ਕਾਲਜ ਲਈ ਫਿਰ ਧਰਨੇ ''ਤੇ ਬੈਠੀਆਂ ਕੁੜੀਆਂ
Sunday, Aug 06, 2017 - 07:20 AM (IST)
ਜਲੰਧਰ, (ਖੁਰਾਣਾ)- ਬੂਟਾ ਮੰਡੀ 'ਚ ਚਾਰਾ ਮੰਡੀ ਵਾਲੀ ਜਗ੍ਹਾ 'ਤੇ ਡਾ. ਬੀ. ਆਰ. ਅੰਬੇਡਕਰ ਸਰਕਾਰੀ ਗਰਲਜ਼ ਕਾਲਜ ਬਣਾਉਣ ਦੀ ਮੰਗ ਨੂੰ ਲੈ ਕੇ ਸਰਬ ਸਮਾਜ ਸੰਘਰਸ਼ ਕਮੇਟੀ ਵੱਲੋਂ ਸ਼ੁਰੂ ਕੀਤਾ ਗਿਆ ਧਰਨਾ 96ਵੇਂ ਦਿਨ ਵਿਚ ਦਾਖਲ ਹੋ ਗਿਆ ਹੈ, ਇਸ ਦੌਰਾਨ ਅੱਜ ਲਗਾਤਾਰ ਦੂਜੇ ਦਿਨ ਕੁੜੀਆਂ ਭੁੱਖ ਹੜਤਾਲ 'ਤੇ ਬੈਠੀਆਂ, ਜਿਨ੍ਹਾਂ ਵਿਚ ਨੇਹਾ, ਕਸ਼ਿਸ਼, ਮੀਨਾ ਕਲੇਰ, ਪ੍ਰਿਯਾ ਤੇ ਸੀਮਾ ਸ਼ਾਮਿਲ ਸਨ।
ਕਮੇਟੀ ਦੇ ਪ੍ਰਧਾਨ ਜਗਦੀਸ਼ ਦੀਸ਼ਾ ਨੇ ਕਿਹਾ ਕਿ ਸੰਘਰਸ਼ ਦੇ ਬਾਵਜੂਦ ਮੌਜੂਦਾ ਸਰਕਾਰ ਦੇ ਨੁਮਾਇੰਦੇ ਇਸ ਮੰਗ ਵੱਲ ਕੋਈ ਧਿਆਨ ਨਹੀਂ ਦੇ ਰਹੇ ਤੇ 23 ਸਾਲ ਪਹਿਲਾਂ ਮੁੱਖ ਮੰਤਰੀ ਸਵ. ਬੇਅੰਤ ਸਿੰਘ ਨੇ ਕੁੜੀਆਂ ਦਾ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ।
ਉਸ ਤੋਂ ਬਾਅਦ ਸੁਖਬੀਰ ਬਾਦਲ ਨੇ ਵੀ 2008 ਵਿਚ ਅਜਿਹਾ ਐਲਾਨ ਕੀਤਾ ਸੀ ਪਰ ਕਿਸੇ ਸਰਕਾਰ ਨੇ ਇਸ ਨੂੰ ਸਿਰੇ ਨਹੀਂ ਚਾੜ੍ਹਿਆ। ਇਸ ਦੌਰਾਨ ਅੱਜ ਭਾਰਤੀ ਰਿਪਬਲਿਕਨ ਪਾਰਟੀ ਦੀ ਪ੍ਰਧਾਨ ਕੁਮਾਰੀ ਸੰਤੋਸ਼ ਤੇ ਹੋਰਨਾਂ ਨੇ ਇਸ ਧਰਨੇ ਦਾ ਸਮਰਥਨ ਕੀਤਾ। ਇਸ ਸੰਘਰਸ਼ ਨੂੰ ਸੰਤ ਬਾਬਾ ਨਿਰਮਲ ਦਾਸ, ਬਾਬਾ ਪਰਗਟ ਨਾਥ, ਸੰਤ ਕੁਲਵੰਤ ਰਾਮ, ਸੰਤ ਕ੍ਰਿਸ਼ਨ ਨਾਥ ਜੀ ਤੇ ਡੇਰਾ ਬੱਲਾਂ ਦਾ ਸਮਰਥਨ ਹੋਣ ਦਾ ਦਾਅਵਾ ਕੀਤਾ ਗਿਆ ਹੈ।
