ਲੁੱਟ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਮੁਲਜ਼ਮ ਗ੍ਰਿਫਤਾਰ

03/08/2017 1:47:57 AM

ਕਪੂਰਥਲਾ, (ਭੂਸ਼ਣ)- ਦੋਆਬਾ ਖੇਤਰ ''ਚ ਲੁੱਟ-ਖੋਹ ਅਤੇ ਔਰਤਾਂ ਤੋਂ ਸੋਨੇ ਦੀ ਚੇਨ ਖੋਹਣ ਵਾਲੇ ਇਕ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ 2 ਮੁਲਜ਼ਮਾਂ ਨੂੰ ਸੋਨੇ ਦੀ ਇਕ ਚੇਨ, 23 ਹਜ਼ਾਰ ਰੁਪਏ ਦੀ ਨਕਦੀ ਤੇ 5 ਮੋਬਾਇਲ ਫੋਨਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਇਸ ਸੰਬੰਧ ''ਚ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਬ-ਡਵੀਜ਼ਨ ਦਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਐੱਸ. ਐੱਸ. ਪੀ. ਅਲਕਾ ਮੀਨਾ ਦੇ ਹੁਕਮਾਂ ''ਤੇ ਜ਼ਿਲਾ ਭਰ ''ਚ ਚਲ ਰਹੀ ਅਪਰਾਧ ਵਿਰੋਧੀ ਮੁਹਿੰਮ ਦੇ ਤਹਿਤ ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਲਖਬੀਰ ਸਿੰਘ ਨੇ ਪੁਲਸ ਟੀਮ ਦੇ ਨਾਲ ਕਪੂਰਥਲਾ-ਨਕੋਦਰ ਮਾਰਗ ''ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇਕ ਮੋਟਰਸਾਈਕਲ ''ਤੇ ਸਵਾਰ 2 ਸ਼ੱਕੀ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਘੇਰਾਬੰਦੀ ਕਰਕੇ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ, ਜਦ ਕਿ ਦੂਜਾ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਫੜੇ ਗਏ ਮੁਲਜ਼ਮ ਨੇ ਪੁੱਛਗਿਛ ਦੇ ਦੌਰਾਨ ਆਪਣਾ ਨਾਮ ਵਰਿੰਦਰ ਸਿੰਘ  ਪੁੱਤਰ ਰਾਮ ਲਾਲ ਵਾਸੀ ਨਿੰਦੋਕੀ ਦੱਸਿਆ। ਜਦੋਂ ਕਿ ਫਰਾਰ ਹੋਏ ਮੁਲਜ਼ਮ ਦੀ ਪਛਾਣ ਕਿਸ਼ਨ ਪੁੱਤਰ ਦਿਆਲ ਵਾਸੀ ਨਿੰਦੋਕੀ ਦੇ ਰੂਪ ''ਚ ਹੋਈ।  
ਪੁੱਛਗਿਛ ਦੌਰਾਨ ਮੁਲਜ਼ਮ ਤੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ।  ਇਸ ਦੌਰਾਨ ਪੁਲਸ ਨੇ ਮਾਮਲਾ ਦਰਜ ਕਰਕੇ ਜਦੋਂ ਦੂਜੇ ਮੁਲਜ਼ਮ ਦੀ ਤਲਾਸ਼ ''ਚ ਛਾਪਾਮਾਰੀ ਸ਼ੁਰੂ ਕੀਤੀ ਤਾਂ ਮੁਲਜ਼ਮ ਕਿਸ਼ਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਹੁਣ ਤੱਕ ਕਪੂਰਥਲਾ, ਸੁਲਤਾਨਪੁਰ ਲੋਧੀ, ਸ਼ਾਹਕੋਟ ਅਤੇ ਨਕੋਦਰ ਖੇਤਰ ''ਚ ਲੁੱਟ, ਖੋਹ ਅਤੇ ਔਰਤਾਂ ਤੋਂ ਚੇਨੀਆਂ ਖੋਹਣ ਦੀਆਂ ਕਈ ਵਾਰਦਾਤਾਂ    ਨੂੰ ਅੰਜਾਮ ਦੇ ਚੁੱਕੇ ਹਨ।
ਮੁਲਜ਼ਮਾਂ ਨੇ ਮੰਨਿਆ ਕਿ 9 ਜਨਵਰੀ ਨੂੰ ਉਨ੍ਹਾਂ ਨੇ ਜਲੰਧਰ ਤੋਂ ਇਕ ਗੱਡੀ ਕਿਰਾਏ ''ਤੇ ਲੈ ਕੇ ਪਿੰਡ ਖਾਨੋਵਾਲ ਤੋਂ ਸਿੱਧਵਾਂ ਦੇ ਵੱਲ ਜਾਂਦੀ ਸੜਕ ''ਤੇ ਦੋ ਬਾਈਕ ਸਵਾਰਾਂ ਤੋਂ ਨਕਦੀ ਖੋਹੀ ਸੀ, ਫਿਰ ਇਸਦੇ ਬਾਅਦ 24 ਜਨਵਰੀ ਨੂੰ ਉਨ੍ਹਾਂ ਨੇ ਖੁਸਰੋਪੁਰ ਤੋਂ ਸਿੱਧਵਾਂ ਜਾਂਦੀ ਸੜਕ ''ਤੇ ਇਕ ਬਾਈਕ ਸਵਾਰ ਵਿਅਕਤੀ ਤੋਂ ਨਕਦੀ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ । ਇਸੇ ਤਰ੍ਹਾਂ 6 ਫਰਵਰੀ ਨੂੰ ਪਿੰਡ ਆਰਿਆਵਾਲ ਤੋਂ ਨੱਥੂਚਾਹਲ ਜਾਣ ਵਾਲੇ ਮਾਰਗ ''ਤੇ ਉਨ੍ਹਾਂ ਨੇ ਇਕ ਪਾਸੇ ਬਾਈਕ ਸਵਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੁੱਟ-ਖੋਹ ਕੀਤੀ ਸੀ । ਮੁਲਜ਼ਮਾਂ ਨੇ ਹੋਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਖੁਲਾਸਾ ਕੀਤਾ ਹੈ । ਮੁਲਜ਼ਮਾਂ ਦੀ ਨਿਸ਼ਾਨਦੇਹੀ ''ਤੇ ਪੁਲਸ ਨੇ 5 ਮੋਬਾਈਲ, ਸੋਨੇ ਦੀ ਚੇਨੀ ਤੇ 23923 ਰੁਪਏ ਦੀ ਰਕਮ ਬਰਾਮਦ ਕਰਨ ਦੇ ਨਾਲ-ਨਾਲ 70 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ ।  

 


Related News