਇਨਸਾਫ਼ ਦਿੱਤਾ ਜਾਵੇ
ਸੁਖਵਿੰਦਰ ਸਿੰਘ ਬੱਬੂ ਦੇ ਨਜ਼ਦੀਕੀ ਰਿਸ਼ਤੇਦਾਰ ਹਰਭਜਨ ਸਿੰਘ ਸੁਲਤਾਨਵਿੰਡ ਨੇ ਗੱਲਬਾਤ ਦੌਰਾਨ ਕਿਹਾ ਕਿ ਮੇਰੇ ਭਨੇਵੇਂ ਦੀ ਮੌਤ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦੇ ਕੇ ਇਨਸਾਫ਼ ਦਿੱਤਾ ਜਾਵੇ।
ਇਹ ਵੀ ਪੜ੍ਹੋ : ਨਸ਼ੇੜੀ ਪੁੱਤ ਨੇ ਨਸ਼ੇ ਲਈ ਪੈਸੇ ਨਾ ਦੇਣ ’ਤੇ ਕਥਿਤ ਤੌਰ ’ਤੇ ਮਾਂ ਨੂੰ ਮੌਤ ਦੇ ਘਾਟ ਉੱਤਾਰਿਆ
ਪੁਲਸ ਆਪਣੇ ਕੰਮ ਪ੍ਰਤੀ ਨਹੀਂ ਇਮਾਨਦਾਰ : ਤਲਬੀਰ ਗਿੱਲ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਦੱਖਣੀ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਸੁਖਵਿੰਦਰ ਸਿੰਘ ਬੱਬੂ ਨੂੰ ਹਲਕਾ ਵਿਧਾਇਕ ਦੇ ਘਰ ਬੁਲਾ ਕੇ ਉਨ੍ਹਾਂ ਦੇ ਪੀ ਏ, ਏ ਐਸ ਆਈ ਤੇ ਹਰਭਜਨ ਸਿੰਘ ਨੇ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਫੈਸਲਾ ਨਾ ਕੀਤਾ ਤਾਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਜ਼ਲੀਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਹਲਕਾ ਵਿਧਾਇਕ, ਉਸਦਾ ਪੀ ਏ, ਥਾਣਾ ਬੀ ਡਵੀਜ਼ਨ ਦਾ ਕੇਸ ਨਾਲ ਸਬੰਧਤ ਏ. ਐੱਸ. ਆਈ ਤੇ ਹਰਭਜਨ ਸਿੰਘ ਜ਼ਿੰਮੇਵਾਰ ਹਨ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕੇਸ ਵਿਚ ਚਾਹੇ ਹਲਕਾ ਵਿਧਾਇਕ ਹੀ ਹੋਵੇ ਉਸਨੂੰ ਵੀ ਸਲਾਖਾਂ ਅੰਦਰ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕਈ ਸਾਲਾਂ ਬਾਅਦ ਪੁੱਤਾਂ ਕੋਲ ਆਈ ਮਾਂ ਨਾਲ ਵਾਪਰੀ ਅਨਹੋਣੀ, ਇੰਝ ਮਿਲੀ ਮੌਤ ਕਿ ਸੋਚਿਆ ਨਾ ਸੀ
ਜਾਂਚ ਜਾਰੀ ਹੈ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ
ਏ. ਡੀ. ਸੀ. ਪੀ. ਹਰਪਾਲ ਸਿੰਘ ਤੇ ਪੁਲਸ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਜਾਂਚ ਜਾਰੀ ਹੈ। ਦੋਸ਼ੀਆਂ ’ਤੇ ਪਹਿਲਾਂ ਹੀ ਪਰਚੇ ਦਰਜ ਕੀਤੇ ਗਏ ਹਨ, ਬੇਸ਼ੱਕ ਉਹ ਆਸੇ ਪਾਸੇ ਹਨ ਪਰ ਬਹੁਤ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ। ਜਾਂਚ ਦੌਰਾਨ ਹੋਰ ਵੀ ਜੋ ਦੋਸ਼ੀ ਪਾਇਆ ਗਿਆ ਉਸ ’ਤੇ ਵੀ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?