ਜਲੰਧਰ: ਗੁਰੂ ਨਾਨਕ ਆਟੋ ਇੰਟਰਪ੍ਰਾਈਜਿਜ਼ ਦੇ ਮਾਲਕ ਦੇ ਪੁੱਤਰ ਨੇ ਖ਼ੁਦ ਨੂੰ ਮਾਰੀ ਗ਼ੋਲੀ
Wednesday, Oct 28, 2020 - 05:49 PM (IST)
ਜਲੰਧਰ/ਗੋਰਾਇਆ (ਮ੍ਰਿਦੁਲ, ਮੁਨੀਸ਼)— ਜੀ. ਐੱਨ. ਏ. ਦੇ ਮਾਲਕ ਦੇ ਬੇਟੇ ਵੱਲੋਂ ਦੇਰ ਰਾਤ ਖ਼ੁਦ ਨੂੰ ਗ਼ੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਦੇ ਪਿੰਡ ਵਿਰਕਾਂ ਦੇ ਰਹਿਣ ਵਾਲੇ ਜੀ. ਐੱਨ. ਏ. (ਗੁਰੂ ਨਾਨਕ ਆਟੋ ਇੰਟਰਪ੍ਰਾਈਜਿਜ਼) ਦੇ ਮਾਲਕ ਜਗਦੀਸ਼ ਸਿੰਘ ਦੇ ਬੇਟੇ ਗੁਰਿੰਦਰ ਸਿੰਘ ਨੇ ਘਰੇਲੂ ਕਲੇਸ਼ ਦੇ ਚਲਦਿਆਂ ਦੇਰ ਰਾਤ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਸਿਰ 'ਚ ਗੋਲੀ ਮਾਰ ਲਈ।
ਇਹ ਵੀ ਪੜ੍ਹੋ : ਮਹਿੰਗੇ ਸ਼ੌਂਕਾਂ ਨੇ ਕਰਵਾਈ ਇਹ ਘਟੀਆ ਕਰਤੂਤ, ਪੁਲਸ ਅੜਿੱਕੇ ਆਉਣ 'ਤੇ ਖੁੱਲ੍ਹਿਆ ਭੇਤ
ਦੱਸਿਆ ਜਾ ਰਿਹਾ ਹੈ ਕਿ ਘਰ 'ਚ ਪਿਤਾ ਨਾਲ ਝਗੜਾ ਹੋਣ ਉਪਰੰਤ ਉਨ੍ਹਾਂ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ। ਮੌਕੇ 'ਤੇ ਪਰਿਵਾਰ ਵੱਲੋਂ ਤੁਰੰਤ ਉਨ੍ਹਾਂ ਨੂੰ ਜੌਹਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਡਾ. ਬੀ. ਐੱਸ. ਜੌਹਲ ਵੱਲੋਂ ਕੀਤੀ ਗਈ ਹੈ।
ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਗੁਰਿੰਦਰ ਸਿੰਘ ਨੇ ਘਰੇਲੂ ਕਲੇਸ਼ ਦੇ ਚਲਦਿਆਂ ਹੀ ਕੁਝ ਮਹੀਨੇ ਪਹਿਲਾਂ ਘਰ 'ਚ ਹਵਾਈ ਫਾਇਰ ਕੀਤੇ ਸਨ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ 'ਚ ਦੋਸਾਂਝ ਕਲਾਂ ਦੇ ਇੰਚਾਰਜ ਚਰਨਜੀਤ ਸਿੰਘ ਦੇ ਸੰਪਰਕ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਰਾਤ 2 ਦੇ ਵਜੇ ਕਰੀਬ ਆਪਣੇ ਹੀ ਕਮਰੇ 'ਚ ਗੁਰਿੰਦਰ ਸਿੰਘ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਜੌਹਲ ਹਸਪਤਾਲ ਜਲੰਧਰ 'ਚ ਰੈਫਰ ਕਰ ਦਿੱਤਾ ਗਿਆ ਸੀ ਅਤੇ ਇਥੇ ਇਲਾਜ ਅਧੀਨ ਉਨ੍ਹਾਂ ਅੱਜ ਬਾਅਦ ਦੁਪਹਿਰ ਆਖਰੀ ਸਾਹ ਲਏ।
ਪਿਤਾ ਮੁਤਾਬਕ ਉਨ੍ਹਾਂ ਦਾ ਬੇਟਾ ਤਾਲਾਬੰਦੀ ਤੋਂ ਬਾਅਦ ਕਾਫ਼ੀ ਪਰੇਸ਼ਾਨ ਚੱਲ ਰਿਹਾ ਸੀ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਗੁਰਿੰਦਰ ਸਿੰਘ ਦੀ ਪਤਨੀ ਅਮਰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਹੋਏ 18 ਸਾਲ ਹੋ ਚੁੱਕੇ ਹਨ। ਵਿਆਹ ਤੋਂ ਬਾਅਦ ਉਨ੍ਹਾਂ ਦੇ 2 ਬੱਚੇ ਹੋਏ। ਇਕ 12 ਸਾਲ ਦਾ ਬੇਟਾ ਅਤੇ 6 ਸਾਲ ਦੀ ਬੇਟੀ ਹੈ।
ਪਤੀ ਦੇ ਅਜਿਹੇ ਕਦਮ ਨਾਲ ਟੁੱਟ ਗਿਆ ਸਾਰਾ ਪਰਿਵਾਰ
ਪਤਨੀ ਅਮਰਦੀਪ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਗੁਰਿੰਦਰ ਸਿੰਘ ਜਮਾਲਪੁਰ ਸਥਿਤ ਜੀ. ਐੱਨ. ਏ. ਇੰਟਰਪ੍ਰਾਈਜ਼ਜ਼ ਫੈਕਟਰੀ 'ਚ ਬਤੌਰ ਮੈਨੇਜਿੰਗ ਡਾਇਰੈਕਟਰ ਸਾਰਾ ਕਾਰੋਬਾਰ ਵੇਖ ਰਹੇ ਸਨ। ਤਾਲਾਬੰਦੀ ਦੇ ਬਾਅਦ ਤੋਂ ਕਾਰੋਬਾਰ 'ਚ ਮੰਦੀ ਆਉਣ ਕਾਰਨ ਉਹ ਪਰੇਸ਼ਾਨ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾਂ ਨੇ ਸ਼ਰਾਬ ਦਾ ਸੇਵਨ ਜ਼ਿਆਦਾ ਕਰਨਾ ਸ਼ੁਰੂ ਕਰ ਦਿੱਤਾ। ਰਾਤ ਨੂੰ ਉਨ੍ਹਾਂ ਦੇ ਸਹੁਰੇ ਜਗਦੀਸ਼ ਸਿੰਘ ਸਿਹਰਾ ਅਤੇ ਸੱਸ ਖਾਣਾ ਖਾਣ ਤੋਂ ਬਾਅਦ ਘਰ ਦੇ ਉਪਰ ਸਥਿਤ ਕਮਰੇ 'ਚ ਸੌਣ ਚਲੇ ਗਏ। ਇਸ ਤੋਂ ਬਾਅਦ ਪਤੀ ਗੁਰਿੰਦਰ ਸ਼ਰਾਬ ਪੀਣ ਲੱਗਾ ਅਤੇ ਸ਼ਰਾਬ ਦੇ ਨਸ਼ੇ 'ਚ ਉਨ੍ਹਾਂ ਨੇ ਰਾਤ ਨੂੰ ਕਮਰੇ 'ਚ ਇਕੱਲੇ ਜਾ ਕੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਉਨ੍ਹਾਂ ਨੇ ਗ਼ੋਲੀ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੂੰ ਤੁਰੰਤ ਕਾਰ ਵਿਚ ਜੌਹਲ ਹਸਪਤਾਲ ਲੈ ਗਏ, ਜਿੱਥੇ ਬੁੱਧਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਕਾਰੋਬਾਰੀ ਪਰੇਸ਼ਾਨੀ ਕਾਰਨ ਪਤੀ ਨੇ ਇਹ ਕਦਮ ਉਠਾਇਆ ਹੈ। ਉਨ੍ਹਾਂ ਦੇ ਇਹ ਕਦਮ ਉਠਾਉਣ ਨਾਲ ਸਾਰਾ ਪਰਿਵਾਰ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਸੱਸ ਅਤੇ ਸਹੁਰਾ ਵੀ ਬਜ਼ੁਰਗ ਹਨ ਅਤੇ ਮੈਂ ਪਤੀ ਦੀ ਮੌਤ ਨਾਲ ਬਹੁਤ ਦੁਖੀ ਹਾਂ। ਉਥੇ ਹੀ ਦੂਜੇ ਪਾਸੇ ਐੱਸ. ਪੀ. ਮਨਪ੍ਰੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਅਮਰਦੀਪ ਕੌਰ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪਤਨੀ ਬੋਲੀ-2 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਸਾਇਆ
ਕੋਰੋਨਾ ਕਾਰਨ ਲੱਗੇ ਤਾਲਾਬੰਦੀ ਦੇ ਬਾਅਦ ਤੋਂ ਕਾਰੋਬਾਰੀ ਪਰੇਸ਼ਾਨੀ ਗੁਰਿੰਦਰ ਲਈ ਕਾਫ਼ੀ ਵਧ ਗਈ ਸੀ। ਪਤੀ ਗੁਰਿੰਦਰ ਸਿੰਘ ਵੱਲੋਂ ਸੁਸਾਈਡ ਕਰਨ ਤੋਂ ਬਾਅਦ ਪੁਲਸ ਨੂੰ ਉਨ੍ਹਾਂ ਦੀ ਪਤਨੀ ਅਮਰਦੀਪ ਕੌਰ ਨੇ ਕਿਹਾ ਕਿ ਪਤੀ ਗੁਰਿੰਦਰ ਘਰ 'ਚ ਇਕਲੌਤੇ ਬੇਟੇ ਸਨ ਅਤੇ 2 ਬੱਚਿਆਂ ਦੇ ਪਿਤਾ ਸਨ। ਹੁਣ ਉਨ੍ਹਾਂ ਦੇ ਜਾਣ ਤੋਂ ਬਾਅਦ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ।
ਪਿਤਾ ਪੁਲਸ ਨੂੰ ਬੋਲੇ-ਜੋ ਰੱਬ ਨੂੰ ਮਨਜ਼ੂਰ, ਹੁਣ ਸਾਨੂੰ ਕੌਣ ਸਾਂਭੂ!
ਉਥੇ ਹੀ ਜੌਹਲ ਹਸਪਤਾਲ 'ਚ ਜਦੋਂ ਆਪਣੇ ਇਕਲੌਤੇ ਬੇਟੇ ਦੀ ਮੌਤ ਦੀ ਖਬਰ ਡਾਕਟਰਾਂ ਵੱਲੋਂ ਦੱਸੀ ਗਈ ਤਾਂ ਸੋਗ ਦੌਰਾਨ ਪਿਤਾ ਵਿਰਲਾਪ ਕਰਨ ਲੱਗੇ। ਉਨ੍ਹਾਂ ਦੇ ਦੁੱਖ ਨੂੰ ਵੇਖ ਕੇ ਖੁਦ ਮੌਕੇ 'ਤੇ ਪਹੁੰਚੇ ਪੁਲਸ ਅਫ਼ਸਰਾਂ ਸਮੇਤ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ। ਇਸ ਦੌਰਾਨ ਜਦੋਂ ਪੁਲਸ ਅਫਸਰ ਉਨ੍ਹਾਂ ਦੇ ਬੇਟੇ ਦੀ ਮੌਤ ਨੂੰ ਲੈ ਕੇ ਦੁੱਖ ਪ੍ਰਗਟ ਕਰ ਰਹੇ ਸਨ ਤਾਂ ਪਿਤਾ ਬੋਲੇ ਕਿ ਜੋ ਰੱਬ ਨੂੰ ਮਨਜ਼ੂਰ, ਉਹ ਹੀ ਹੋਣਾ। ਹੁਣ ਉਮਰ ਦੇ ਇਸ ਮੋੜ 'ਤੇ ਸਾਨੂੰ ਅਤੇ ਪਰਿਵਾਰ ਨੂੰ ਕੌਣ ਸਾਂਭੂ। ਬਸ ਇੰਨਾ ਕਹਿ ਕਿ ਉਹ ਪਰਿਵਾਰਕ ਮੈਂਬਰਾਂ ਦੇ ਗਲੇ ਲੱਗ ਕੇ ਰੋਣ ਲੱਗ ਪਏ। ਇਹ ਦ੍ਰਿਸ਼ ਦੇਖ ਕੇ ਖੁਦ ਮੌਕੇ 'ਤੇ ਖੜ੍ਹੇ ਪੁਲਸ ਅਫਸਰ ਵੀ ਭਾਵੁਕ ਹੋ ਗਏ।
ਅਫ਼ਸਰਸ਼ਾਹੀ ਸਮੇਤ ਪੰਜਾਬ ਦੇ ਪ੍ਰਮੁੱਖ ਕਾਰੋਬਾਰੀਆਂ ਨੇ ਪ੍ਰਗਟਾਇਆ ਦੁੱਖ
ਜੀ. ਐੱਨ. ਏ. ਇੰਟਰਪ੍ਰਾਈਜ਼ਿਜ਼ ਦੇ ਮੈਨੇਜਿੰਗ ਡਾਇਰੈਕਟਰ ਗੁਰਿੰਦਰ ਸਿੰਘ ਵੱਲੋਂ ਸੁਸਾਈਡ ਕਰਨ ਦੀ ਖਬਰ ਜਿਵੇਂ ਹੀ ਵਾਇਰਲ ਹੋਈ ਤਾਂ ਪੰਜਾਬ ਦੇ ਪ੍ਰਮੁੱਖ ਕਾਰੋਬਾਰੀਆਂ, ਅਫਸਰਸ਼ਾਹੀ ਅਤੇ ਸਿਆਸਤ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੇ ਉਨ੍ਹਾਂ ਦੇ ਪਿਤਾ ਜਗਦੀਸ਼ ਸਿੰਘ ਸੇਹਰਾ ਨਾਲ ਇਸ ਦੁੱਖ ਦੀ ਘੜੀ ਵਿਚ ਦੁੱਖ ਪ੍ਰਗਟਾਇਆ।
ਇਹ ਵੀ ਪੜ੍ਹੋ : ਪਤੀ-ਪਤਨੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਭੋਪਾਲ ਪੁਲਸ ਨੇ ਜਲੰਧਰ 'ਚੋਂ ਇੰਝ ਕੀਤਾ ਕਾਬੂ