ਬੈਂਕਾਕ ਤੋਂ ਸੋਨੇ ਦੇ 11 ਬਿਸਕੁੱਟ ਲਿਆਇਆ ਸ਼ਖਸ ਚੰਡੀਗਡ਼੍ਹ ਏਅਰਪੋਰਟ ’ਤੇ ਗ੍ਰਿਫਤਾਰ
Saturday, Jul 07, 2018 - 04:57 AM (IST)

ਲੁਧਿਆਣਾ(ਬਹਿਲ)-ਕਸਟਮ ਸਟਾਫ ਨੇ ਏਅਰ ਇੰਡੀਆ ਦੀ ਫਲਾਈਟ ਨੰਬਰ ਏ. ਆਈ. 337 ਵਿਚ ਬੈਂਕਾਕ ਤੋਂ ਆਏ ਇਕ ਪੈਸੰਜਰ ਨੂੰ 838.42 ਗ੍ਰਾਮ ਸੋਨੇ ਦੇ ਨਾਲ ਚੰਡੀਗਡ਼੍ਹ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਹੈ। ਕਸਟਮ ਅਧਿਕਾਰੀਆਂ ਵਲੋਂ ਫਡ਼ਿਆ ਗਿਆ ਸ਼ਖਸ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਹੈਂਡ ਬੈਗ ਵਿਚੋਂ 11 ਸੋਨੇ ਦੇ ਬਿਸਕੁਟ ਬਰਾਮਦ ਹੋਏ ਹਨ, ਜਿਨ੍ਹਾਂ ਦੀ ਬਾਜ਼ਾਰ ਵਿਚ 25,57,181 ਰੁਪਏ ਕੀਮਤ ਦੱਸੀ ਗਈ ਹੈ। ਇਨ੍ਹਾਂ ਬਿਸਕੁਟਾਂ ਨੂੰ ਕਾਲੀ ਟੇਪ ਦੇ 3 ਬੰਡਲਾਂ ਦੀ ਸ਼ਕਲ ਵਿਚ ਲਪੇਟਿਆ ਗਿਆ ਸੀ। ਜਾਣਕਾਰੀ ਦਿੰਦੇ ਹੋਏ ਕਸਟਮ ਕਮਿਸ਼ਨਰ ਏ. ਐੱਸ. ਰੰਗਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਯਾਤਰੀ ਤੋਂ ਬਰਾਮਦ 11 ਸੋਨੇ ਦੇ ਬਿਸਕੁਟਾਂ ਨੂੰ ਏਅਰਪੋਰਟ ’ਤੇ ਸਥਾਪਤ ਹੈਲਮੇਟ ਫਿਸ਼ਰ ਜੀ. ਐੱਮ. ਬੀ. ਐੱਚ. ਮਸ਼ੀਨ ਨਾਲ ਜਾਂਚਣ ’ਤੇ 23.20 ਕੈਰੇਟ ਗੋਲਡ 96.66 ਪਾਇਆ ਗਿਆ। ਕਸਟਮ ਐਕਟ-1962 ਤਹਿਤ ਉਕਤ ਯਾਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਗੋਲਡ ਸਮੱਗਲਿੰਗ ਵਧਣ ਦੀ ਇਹ ਹੈ ਵਜ੍ਹਾ
ਕਸਟਮ ਕਮਿਸ਼ਨਰ ਏ. ਐੱਸ. ਰੰਗਾ ਨੇ ਕਿਹਾ ਕਿ ਦੁਬਈ ਦਾ ਸੋਨਾ ਪੂਰੇ ਵਿਸ਼ਵ ਵਿਚ ਸ਼ੁੱਧਤਾ ਲਈ ਪ੍ਰਸਿੱਧ ਹੈ। ਭਾਰਤੀ ਸੋਨੇ ਦੇ ਮੁਕਾਬਲੇ ਦੁਬਈ ਵਿਚ ਸੋਨਾ ਪ੍ਰਤੀ ਕਿਲੋਗ੍ਰਾਮ 3 ਤੋਂ 4 ਲੱਖ ਰੁਪਏ ਸਸਤਾ ਹੈ। ਗੋਲਡ ਕੰਟਰੋਲ ਐਕਟ ਦੇ ਮੁਤਾਬਕ 6 ਮਹੀਨੇ ਤੱਕ ਵਿਦੇਸ਼ ਵਿਚ ਰਹਿਣ ਵਾਲੇ ਵਿਅਕਤੀ ਨੂੰ ਕਸਟਮ ਡਿਊਟੀ ਅਦਾ ਕਰਨ ’ਤੇ 1 ਕਿਲੋਗ੍ਰਾਮ ਸੋਨਾ ਅਤੇ 5 ਕਿਲੋਗ੍ਰਾਮ ਚਾਂਦੀ ਲਿਆਉਣ ਦੀ ਇਜਾਜ਼ਤ ਹੈ। ਵਿਦੇਸ਼ਾਂ ਵਿਚ ਬੈਠੇ ਸਮੱਗਲਰ ‘ਮਨੁੱਖੀ ਕੋਰੀਅਰ’ ਰਾਹੀਂ ਸੋਨੇ ਦੀ ਸਮੱਗਲਿੰਗ ਨੂੰ ਅੰਜਾਮ ਦੇਣ ਲਈ ਸ਼ਾਰਟ-ਕੱਟ ਰਸਤਾ ਬਣਾ ਰਹੇ ਹਨ। ਇਸ ਵਿਚ ਕੋਰੀਅਰ ਅਤੇ ਗਲਰਜ਼ ਨੂੰ ਦੁਬਈ ਤੋਂ ਭਾਰਤ ਆਉਣ-ਜਾਣ ਦੀ ਮੁਫਤ ਟਿਕਟ ਤੋਂ ਇਲਾਵਾ 10 ਤੋਂ 20 ਹਜ਼ਾਰ ਰੁਪਏ ਨਕਦ ਭੁਗਤਾਨ ਕੀਤਾ ਜਾਂਦਾ ਹੈ। ਕਸਟਮ ਇੰਟੈਲੀਜੈਂਸ ਦੀ ਗੁਪਤ ਸੂਚਨਾ ਮੁਤਾਬਕ ਆਮ ਤੌਰ ’ਤੇ ਕੋਰੀਅਰ ਲਿਆਉਣ ਵਾਲੇ ਵਿਅਕਤੀ ਕਸਟਮ ਅਧਿਕਾਰੀਆਂ ਵਲੋਂ ਫਡ਼ੇ ਜਾਂਦੇ ਹਨ। ਕਸਟਮ ਕਾਨੂੰਨ ਮੁਤਾਬਕ 25 ਲੱਖ ਤੋਂ ਉੱਪਰ ਦੀ ਕੀਮਤ ਦਾ ਸੋਨਾ ਲਿਆਉਣ ਵਾਲੇ ਵਿਅਕਤੀ ਦੀ ਗ੍ਰਿਫਤਾਰੀ ਹੋ ਸਕਦੀ ਹੈ ਪਰ ਕਸਟਮ ਐਕਟ 1962 ਤਹਿਤ ਗ੍ਰਿਫਤਾਰ ਵਿਅਕਤੀ ਨੂੰ ਜ਼ਮਾਨਤ ’ਤੇ ਛੱਡਣ ਦੀ ਵਿਵਸਥਾ ਹੈ। ®ਦੱਸ ਦੇਈਏ ਕਿ ਸੋਨੇ ਦੀ ਸਮੱਗਲਿੰਗ ਲਈ ਕੋਰੀਅਰ ਦੀ ਭੂਮਿਕਾ ਨਿਭਾਉਣ ਵਾਲੇ ਜ਼ਿਆਦਾਤਰ ਨੌਜਵਾਨ ਬੇਰੋਜ਼ਗਾਰੀ ਕਾਰਨ ਇਸ ਧੰਦੇ ਵਿਚ ਸ਼ਾਮਲ ਹੁੰਦੇ ਹਨ।