ਜਬਰ-ਜ਼ਨਾਹ ਕਰਨ ਵਾਲਿਆਂ ''ਤੇ ਜਲੰਧਰ ਪੁਲਸ ਸਖਤ, ਸਾਲ ਭਰ ''ਚ 50 ਤੋਂ ਵੱਧ ਮੁਲਜ਼ਮ ਫੜੇ
Saturday, Dec 07, 2019 - 06:26 PM (IST)
ਜਲੰਧਰ— ਜਬਰ-ਜ਼ਨਾਹ ਕਰਨ ਵਾਲਿਆਂ 'ਤੇ ਜਲੰਧਰ ਪੁਲਸ ਨੇ ਕੋਈ ਨਰਮੀ ਨਹੀਂ ਵਰਤੀ ਹੈ। ਇਸ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਬੀਤੇ ਇਕ ਸਾਲ 'ਚ ਜਲੰਧਰ ਸ਼ਹਿਰ 'ਚ ਬਲਾਤਕਾਰ ਦੇ ਕਰੀਬ 70 ਮਾਮਲੇ ਦਰਜ ਹੋਏ ਹਨ ਅਤੇ ਪੁਲਸ ਨੇ ਸਾਰੇ ਮਾਮਲੇ ਦਰਜ ਕਰਕੇ ਕਰੀਬ 50 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਹਿਰ ਦੇ ਹਰ ਥਾਣੇ 'ਚ ਬਲਾਤਕਾਰ ਦਾ ਮਾਮਲਾ ਦਰਜ ਹੋ ਚੁੱਕਾ ਹੈ ਅਤੇ ਲਗਭਗ ਹਰ ਥਾਣੇ ਦੀ ਪੁਲਸ ਨੇ ਇਨ੍ਹਾਂ ਮਾਮਲਿਆਂ 'ਚ ਪਹਿਲ ਦੇ ਆਧਾਰ 'ਤੇ 24 ਘੰਟੇ ਦੇ ਅੰਦਰ ਐੱਫ. ਆਈ. ਆਰ. ਦਰਜ ਕਰਕੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿ੍ਰਫਤਾਰ ਵੀ ਕੀਤਾ ਹੈ। ਹਾਲਾਂਕਿ ਕੁਝ ਮਾਮਲਿਆਂ 'ਚ ਅਜੇ ਮੁਲਜ਼ਮ ਗ੍ਰਿ੍ਰਫਤਾਰ ਨਹੀਂ ਹੋ ਸਕੇ ਹਨ।
ਦੱਸਣਯੋਗ ਹੈ ਕਿ ਬਲਾਤਕਾਰ ਦੇ ਮਾਮਲਿਆਂ 'ਚ ਜ਼ਿਆਦਾਤਰ ਪੀੜਤ ਬੱਚੀਆਂ ਹੀ ਹਨ। ਬੱਚੀਆਂ ਨੂੰ ਵਰਗਲਾ ਕੇ ਜਬਰ-ਜ਼ਨਾਹ ਕੀਤਾ ਗਿਆ ਹੈ। ਪੁਲਸ ਨੇ ਇਨ੍ਹਾਂ ਮਾਮਲਿਆਂ 'ਚ ਲਗਭਗ ਸਾਰੇ ਮੁਲਜ਼ਮ ਗ੍ਰਿਫਤਾਰ ਕੀਤੇ ਹਨ। ਵੱਡੀ ਗੱਲ ਇਹ ਹੈ ਕਿ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ, ਉਨ੍ਹਾਂ ਖਿਲਾਫ ਦੋਸ਼ ਵੀ ਸਾਬਤ ਹੋਏ ਹਨ ਅਤੇ ਅਦਾਲਤ ਤੋਂ ਸਜ਼ਾ ਵੀ ਮਿਲੀ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਕਿਹਾ ਕਿ ਬਲਾਤਕਾਰ ਕਰਨ ਵਾਲੇ ਸਮਾਜ ਦੇ ਵੱਡੇ ਅਪਰਾਧੀ ਹਨ, ਜਿਨ੍ਹਾਂ 'ਤੇ ਹਮਦਰਦੀ ਦਿਖਾਉਣ ਵਾਲੀ ਕੋਈ ਗੱਲ ਹੀ ਸਾਹਮਣੇ ਨਹੀਂ ਆਉਂਦੀ। ਜਲੰਧਰ ਪੁਲਸ ਹਮੇਸ਼ਾ ਤੋਂ ਹੀ ਅਜਿਹੇ ਲੋਕਾਂ ਨਾਲ ਸਖਤੀ ਨਾਲ ਪੇਸ਼ ਆਈ ਹੈ। ਕੋਸ਼ਿਸ਼ ਇਹੀ ਰਹਿੰਦੀ ਹੈ ਅਜਿਹੇ ਮੁਲਜ਼ਮਾਂ ਨੂੰ ਸਜ਼ਾ ਦਿਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਭਵਿੱਖ 'ਚ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।
ਬਲਾਤਕਾਰ ਕਰਨ ਵਾਲੇ ਲੋਕ ਖੁਦ ਦੇ ਚੁੱਕੇ ਨੇ ਸਜ਼ਾ
ਜਲੰਧਰ 'ਚ ਇਕ ਬਲਾਤਕਾਰ ਮਾਮਲੇ 'ਚ ਲੋਕਾਂ ਨੇ ਆਪਣਾ ਗੁੱਸਾ ਵੀ ਦਿਖਾਇਆ ਸੀ। ਥਾਣਾ ਰਾਮਾਮੰਡੀ ਖੇਤਰ 'ਚ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮ ਨੂੰ ਗੁੱਸੇ 'ਚ ਆਈ ਭੀੜ ਨੇ ਕੁੱਟਮਾਰ ਕਰਕੇ ਮਾਰ ਦਿੱਤਾ ਸੀ। ਮੁਲਜ਼ਮ ਦੀ ਪਛਾਣ ਬਿਹਾਰ ਜ਼ਿਲਾ ਪੂਰਨੀਆ ਵਾਸੀ ਪੱਪੂ ਕੁਮਾਰ (39) ਦੇ ਰੂਪ 'ਚ ਹੋਈ ਸੀ, ਜੋ ਪਿਛਲੇ 7 ਸਾਲਾਂ ਤੋਂ ਦਕੋਹਾ ਦੇ ਦਿਨੇਸ਼ ਨਗਰ 'ਚ ਰਹਿ ਰਿਹਾ ਸੀ। ਪੀੜਤ ਬੱਚੀ ਮਾਂ-ਬਾਪ ਦੇ ਨਾਲ ਉਸ ਦੇ ਘਰ ਦੇ ਸਾਹਮਣੇ ਹੀ ਰਹਿੰਦੀ ਸੀ।
ਉਥੇ ਹੀ ਸ਼ਹਿਰ 'ਚ ਕੁਝ ਅਜਿਹੇ ਮਾਮਲੇ ਵੀ ਦਰਜ ਹਨ, ਜਿਨ੍ਹਾਂ 'ਚ ਮਤਰੇਏ ਪਿਤਾ ਨੇ ਆਪਣੀ ਧੀ, ਮਾਮੇ ਨੇ ਭਾਂਜੀ ਅਤੇ ਚਚੇਰੇ ਭਰਾ ਨੇ ਆਪਣੀ ਭੇਣ ਨੂੰ ਹਵਸ ਦਾ ਸ਼ਿਕਾਰ ਬਣਾਇਆ। ਜਲੰਧਰ 'ਚ ਬਲਾਤਕਾਰ ਦੀਆਂ ਜ਼ਿਆਦਾਤਰ ਘਟਨਾਵਾਂ ਸਲਮ ਇਲਾਕਿਆਂ 'ਚ ਹੋਈਆਂ ਹਨ। ਇਹ ਘਟਨਾਵਾਂ ਅਜਿਹੇ ਇਲਾਕਿਆਂ 'ਚ ਹੋਈਆਂ ਹਨ, ਜਿੱਥੇ ਦੂਜੇ ਸੂਬਿਆਂ ਤੋਂ ਆ ਕੇ ਦਿਹਾੜੀ ਕਰਨ ਵਾਲੇ ਲੋਕ ਰਹਿੰਦੇ ਹਨ। ਇਨ੍ਹਾਂ 'ਚ ਜ਼ਿਆਦਾਤਰ ਨਾਬਾਲਗ ਲੜਕੀਆਂ ਹਵਸ ਦਾ ਸ਼ਿਕਾਰ ਹੋਈਆਂ ਹਨ।