ਢੀਂਡਸਾ ਪਿਉ-ਪੁੱਤ ''ਤੇ ਵਰ੍ਹੇ ਲੌਂਗੋਵਾਲ, ਢੀਂਡਸਾ ਬੋਲੇ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ

01/05/2020 7:05:47 PM

ਧਨੌਲਾ (ਰਵਿੰਦਰ) : ਜਿਸ ਪਾਰਟੀ ਨੇ ਕਿਸੇ ਵੀ ਆਗੂ ਨੂੰ ਹਮੇਸ਼ਾ ਮੂਹਰਲੀਆਂ ਕਤਾਰਾਂ ਵਿਚ ਰੱਖ ਕੇ ਵੱਡੇ ਅਹੁਦੇ ਦੇ ਕੇ ਨਿਵਾਜਿਆ ਹੋਵੇ ਹੁਣ ਉਹੀ ਆਗੂ ਆਪਣੇ ਕਿਸੇ ਨਿੱਜੀ ਸਵਾਰਥ ਨੂੰ ਮੁੱਖ ਰੱਖ ਕੇ ਪਾਰਟੀ ਨੂੰ ਹੀ ਅੱਖਾਂ ਦਿਖਾਉਣ ਲੱਗ ਪਏ ਹਨ, ਢੀਂਡਸਾ ਪਿਉ-ਪੁੱਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀ ਪ੍ਰਧਾਨ ਵਿਰੁੱਧ ਕੀਤੀਆਂ ਜਾਂਦੀਆਂ ਟਿੱਪਣੀਆ ਮੰਦ ਭਾਗੀਆਂ ਹਨ। ਇਹ ਪ੍ਰਗਟਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਹੀਦ ਬਾਬਾ ਨੱਥਾ ਸਿੰਘ ਦੇ ਸਲਾਨਾ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਢੀਂਡਸਾ ਪਰਿਵਾਰ ਨੂੰ ਜੇ ਕੋਈ ਗੁੱਸਾ ਸੀ ਤਾਂ ਉਨ੍ਹਾਂ ਨੂੰ ਪਾਰਟੀ ਦੇ ਜ਼ਿੰਮੇਵਾਰ ਆਗੂ ਹੁੰਦੇ ਹੋਏ ਆਪਣੀ ਗੱਲ ਪਾਰਟੀ ਵਿਚ ਰੱਖਣੀ ਚਾਹੀਦੀ ਸੀ ਨਾ ਕਿ ਸ਼ਰੇਆਮ ਭੰਡੀ ਪ੍ਰਚਾਰ ਕਰਨ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਸੀ।

ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਇਕ ਵੱਡਾ ਸਮੁੰਦਰ ਹੈ, ਇਸ ਤਰ੍ਹਾਂ ਦੇ ਆਗੂਆਂ ਦਾ ਪਾਰਟੀ ਵਿਚ ਆਉਣਾ ਜਾਣਾ ਬਣਿਆ ਰਹਿੰਦਾ ਹੈ। ਇਕ ਦੋ ਲੀਡਰ ਜਾਣ ਨਾਲ ਪਾਰਟੀ ਦਾ ਕੋਈ ਬਹੁਤਾ ਸਿਆਸੀ ਨੁਕਸਾਨ ਹੋਣ ਵਾਲਾ ਨਹੀਂ ਹੈ। ਨਨਕਾਣਾ ਸਾਹਿਬ 'ਤੇ ਪਿਛਲੇ ਦਿਨੀਂ ਹੋਏ ਹਮਲੇ ਸਬੰਧੀ ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਘਟਨਾਂ ਦੀ ਜਾਂਚ ਸਬੰਧੀ ਅਤੇ ਦੋਸ਼ੀਆ ਨੂੰ ਗ੍ਰਿਫਤਾਰ ਕਰਵਾਉਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ। 

PunjabKesari

ਇਸ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀਆ ਗੱਲਾਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਨਹੀਂ ਕਰਨੀਆਂ ਚਾਹੀਦੀਆਂ। ਢੀਂਡਸਾ ਨੇ ਕਿਹਾ ਕਿ ਉਸਨੂੰ ਮੇਰੀਆਂ ਕੁਰਬਾਨੀਆ ਬਾਰੇ ਪਤਾ ਹੈ। ਰਹੀ ਗੱਲ ਪਰਮਿੰਦਰ ਦੀ ਮੰਤਰੀ ਪਦ ਦੇ ਅਹੁਦਿਆਂ 'ਤੇ ਹੁੰਦੇ ਹੋਏ ਉਸਦੀ ਕਾਰਗੁਜ਼ਾਰੀ ਇਕ ਨੰਬਰ ਦੀ ਰਹੀ ਹੈ। ਉਨ੍ਹਾਂ ਕਿਹਾ ਕਿ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ। ਢੀਂਡਸਾ ਨੇ ਕਿਹਾ ਕਿ ਲੌਗਵਾਲ ਤਾਂ ਸੁਖਬੀਰ ਦੀ ਰਬੜ ਦੀ ਮੋਹਰ ਹੈ ਆਪਣੇ ਤੌਰ 'ਤੇ ਕੋਈ ਫੈਸਲਾ ਨਹੀਂ ਲੈ ਸਕਦਾ ਹੈ। ਮੇਰੇ ਵੱਲੋਂ ਤਾਂ ਕੋਰ ਕਮੇਟੀ ਦੀ ਪਹਿਲੀ ਮੀਟਿੰਗ ਵਿਚ ਹੀ ਸੁਖਬੀਰ ਦੀ ਡਿਕਟੇਟਰਸ਼ਿਪ ਵਾਲੀ ਨੀਤੀ ਦੀ ਵਿਰੋਧਤਾਂ ਕਰਕੇ ਅਸਤੀਫਾ ਮੰਗਿਆ ਸੀ। ਸੁਖਬੀਰ ਨੇ ਇਕ ਅਨਾੜੀ ਆਗੂ ਹੋਣ ਕਾਰਣ ਅਕਾਲੀ ਦਲ ਦੇ ਮਾਣਮੱਤੇ ਇਤਿਹਾਸ ਨੂੰ ਰੋਲ ਕੇ ਰੱਖ ਦਿੱਤਾ ਹੈ ਅਤੇ ਇਸਦੀ ਅਗਵਾਈ ਵਿਚ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਿਆ ਹੈ।


Gurminder Singh

Content Editor

Related News