ਕਿਰਪਾਨ ਨੂੰ ਮਾਨਤਾ ਦੇਣਾ ਬਰਤਾਨੀਆ ਸਰਕਾਰ ਦਾ ਸ਼ਲਾਘਾਯੋਗ ਕਦਮ : ਲੌਂਗੋਵਾਲ

Tuesday, May 21, 2019 - 05:46 PM (IST)

ਕਿਰਪਾਨ ਨੂੰ ਮਾਨਤਾ ਦੇਣਾ ਬਰਤਾਨੀਆ ਸਰਕਾਰ ਦਾ ਸ਼ਲਾਘਾਯੋਗ ਕਦਮ : ਲੌਂਗੋਵਾਲ

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਰਤਾਨੀਆ ਸਰਕਾਰ ਵੱਲੋਂ ਹਥਿਆਰਾਂ ਬਾਰੇ ਬਣਾਏ ਗਏ ਕਾਨੂੰਨ ਵਿਚੋਂ ਕਿਰਪਾਨ ਨੂੰ ਬਾਹਰ ਰੱਖਣ ਦੇ ਫੈਸਲਾ ਦਾ ਸਵਾਗਤ ਕੀਤਾ ਹੈ। ਭਾਈ ਲੌਂਗੋਵਾਲ ਅੱਜ ਇਥੇ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਪੁੱਜੇ ਸਨ, ਨੇ ਆਖਿਆ ਕਿ ਸਿੱਖ ਅੱਜ ਪੂਰੇ ਵਿਸ਼ਵ 'ਚ ਵੱਸਦੇ ਹਨ ਅਤੇ ਉਨ੍ਹਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨੂੰ ਮਾਨਤਾ ਦੇ ਕੇ ਬਰਤਾਨੀਆ ਸਰਕਾਰ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ। ਉਨ੍ਹਾਂ ਆਖਿਆ ਕਿ ਜਿਥੇ ਅੰਮ੍ਰਿਤਧਾਰੀ ਗੁਰਸਿੱਖਾਂ ਵੱਲੋਂ ਕਕਾਰਾਂ ਦਾ ਹਿੱਸਾ ਕਿਰਪਾਨ ਨੂੰ ਸਦਾ ਅੰਗ-ਸੰਗ ਰੱਖਿਆ ਜਾਂਦਾ ਹੈ, ਉਥੇ ਹੀ ਨਗਰ ਕੀਰਤਨ ਆਦਿ ਸਮਾਗਮਾਂ ਸਮੇਂ ਵੱਡੀ ਕਿਰਪਾਨ ਵੀ ਸਜਾਈ ਜਾਂਦੀ ਹੈ। ਇਸ ਦੇ ਨਾਲ ਹੀ ਗੱਤਕਾ ਪ੍ਰਦਰਸ਼ਨੀ ਵੀ ਵੱਡੀ ਕਿਰਪਾਨ ਤੋਂ ਬਗੈਰ ਸੰਭਵ ਨਹੀਂ ਹੈ। ਹੁਣ ਬਰਤਾਨੀਆ ਸਰਕਾਰ ਵੱਲੋਂ ਸੋਧੇ ਗਏ ਕਾਨੂੰਨ ਅਨੁਸਾਰ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਿਰਪਾਨ ਦੀ ਮਨਾਹੀ ਨਹੀਂ ਹੋਵੇਗੀ। 
ਉਨ੍ਹਾਂ ਆਖਿਆ ਕਿ ਇਹ ਬਰਤਾਨੀਆ 'ਚ ਰਹਿੰਦੇ ਸਿੱਖਾਂ ਲਈ ਬੇਹੱਦ ਖੁਸ਼ੀ ਦੀ ਖਬਰ ਹੈ। ਇਹ ਕਾਨੂੰਨ ਪਾਸ ਕਰਵਾਉਣ ਲਈ ਭਾਈ ਲੌਂਗੋਵਾਲ ਨੇ ਸਥਾਨਕ ਸਿੱਖ ਸੰਗਤਾਂ ਤੇ ਸਿੱਖ ਆਗੂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਇਸ ਕਾਨੂੰਨ ਲਈ ਮਹਾਰਾਣੀ ਐਲਿਜਾਬੈਥ (2) ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਨਾਲ ਸਿੱਖ ਬਰਤਾਨੀਆ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਹੋਰ ਦ੍ਰਿੜ੍ਹਤਾ ਨਾਲ ਕਾਰਜ ਕਰਨਗੇ। ਉਨ੍ਹਾਂ ਆਖਿਆ ਕਿ ਇਸ ਨਾਲ ਆਪਸੀ ਭਾਈਚਾਰਕ ਸਾਂਝ ਵੀ ਵਧੇਗੀ ਅਤੇ ਸਿੱਖਾਂ ਨੂੰ ਵਿਦੇਸ਼ਾਂ ਵਿਚ ਆਪਣੇਪਨ ਦਾ ਅਹਿਸਾਸ ਹੋਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਬਰਤਾਨੀਆ ਸਰਕਾਰ ਦੇ ਇਸ ਫੈਸਲੇ ਤੋਂ ਸੇਧ ਲੈਣ ਦੀ ਅਪੀਲ ਵੀ ਕੀਤੀ ਹੈ।


author

Gurminder Singh

Content Editor

Related News