ਸਿੱਧੂ ਨੂੰ ਮਿਲ ਕੇ ਖੁਸ਼ੀ ਹੋਈ, ਅਜਿਹੀਆਂ ਹੋਰ ਮੁਲਾਕਾਤਾਂ ਦੀ ਉਮੀਦ: ਕੈਪਟਨ
Thursday, Nov 26, 2020 - 10:29 PM (IST)
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਉਮੀਦ ਪ੍ਰਗਟਾਈ ਕਿ ਉਹ ਤੇ ਨਵਜੋਤ ਸਿੰਘ ਸਿੱਧੂ ਕੱਲ ਦੀ ਮੀਟਿੰਗ ਤਰਾਂ ਅਜਿਹੀਆਂ ਹੀ ਸਨੇਹਪੂਰਨ ਮੀਟਿੰਗਾਂ ਕਰਦੇ ਰਹਿਣਗੇ। ਬੀਤੇ ਕੱਲ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਹੋਰਨਾਂ ਗੱਲਾਂ ਤੋਂ ਇਲਾਵਾਂ ਕਿਟ ਬਾਰੇ ਵੀ ਕਈ ਗੱਲਾਂ ਕੀਤੀਆਂ ਗਈਆਂ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੁਪਹਿਰ ਦੇ ਖਾਣੇ ਉਤੇ ਇਕ ਘੰਟਾ ਹੋਈ ਮੀਟਿੰਗ ਵਿੱਚ ਦੋਵੇਂ ਖੁਸ਼ ਮਿਜ਼ਾਜ ਸਨ, ਉਹ ਮੀਟਿੰਗ ਜੋ ਉਨਾਂ ਨੇ ਸਿੱਧੂ ਵੱਲੋਂ ਉਨਾਂ ਨਾਲ ਮੁਲਾਕਾਤ ਲਈ ਦਿਲਚਸਪੀ ਜ਼ਾਹਰ ਕਰਨ ਤੋਂ ਬਾਅਦ ਸੱਦੀ ਸੀ। ਉਨਾਂ ਕਿਹਾ, ‘‘ਮੈਂ ਮੁਲਾਕਾਤ ਤੋਂ ਸੰਤੁਸ਼ਟ ਅਤੇ ਖੁਸ਼ ਸੀ ਅਤੇ ਇਸੇ ਤਰਾਂ ਸਿੱਧੂ ਸੀ।’’
ਦੋਵਾਂ ਵਿਚਾਲੇ ਗੰਭੀਰ ਵਿਚਾਰ ਵਟਾਂਦਰੇ ਦੀਆਂ ਮੀਡੀਆ ਵੱਲੋਂ ਲਗਾਈਆਂ ਜਾ ਰਹੀਆਂ ਅਟਕਲਾਂ ਨੂੰ ਖਾਰਜ ਕਰਦਿਆਂ ਮੁੱਖ ਮੰਤਰੀ ਨੇ ਇਸ ਦੇ ਉਲਟ ਜਵਾਬ ਦਿੱਤਾ, ‘‘ਅਸੀਂ ਪੰਜਾਬ ਜਾਂ ਭਾਰਤ ਜਾਂ ਵਿਸ਼ਵ ਬਾਰੇ ਕੋਈ ਯੋਜਨਾ ਨਹੀਂ ਬਣਾਈ।’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ਅਸੀਂ ਸਿਰਫ ਕੁਝ ਸਾਧਾਰਣ ਗੱਲਾਂ ਕੀਤੀਆਂ ਜਿਸ ਵਿੱਚ ਸਿੱਧੂ ਨੇ ਆਪਣੇ ਕਿਟ ਬਾਰੇ ਬਹੁਤ ਸਾਰੇ ਤਜ਼ਰਬੇ ਸਾਂਝੇ ਕੀਤੇ।’’ ਉਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਮੀਡੀਆ ਰਾਈ ਦਾ ਪਹਾੜ ਬਣਾ ਦਿੰਦਾ ਹੈ।
ਸਿੱਧੂ ਲਈ ਖਾਣੇ ਦੀ ਮੇਜ਼ਬਾਨੀ ਕਰਨ ’ਤੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਕੀਤੀ ਟਿੱਪਣੀ ’ਤੇ ਚੁਟਕੀ ਲੈਂਦਿਆ ਮੁੱਖ ਮੰਤਰੀ ਨੇ ਕਿਹਾ ਕਿ ਦੁਪਹਿਰ ਦੇ ਖਾਣੇ ਉਤੇ ਉਨਾਂ ਦੇ ਸਾਬਕਾ ਕੈਬਨਿਟ ਸਾਥੀ ਨੇ ਉਬਲੀਆਂ ਸਬਜ਼ੀਆਂ ਖਾਧੀਆਂ ਅਤੇ ਉਨਾਂ ਨੇ ਖੁਦ ਦਹੀ ਨਾਲ ਮਿੱਸੀ ਰੋਟੀ ਖਾਧੀ। ਉਨਾਂ ਟਿੱਪਣੀ ਕੀਤੀ, ‘‘ਕੀ ਇਹ ਅਕਾਲੀਆਂ ਨੂੰ ਦਾਅਵਤ ਵਰਗਾ ਲੱਗਦਾ?’’