ਆਲਮੀ ਜਨਸੰਖਿਆ ਦਿਹਾੜੇ 'ਤੇ ਵਿਸ਼ੇਸ਼

07/11/2020 3:00:22 PM

ਜਲੰਧਰ (ਨਰੇਸ਼ ਕੁਮਾਰੀ): ਵਿਸ਼ਵ ਵਿਆਪੀ ਜਨਸੰਖਿਆ ਦੇ ਬੇਤਹਾਸ਼ਾ ਵਾਧੇ ਨੂੰ ਵੇਖਦਿਆਂ ਹੋਇਆਂ ਸੰਯੁਕਤ ਰਾਸ਼ਟਰ ਨੇ 1989 'ਚ ਆਲਮੀ ਜਨਸੰਖਿਆ ਦਿਹਾੜਾ ਸਲਾਨਾ ਤੌਰ ਤੇ 11 ਜੁਲਾਈ ਨੂੰ ਮਨਾਉਣਾ ਮਿੱਥਿਆ। 1987 'ਚ ਸੰਸਾਰ ਦੀ ਕੁੱਲ ਅਬਾਦੀ ਪੰਜ ਬਿਲੀਅਨ ਸੀ ਜਦਕਿ ਇਸ 'ਚ ਲਗਭਗ 100 ਮਿਲੀਅਨ (12-14 ਮਹੀਨਿਆਂ ਦੇ ਹਿਸਾਬ ਨਾਲ) ਵਾਧਾ ਹੁੰਦਾ ਗਿਆ। ਸਿੱਟੇ ਵਜੋਂ :-

ਫਰਵਰੀ  2016  :-7,400,000,000
ਅਪ੍ਰੈਲ   2017  :-7,500,000,000
ਅਪ੍ਰੈਲ   2019  :-7,700,000,000

ਜਨ ਗਣਨਾ ਦਾ ਮਕਸਦ ਸਿੱਧੇ ਤੌਰ 'ਤੇ ਪਰਿਵਾਰ ਨਿਯੋਜਨ/ਜਨਸੰਖਿਆ 'ਤੇ ਕਾਬੂ ਪਾਉਣਾ, ਲਿੰਗ ਅਨੁਪਾਤ ਨੂੰ ਬਰਾਬਰ ਰੱਖਣਾ, ਗਰੀਬੀ ਹਟਾਉਣੀ, ਸਿਹਤ ਸਤਰ ਨੂੰ ਉੱਚਾ ਚੁੱਕਣਾ, ਮਾਂ ਤੇ ਬੱਚੇ ਦੇ ਸਿਹਤ ਸਤਰ ਨੂੰ ਉੱਚਾ ਚੁੱਕਣਾ ਸੀ। ਜੋ ਕਿ ਜੀਵਨ ਦੇ ਬਾਕੀ ਸਾਰਿਆਂ ਪਹਿਲੂਆਂ ਦਾ ਅਧਾਰ ਵੀ ਸੀ। ਇਸ ਮਨੋਰਥ ਨੂੰ ਪੂਰਾ ਕਰਨ ਲਈ ਸੰਯੁਕਤ ਰਾਸ਼ਟਰ ਦੀ ਗਵਰਨਿੰਗ ਕੌਂਸਲ ਨੇ ਵੱਡੇ-ਵੱਡੇ ਅਧਿਕਾਰੀਆਂ, ਯੋਜਨਾ ਅਧਿਕਾਰੀਆਂ, ਸਿਆਸਤਦਾਨਾਂ, ਵਿਚਾਰਵਾਨਾਂ ਤੇ ਵਿਦਵਾਨਾਂ ਨੂੰ ਇਸ ਪ੍ਰੋਗਰਾਮ 'ਚ ਹਿੱਸਾ ਪਾਉਣ ਲਈ ਸੱਦਾ ਦਿੱਤਾ।

ਜਨਸੰਖਿਆ ਵਾਧੇ ਦੇ ਜਨ-ਜੀਵਨ 'ਤੇ ਮਾਰੂ ਪ੍ਰਭਾਵ 
ਵਿਸ਼ਵ ਭਰ 'ਚ ਜਸੰਖਿਆ ਵਾਧੇ ਦੇ ਕਾਰਣ ਆਮ ਲੋਕਾਂ ਦੇ ਰਹਿਣ-ਸਹਿਣ, ਜੀਵਨ ਜਿਊਣ ਆਦਿ ਉਤੇ ਸਿੱਧੇ ਤੇ ਅਸਿੱਧੇ ਤੌਰ 'ਤੇ ਬਹੁਤ ਹੀ ਮਾੜਾ ਤੇ ਘਾਤਕ ਅਸਰ ਵੇਖਣ 'ਚ ਆਇਆ ਹੈ, ਜਿਸਦੇ ਸਿੱਟੇ ਵਜੋਂ ਸੰਪੂਰਣ ਸੰਸਾਰ ਅਸਥ ਵਿਅਸਥ ਤੇ ਮੂਧਾ ਪਿਆ ਭਾਸਦਾ ਹੈ। ਇਹ ਮਾਰੂ ਪ੍ਰਭਾਵ ਮਨੁੱਖਤਾ ਉਤੇ ਚੁਫੇਰਿਓਂ ਪਿਆ ਹੈ।

ਭੁੱਖਮਰੀ, ਗਰੀਬੀ ਤੇ ਬੇਰੁਜ਼ਗਾਰੀ
ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਜਨਸੰਖਿਆ ਦਾ ਵਾਧਾ ਸਿੱਧੇ ਤੌਰ 'ਤੇ ਅਨਪੜ੍ਹਤਾ, ਗਰੀਬੀ ਤੇ ਭੁੱਖਮਰੀ, ਬੇਰੁਜ਼ਗਾਰੀ ਤੇ ਅਪਰਾਧਾਂ ਨੂੰ ਇਸੇ ਹੀ ਤਰਤੀਬ 'ਚ ਜਨਮ ਦਿੰਦੀ ਹੈ। ਇਥੇ ਇੱਕ ਗੱਲ ਸਪੱਸ਼ਟ ਕਰਨੀ ਜ਼ਰੂਰੀ ਹੈ ਕਿ ਮੋਟੇ ਤੌਰ 'ਤੇ ਜਿਥੇ ਅਨਪੜ੍ਹਤਾ, ਗਰੀਬੀ ਤੇ ਹੋਰ ਬਹੁਤ ਸਾਰੀਆਂ ਊਣਤਾਈਆ ਜਿਵੇਂ ਅਸ੍ਵਸਥਤਾ , ਵਿਚਾਰਾਂ ਦਾ ਗੰਧਲਾਪਨ, ਪਰਿਵਾਰ ਨਿਯੋਜਨ ਦੀ ਘਾਟ ਦਾ ਕਾਰਨ ਬਣਦੀ ਹੈ, ਉਥੇ ਹੀ ਗਰੀਬੀ ਹੀ ਕਿਤੇ ਨਾ ਕਿਤੇ ਅਨਪੜ੍ਹਤਾ ਤੇ ਉਸ ਤੋਂ ਉਤਪਨ ਹੋਣੇ ਵਾਲੀਆਂ ਜੀਵਨ ਦੀਆਂ ਅਨੇਕਾਂ ਤਰੁੱਟੀਆਂ ਵੱਲ ਪ੍ਰੇਰਦੀ ਹੈ। ਪੜ੍ਹਿਆ ਲਿਖਿਆ ਮਨੁੱਖ ਆਪਣੇ ਜੀਵਨ ਨੂੰ ਯੋਜਨਾਬੱਧ ਢੰਗ ਨਾਲ ਚਲਾਉਣ ਬਾਰੇ ਵਿਚਾਰ ਕਰੇਗਾ ਜਿਵੇਂ ਮੇਰੀ ਆਮਦਨੀ ਕਿੰਨੀ ਹੈ, ਮੈਂ ਇਸਨੂੰ ਕਿਵੇਂ ਖਰਚਣਾ ਹੈ, ਵਾਧੂ ਖਰਚੇ 'ਤੇ ਕਿਵੇਂ ਕਾਬੂ ਪਾਉਣਾ ਹੈ, ਇਸਦੇ ਨਾਲ-ਨਾਲ ਹੀ ਉਹ ਬਜਟ ਬਣਾਏਗਾ ਤੇ ਉਸਦੇ ਅਨੁਸਾਰ ਹੀ ਖਰਚ ਕਰੇਗਾ। ਸੋਝੀ ਹੋਣ ਕਾਰਨ ਪਰਿਵਾਰ ਸੀਮਿਤ ਰੱਖਣ, ਰੁਜ਼ਗਾਰ ਦੇ ਵੱਖ-ਵੱਖ ਤੇ ਨਵੇਂ ਢੰਗਾਂ ਬਾਰੇ ਬਾਰੀਕੀ ਨਾਲ ਸੋਚੇਗਾ, ਵਕਤ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਬਾਬਤ ਵਿਚਾਰ ਕਰਕੇ ਫੈਸਲੇ ਲਵੇਗਾ। ਇਸ ਦਾ ਆਖਰੀ ਸਿੱਟਾ ਵਧੀਆ ਜੀਵਨ ਤੇ ਜਨਸੰਖਿਆ 'ਤੇ ਕਾਬੂ ਵਜੋਂ ਨਿਕਲੇਗਾ। ਜੇਕਰ ਉਪਰੋਕਤ ਦੋਨੇ ਪੱਖ, ਅਨਪੜ੍ਹਤਾ ਤੇ ਗਰੀਬੀ ਹਾਵੀ, ਹੋਣਗੇ ਤਾਂ ਜਨਸੰਖਿਆ ਦਾ ਵਾਧਾ ਬੇਰੁਜ਼ਗਾਰੀ ਨੂੰ ਸਿੱਧੇ ਤੌਰ ਤੇ ਦਾਵਤ ਦੇਵੇਗਾ, ਕਿਉਂਕਿ ਰੁਜ਼ਗਾਰ ਦੇ ਸ੍ਰੋਤ ਵੀ ਕਿਤੇ ਨਾ ਕਿਤੇ ਸੀਮਿਤ ਹੀ ਹਨ।

ਬੀਮਾਰੀਆਂ, ਅਪਰਾਧ, ਝੁੱਗੀਆਂ-ਝੌਂਪੜੀਆਂ 'ਚ ਵਾਧਾ
ਅਨਪੜ੍ਹਤਾ, ਗਰੀਬੀ ਤੇ ਬੇਰੁਜ਼ਗਾਰੀ ਤੋਂ ਬਾਅਦ ਜਨਸੰਖਿਆ ਦਾ ਵਾਧਾ ਗਰੀਬੀ ਦੀ ਹਾਲਤ ਯੁਕਤ ਆਵਾਸ 'ਚ ਵਾਧਾ, ਬੀਮਾਰੀਆਂ ਤੇ ਅਪਰਾਧਿਕ ਪ੍ਰਵਿਰਤੀ ਨੂੰ ਜਨਮ ਦਿੰਦਾ ਹੈ। ਜਨਸੰਖਿਆ ਦਾ ਬੇਕਾਬੂ ਵਹਾਅ ਰੋਟੀ, ਕੱਪੜਾ ਤੇ ਮਕਾਨ ਦੀਆਂ ਮੂਲ ਲੋੜਾਂ ਨੂੰ ਪੂਰਿਆਂ ਕਰਨ 'ਚ ਵੱਡਾ ਰੋੜਾ ਬਣਦਾ ਹੈ, ਜਿਸ ਨਾਲ ਝੁੱਗੀਆਂ-ਝੌਂਪੜੀਆਂ 'ਚ ਵਾਧਾ,ਸਿਹਤ ਦੀ ਦੇਖਭਾਲ ਲਈ ਪੈਸੇ ਦੀ ਕਮੀਂ ਕਾਰਣ ਤਰ੍ਹਾਂ-ਤਰ੍ਹਾਂ ਦੇ ਰੋਗਾਂ ਦਾ ਚਿੰਬੜਨਾ ਤੇ ਮੌਤ ਦਰ 'ਚ ਬੇਤਹਾਸ਼ਾ ਵਾਧਾ ਹੋਣਾ ਆਮ ਗੱਲ ਹੈ। ਇਸਦੇ ਨਾਲ ਹੀ ਜਦੋਂ ਮਨੁੱਖ ਦੀਆਂ ਮੂਲ/ਮੌਲਿਕ ਲੋੜਾਂ ਨਹੀਂ ਪੂਰੀਆਂ ਹੋਣਗੀਆਂ ਤਾਂ ਉਹ ਉਨ੍ਹਾਂ ਦੀ ਪੂਰਤੀ ਲਈ, ਰੋਜ਼ਗਾਰ ਨਾ ਮਿਲਣ ਕਾਰਨ ਅੰਤ ਨੂੰ ਮਾਨਸਿਕ ਨੀਵੀਂ ਸੋਚ ਦਾ ਸ਼ਿਕਾਰ ਹੋ ਕੇ ਅਪਰਾਧਾਂ ਵੱਲ ਨੂੰ ਰੁਖ ਕਰੇਗਾ। ਅਜਿਹੇ ਹਾਲਾਤਾਂ 'ਚ ਚੋਰੀ, ਠੱਗੀ ਡਾਕੇ ਦੇ ਨਾਲ ਨਾਲ ਜੋਰ-ਜ਼ਬਰ, ਕਤਲ, ਜੂਆ ਸ਼ਰਾਬ ਤੇ ਹੋਰ ਕਈ ਤਰ੍ਹਾਂ ਦੇ ਨਸ਼ਿਆਂ 'ਚ ਵੀ ਗਲਤਾਨ ਹੁੰਦਾ ਜਾਵੇਗਾ।

ਇਸ ਸਭ ਕੁਝ ਨੂੰ ਅਸੀਂ ਇੱਕ ਦੂਸਰੇ ਨਜ਼ਰੀਏ ਨਾਲ ਅਸਾਨੀ ਨਾਲ ਸਮਝਣ ਦੀ ਵੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਸਥਿਤੀ ਦੀ ਸਪੱਸ਼ਟਤਾ ਸਾਨੂੰ ਜਾਗਰੂਕਤਾ ਦੇ ਹੋਰ ਵੀ ਨੇੜੇ ਲਿਆ ਸਕੇ। ਜਨਸੰਖਿਆ ਵਾਧਾ ਮੁੱਖ ਤੌਰ 'ਤੇ ਦੋ ਪਾਸਿਆਂ ਤੋਂ ਜਨ-ਜੀਵਨ 'ਤੇ ਅਸਰ ਕਰਦਾ ਹੈ। ਵਿਹਾਰਿਕ ਗਿਰਾਵਟ ਪੱਖੋਂ ਤੇ ਵਾਤਾਵਰਣ ਦੇ ਦੂਸ਼ਿਤ ਹੋਣ ਪੱਖੋਂ। ਜਨਸੰਖਿਆ ਵਾਧਾ ਮਨੁੱਖੀ ਵਿਹਾਰ 'ਚ ਕੁਝ ਤਬਦੀਲੀਆਂ ਲਿਆ ਕੇ ਆਮ ਜੀਵਨ ਨੂੰ ਨਰਕ ਨਾਲੋਂ ਵੀ ਬਦਤਰ ਬਣਾ ਦਿੰਦਾ ਹੈ। ਇਹ ਪ੍ਰਕਿਰਿਆ ਇਕ ਲੜੀ 'ਚੋਂ ਦੀ ਗੁਜ਼ਰਦੀ ਹੈ, ਜਿਸਦਾ ਅੰਤ ਬੜਾ ਹੀ ਮਾਰੂ ਤੇ ਦੁੱਖਦਾਈ ਹੋ ਸਕਦਾ ਹੈ। ਇਹ ਤਬਦੀਲੀ ਜਨਸੰਖਿਆ ਵਾਧੇ ਤੋਂ ਸ਼ੁਰੂ ਹੋ ਕੇ ਗਰੀਬੀ, ਚੋਰੀ, ਬੇਰੁਜ਼ਗਾਰੀ ਤੇ ਨਿਰਾਸ਼ਾ, ਗ਼ੁੱਸਾ, ਤਨਾਅ, ਠੱਗੀ,  ਜਬਰ-ਜ਼ਿਨਾਹ, ਜੂਆ, ਨਸ਼ਾ, ਕਤਲ ਤੇ ਅਨੇਕਾਂ ਤਰ੍ਹਾਂ ਦੇ ਮਾਨਸਿਕ ਰੋਗਾਂ ਤੋਂ ਹੁੰਦੀ ਹੋਈ ਆਤਮ-ਹੱਤਿਆ ਜਾਂ ਮੌਤ ਦਾ ਕਾਰਨ ਬਣਦੀ ਹੈ।

ਜਨਸੰਖਿਆ ਵਾਧਾ ਮਨੁੱਖੀ ਜੀਵਨ ਨੂੰ ਇਕ ਦੂਸਰੇ ਪਹਿਲੂ ਤੋਂ ਵੀ ਪ੍ਰਭਾਵਿਤ ਕਰਦਾ ਹੈ ਤੇ ਉਹ ਵੀ ਇਕ ਪੂਰੀ ਪ੍ਰਕਿਰਿਆ ਰਾਹੀਂ ਮਨੁੱਖੀ ਜੀਵਨ 'ਤੇ ਅਸਰ ਪਾਉਂਦਾ ਹੈ। ਕੁਦਰਤੀ ਸੰਸਾਧਨਾਂ ਦੀ ਬੇਤਹਾਸ਼ਾ ਵਰਤੋਂ, ਜਿਸ 'ਚ ਬਾਲਣ ਆਉਂਦੇ ਹਨ, ਜਿਵੇਂ, ਪੈਟਰੋਲੀਅਮ ਪਦਾਰਥ (ਪੈਟਰੋਲ,ਡੀਜ਼ਲ ਤੇ ਗੈਸ) ਕੋਲਾ ਤੇ ਬਹੁਤ ਸਾਰੇ ਖਣਿਜ ਪਦਾਰਥ ਜਿਨਾਂ ਦੇ ਸੋਮੇ ਸੀਮਿਤ ਹਨ। ਇਸਦੇ ਨਾਲ-ਨਾਲ ਯੂਰੀਆ ਆਦਿ ਦੀ ਬਹੁਤਾਤ 'ਚ ਵਰਤੋਂ, ਜੋ ਕਿ ਅਮੋਨੀਆ ਵਰਗੀ ਗੈਸ ਪੈਦਾ ਕਰਕੇ ਵਾਤਾਵਰਨ ਨੂੰ (ਮਿੱਟੀ,ਪਾਣੀ ਤੇ ਹਵਾ) ਪ੍ਰਦੂਸ਼ਿਤ ਕਰਦੀ ਹੈ ਤੇ ਮਨੁੱਖੀ ਜੀਵਨ ਉਤੇ ਜ਼ਹਿਰ ਵਰਗਾ ਪ੍ਰਭਾਵ ਪਾਉਂਦੀ ਹੈ। ਇਸਦੇ ਨਾਲ-ਨਾਲ ਉਦਯੋਗਿਕ ਸੰਸਥਾਨਾਂ 'ਤੇ ਗੱਡੀਆਂ ਮੋਟਰਾਂ ਦੀ ਬਹੁਤਾਤ ਵੀ  ਜਨਸੰਖਿਆ ਦੇ ਅਨੁਪਾਤ 'ਚ ਹੀ ਵਧੀ ਹੈ। ਇਨਾਂ ਤੋਂ ਪੈਦਾ ਹੋਣ ਵਾਲਾ ਧੂੰਆਂ ਵੀ ਵਾਤਾਵਰਣ ਦਾ ਘਾਣ ਕਰਨ 'ਚ ਖਾਸਾ ਯੋਗਦਾਨ ਪਾਉਂਦਾ ਹੈ, ਜਿਸਦੇ ਸਿੱਟੇ ਵਜੋਂ ਮਨੁੱਖ ਦੇ ਰੋਜ਼ਾਨਾ ਜੀਵਨ 'ਚ ਕਈਆਂ ਪੱਖਾਂ ਤੋਂ ਗਿਰਾਵਟ ਆਈ ਹੈ, ਜਿਵੇਂ ਔਸਤਨ ਉਮਰ 'ਚ ਘਾਟਾ, ਬੀਮਾਰੀਆਂ ਦੀ ਦਰ 'ਚ ਵਾਧਾ, ਸਿਹਤ ਸੰਬੰਧੀ ਔਸਤਨ ਤੰਦਰੁਸਤੀ ਦਰ 'ਚ ਘਾਟਾ, ਬਹੁਤ ਸਾਰੀਆਂ ਹਾਲਾਤਾਂ 'ਚ ਮੌਤ ਦਰ 'ਚ ਵਾਧਾ।

ਜਨਸੰਖਿਆ 'ਤੇ ਕਾਬੂ ਪਾਉਣ ਦੇ ਤਰੀਕੇ 
ਉਪਰੋਕਤ ਚਰਚਾ ਦੇ ਆਧਾਰ 'ਤੇ ਜਨਸੰਖਿਆ ਵਾਧਾ ਜਨ-ਜੀਵਨ ਲਈ ਪੂਰੀ ਤਰ੍ਹਾਂ ਘਾਤਕ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰੇ ਦੀ ਘੰਟੀ ਹੈ। ਅਜਿਹੀ ਸਥਿਤੀ 'ਚ 'ਜਦੋਂ ਜਾਗੋ, ਉਦੋਂ ਸਵੇਰਾ'। ਇਸ ਉਦੇਸ਼ ਨੂੰ ਯਥਾਰਥ 'ਚ ਤਬਦੀਲ ਕਰਨ ਲਈ ਆਪਣੀ, ਜੀਵਨ ਸ਼ੈਲੀ 'ਚ ਤਬਦੀਲੀਆਂ ਤੇ ਸਾਵਧਾਨੀਆਂ ਨਾਲ ਅਸੀਂ ਅਜੇ ਵੀ ਹਾਲਾਤਾਂ ਨੂੰ ਹੋਰ ਮਾਰੂ ਹੋਣ ਤੋਂ ਬਚਾ ਕੇ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਜੀਵਨ ਦੀ ਜਾਇਦਾਦ ਦੇ ਸਕਦੇ ਹਾਂ। ਉਸ ਲਈ ਹੇਠਾਂ ਵਿਸਥਾਰ 'ਚ ਚਰਚਾ ਪੇਸ਼ ਹੈ :-

ਪਰਿਵਾਰ ਨਿਯੋਜਨ
ਸਭ ਤੋਂ ਪਹਿਲਾ ਤੇ ਸਿੱਧਾ ਤਰੀਕਾ ਜਿਸ ਨਾਲ ਜਨਸੰਖਿਆ 'ਤੇ ਕਾਬੂ ਰੱਖਿਆ ਜਾ ਸਕਦਾ ਹੈ, ਉਹ ਪਰਿਵਾਰ ਨੂੰ ਸੀਮਿਤ ਰੱਖਣਾ ਹੈ। ਕਿਉਂਕਿ ਪਰਿਵਾਰ ਸਮਾਜ ਦੀ ਇਕਾਈ ਹੈ ਤੇ ਇਸਦੇ ਵਾਧੇ ਜਾਂ ਮੈਂਬਰਾਂ ਦੀ ਗਿਣਤੀ ਹੀ ਅੰਤ ਨੂੰ ਸੰਸਾਰ ਦੀ ਵਧਦੀ ਆਬਾਦੀ ਦਾ ਕਾਰਨ ਬਣਦੀ ਹੈ। ਕੁਝ ਗੱਲਾਂ ਜਿਨ੍ਹਾਂ ਦੀ ਸਮਾਜ ਤੇ ਹਰ ਦੇਸ਼ 'ਚ, ਜਿਸ ਪੱਧਰ ਦੀ ਅਹਿਮੀਅਤ ਹੋਣੀ ਚਾਹੀਦੀ ਹੈ ਅਸਲ 'ਚ ਉਹ ਨਹੀਂ ਮਿਲਦੀ। ਉਦਾਹਰਣ ਦੇ ਤੌਰ 'ਤੇ ਸਮਾਜ ਤੇ ਪਰਿਵਾਰ 'ਚ ਵਿਚਰਣ ਦੇ ਢੰਗ, ਵਿਆਹ ਤੋਂ ਬਾਅਦ ਦੀਆਂ ਜ਼ਿੰਮੇਵਾਰੀਆਂ ਪਰਿਵਾਰ ਨਿਯੋਜਨ ਤੇ ਵਿਆਹ ਤੋਂ ਪਹਿਲਾਂ ਇਕ ਜ਼ਰੂਰੀ ਕੰਮ ਵਜੋਂ ਨਿੱਠ ਕੇ ਚਰਚਾ, ਜੋ ਕਿ ਕਨੂੰਨੀ ਦਾਇਰੇ 'ਚ ਆਉਂਦੀ ਹੋਵੇ ਆਦਿ। ਅਜਿਹੇ ਵਿਸ਼ਿਆਂ ਨੂੰ ਕਾਨੂੰਨ ਦੇ ਦਾਇਰੇ 'ਚ ਲਿਆਕੇ ਸਰਟੀਫਿਕੇਸਨ ਨਾਲ ਸੰਪੂਰਣ ਮਾਨਤਾ ਮਿਲਣੀ ਚਾਹੀਦੀ ਹੈ। ਅਜਿਹੇ ਪ੍ਰਬੰਧਨ ਨਾਲ ਜਿਥੇ ਪਰਿਵਾਰ ਨਿਯੋਜਨ ਨੂੰ ਅਮਲੀ ਜਾਮਾ ਪਹਿਨਾ ਕੇ ਆਬਾਦੀ ਕਾਬੂ ਕੀਤੀ ਜਾ ਸਕੇਗੀ, ਉਥੇ ਹੀ ਪਰਿਵਾਰਕ ਟੁੱਟ ਭੱਜ ਤੇ ਅਨੇਕਾਂ ਹੋਰ ਤਰੁੱਟੀਆਂ ਤੋਂ ਸਮਾਜ ਨੂੰ ਬਚਾਇਆ ਜਾ ਸਕੇਗਾ। ਅੱਜ ਦੇ ਇੰਟਰਨੈੱਟ ਦੇ ਦੌਰ 'ਚ ਪਰਿਵਾਰ ਨਿਯੋਜਨ ਦੇ ਤਰੀਕਿਆਂ ਦੀ ਜਾਣਕਾਰੀ ਦੀ ਕੋਈ ਘਾਟ ਨਹੀਂ, ਫਿਰ ਵੀ ਜੇ ਲੱਗੇ ਤਾਂ ਡਾਕਟਰੀ ਸਲਾਹ ਕਿਤੇ ਗਈ ਨਹੀਂ।

ਵਿਸ਼ਵ ਦੇ ਵੱਖੋਂ-ਵੱਖਰੇ ਮੁਲਕਾਂ 'ਚ ਆਬਾਦੀ ਕਾਬੂ ਲਈ ਤਰ੍ਹਾਂ-ਤਰ੍ਹਾਂ ਦੇ ਨੁਕਤੇ ਤੇ ਕਨੂੰਨ ਉਲੀਕੇ ਜਾਂਦੇ ਹਨ, ਜਿਵੇਂ ਬੱਚਿਆਂ ਦੀ ਮਿਥੀ ਸੰਖਿਆ ਤੋਂ ਵੱਧ ਉਤੇ ਜੁਰਮਾਨਾ ਜਾਂ ਨੌਕਰੀ ਆਦਿ 'ਚ ਤਰੱਕੀ ਦੇ ਮੌਕਿਆਂ ਨੂੰ ਘੱਟ ਜਾਂ ਖ਼ਤਮ ਕਰ ਦੇਣਾ। ਇਸਦੇ ਨਾਲ-ਨਾਲ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ 'ਚ ਸਰਕਾਰ ਦੁਆਰਾ ਕਟੌਤੀ ਕਰਨਾ।

ਸਾਡੇ ਮੁਲਕ ਵਰਗੇ ਦੇਸ਼ਾਂ 'ਚ (ਜੋ ਕੁਝ ਸਮਾਂ ਪਹਿਲਾਂ ਤੱਕ) ਫੈਮਿਲੀ ਪਲਾਨਿੰਗ ਦੇ ਓਪਰੇਸ਼ਨ ਕਰਵਾਉਣ ਤੇ ਨਕਦੀ, ਬਰਤਨ, ਕੰਬਲ, ਸਾਈਕਲ, ਪੱਖੇ, ਘਿਓ ਤੇ ਪੰਜੀਰੀ ਜਿਹੀਆਂ ਵਸਤਾਂ ਸਰਕਾਰੀ ਖਰਚੇ 'ਤੇ ਮੁਹੱਈਆ ਕਰਵਾਈਆਂ ਜਾਂਦੀਆਂ ਸਨ। ਓਪਰੇਸ਼ਨ ਨਾਲ ਸੰਬੰਧਿਤ ਦੇਖਭਾਲ 2/3 ਮਹੀਨਿਆਂ ਲਈ ਮਰੀਜ਼ ਦੇ ਘਰ ਸਰਕਾਰੀ ਤੌਰ ਤੇ ਮੁਹੱਈਆ ਕਰਵਾਈ ਜਾਂਦੀ ਸੀ, ਇਸਦੇ ਨਾਲ-ਨਾਲ ਕੇਸ ਲਿਆਉਣ ਵਾਲੇ ਨੂੰ ਵੀ ਪ੍ਰੇਰਣਾ ਰਾਸ਼ੀ ਦਿੱਤੀ ਜਾਂਦੀ ਸੀ। ਇਸ ਪ੍ਰਕਿਰਿਆ ਨੇ ਉਸ ਵੇਲੇ ਜਨਸੰਖਿਆ ਨੂੰ ਠੱਲ ਤਾਂ ਪਾਈ ਹੀ, ਨਾਲ ਹੀ ਜਨਤਾ ਨੂੰ (ਦੇਰ ਬਾਅਦ ਹੀ ਸਹੀ) ਛੋਟੇ ਪਰਿਵਾਰ ਦੀ ਮਹੱਤਤਾ ਸਮਝ ਆ ਗਈ ਤੇ ਅੱਜਕਲ੍ਹ ਪਰਿਵਾਰ 3 ਬੱਚਿਆਂ ਤੋਂ ਇਕ ਤੱਕ ਪਹੁੰਚਣ 'ਚ ਸਫਲ ਹੋ ਗਏ ਹਨ।

ਅਸਿਧੇ ਤੌਰ 'ਤੇ ਜਿਸ ਸਥਿਤੀ 'ਚ ਸੰਸਾਰ ਹੁਣ ਪੁੱਜ ਚੁੱਕਾ ਹੈ ਤੇ ਆਬਾਦੀ ਨੂੰ ਜੇਕਰ ਘੱਟ ਨਹੀਂ ਕੀਤਾ ਜਾ ਸਕਦਾ ਤਾਂ ਘੱਟ ਤੋਂ ਘੱਟ ਇਸਦੇ ਜਨ-ਜੀਵਨ ਉਤਲੇ ਪੈਣ ਵਾਲੇ ਮਾਰੂ ਪ੍ਰਭਾਵਾਂ ਲਈ ਕੁਝ ਉਸਾਰੂ ਕਦਮ ਚੁੱਕ ਕੇ ਘਟਾਇਆ ਜ਼ਰੂਰ ਜਾ ਸਕਦਾ ਹੈ। ਉਨ੍ਹਾਂ 'ਚੋਂ ਹਨ ਮੋਟਰ ਕਾਰਾਂ, ਕਾਰਖਾਨਿਆਂ, ਪੈਟਰੋਲੀਅਮ ਪਦਾਰਥਾਂ, ਰੇਹਾਂ ਸਪਰੇਹਾਂ, ਇਮਾਰਤਸਾਜ਼ੀ ਮਾਦਾ ਤੇ ਖਾਦ ਪਦਾਰਥਾਂ ਦੀ ਵਰਤੋਂ ਘੱਟ ਤੋਂ ਘੱਟ ਕਰਕੇ, ਸਵਾਰੀ ਗੱਡੀਆਂ ਨੂੰ ਇਕੱਠੇ ਇਸਤੇਮਾਲ ਕਰਕੇ, ਬੈਟਰੀ ਵਾਲੇ ਵਾਹਨਾਂ ਤੇ ਸੂਰਜੀ ਊਰਜਾ ਦਾ ਵੱਧ ਤੋਂ ਵੱਧ ਇਸਤੇਮਾਲ ਕਰਕੇ ਤੇ ਕੁਦਰਤੀ ਸੋਮਿਆਂ ਦੀ ਫ਼ਜ਼ੂਲਖਰਚੀ ਉਤੇ ਟੈਕਸ ਤੇ ਜੁਰਮਾਨਾ ਲਗਾ ਕੇ, ਅਸੀਂ ਜਨ-ਜੀਵਨ ਉਤੇ ਵਧੀ ਹੋਈ ਆਬਾਦੀ ਦੇ ਹੋਰ ਜ਼ਿਆਦਾ ਮਾਰੂ ਪ੍ਰਭਾਵਾਂ ਨੂੰ ਬਚਾ ਸਕਦੇ ਹਾਂ। ਉਪਰੋਕਤ ਸਾਰੇ ਕਰਮਾਂ ਨੂੰ ਅਸੀਂ ਅਮਲੀ ਰੂਪ ਦੇ ਕੇ ਹੀ ਜਨਸੰਖਿਆ ਦਿਹਾੜਾ ਮਨਾਉਣ ਦੇ ਅਸਲੀ ਹੱਕਦਾਰ ਕਹਾ ਸਕਦੇ ਹਾਂ।


Baljeet Kaur

Content Editor

Related News