ਜਾਣੋ ''ਕੋਰੋਨਾ ਮਹਾਂਮਾਰੀ'' ''ਤੇ SGPC ਦੀਆਂ ਕੀ ਨੇ ਤਿਆਰੀਆਂ

Friday, Mar 27, 2020 - 04:01 PM (IST)

ਜਲੰਧਰ (ਰਮਨਦੀਪ ਸੋਢੀ) : ਪੰਜਾਬ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ, ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਵਲੋਂ ਵੀ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸਹਿਯੋਗ ਕਰਨ ਦੀ ਗੱਲ ਕਹੀ ਗਈ ਹੈ। ਇਸ ਬਾਰੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ 'ਜਗਬਾਣੀ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਮੇਟੀ ਵਲੋਂ ਭਾਰਤ ਅਤੇ ਪੰਜਾਬ ਸਰਕਾਰ ਨਾਲ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਜਿੱਥੇ-ਜਿੱਥੇ ਲੋਕਾਂ ਨੂੰ ਲੋੜ ਹੈ, ਉੱਥੇ ਕਮੇਟੀ ਦੇ ਅਧੀਨ ਗੁਰਦੁਆਰਿਆਂ ਵਲੋਂ ਰਾਸ਼ਨ-ਪਾਣੀ ਪਹੁੰਚਾਇਆ ਜਾ ਰਿਹਾ ਹੈ ਪਰ ਜਦੋਂ ਫੰਡ ਬਾਰੇ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਕਮੇਟੀ ਕੋਲ ਸਿਰਫ 500-600 ਕਰੋੜ ਦਾ ਬਜਟ ਹੁੰਦਾ ਹੈ, ਜੋ ਕਿ ਕਮੇਟੀ ਵਲੋਂ ਕੀਤੇ ਜਾਂਦੇ ਲੋਕ ਭਲਾਈ ਦੇ ਵੱਖ-ਵੱਖ ਕੰਮਾਂ 'ਚ ਖਰਚ ਹੋ ਜਾਂਦਾ ਹੈ।

ਲੌਂਗੋਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ। ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਮੇਟੀ ਨੂੰ ਜੋ-ਜੋ ਹਦਾਇਤ ਕੀਤੀ ਜਾਂ ਰਹੀ ਹੈ, ਉਸ ਮੁਤਾਬਕ ਕਮੇਟੀ ਆਪਣੀਆਂ ਸੇਵਾਵਾਂ ਸਰਕਾਰ ਨੂੰ ਦੇ ਰਹੀ ਹਨ ਅਤੇ ਸਰਕਾਰ ਦੀ ਹਦਾਇਤ ਮੁਤਾਬਕ ਹੀ ਕੰਮ ਕਰ ਰਹੀ ਹੈ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਹੁਣ ਸ੍ਰੀ ਦਰਬਾਰ ਸਾਹਿਬ 'ਚ ਵਾਇਰਸ ਕਾਰਨ ਸੰਗਤ ਨਹੀਂ ਆ ਰਹੀ ਤੇ ਸਟੋਰਾਂ 'ਚ ਲੰਗਰ ਦਾ ਜੋ ਸਮਾਨ ਹੈ, ਉਸ ਦਾ ਕੀ ਕੀਤਾ ਜਾ ਰਿਹਾ ਹੈ ਤਾਂ ਲੌਂਗੋਵਾਲ ਨੇ ਕਿਹਾ ਕਿ ਇਹ ਲੰਗਰ ਦਾ ਸਮਾਨ ਵੱਖ-ਵੱਖ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਇਹ ਕੰਮ ਇੰਝ ਹੀ ਜਾਰੀ ਰਹੇਗਾ।


Babita

Content Editor

Related News