ਮੁਕਤਸਰ ਦੀ ਧੀ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਹਰਿਆਣਾ ਜੁਡੀਸ਼ੀਅਲ 'ਚ 51ਵਾਂ ਸਥਾਨ ਹਾਸਲ ਕਰ ਕੇ ਬਣੀ ਜੱਜ
Thursday, Oct 20, 2022 - 04:30 PM (IST)
ਸ੍ਰੀ ਮੁਕਤਸਰ ਸਾਹਿਬ (ਢਿੱਲੋਂ,ਤਨੇਜਾ, ਕੁਲਦੀਪ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗੇਵਾਲਾ ਦੀ ਰਹਿਣ ਵਾਲੀ ਅਰਸ਼ਬੀਰ ਕੌਰ ਸੰਧੂ ਪੁੱਤਰੀ ਕੁਲਦੀਪ ਸਿੰਘ ਸੰਧੂ ਨੇ ਜੱਜ ਬਣਨ ਦੀ ਉਪਲਬਧੀ ਹਾਸਲ ਕਰਕੇ ਜ਼ਿਲ਼੍ਹੇ ਦਾ ਮਾਣ ਵਧਾਇਆ ਹੈ। ਜਾਣਕਾਰੀ ਮੁਤਾਬਕ ਅਰਸ਼ਬੀਰ ਕੌਰ ਨੇ ਹਰਿਆਣਾ ਜੁਡੀਸ਼ੀਅਲ ਵਿੱਚੋਂ 51ਵਾਂ ਸਥਾਨ ਹਾਸਲ ਕਰਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਗੱਲ ਕਰਦਿਆਂ ਅਰਸ਼ਬੀਰ ਕੌਰ ਨੇ ਦੱਸਿਆ ਕਿ ਉਸਦੇ ਦਾਦਾ ਜੀ ਦਾ ਨਾਮ ਜੱਜ ਸਿੰਘ ਸੀ ਅਤੇ ਉਨ੍ਹਾਂ ਨੂੰ ਪਿੰਡ 'ਚ ਜੱਜ ਸਾਹਿਬ ਕਹਿ ਕੇ ਬੁਲਾਇਆ ਜਾਂਦੀ ਸੀ। ਇਸ ਕਾਰਨ ਸ਼ੁਰੂ ਤੋਂ ਹੀ ਉਸ ਦੀ ਲਗਨ ਜੱਜ ਬਣਨ 'ਚ ਰਹੀ ਹੈ, ਜਿਸ ਲਈ ਉਸ ਨੇ ਪੜ੍ਹਾਈ ਤੋਂ ਬਾਅਦ ਮਿਹਨਤ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਖੇਰੂੰ-ਖੇਰੂੰ ਕੀਤਾ ਪਰਿਵਾਰ, ਦੁਖੀ ਪਤੀ ਨੇ ਖ਼ੁਦ ਨੂੰ ਅੱਗ ਲਾ ਕੇ ਗਲ਼ੇ ਲਾਈ ਮੌਤ
ਅਰਸ਼ਬੀਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸ ਨੇ ਦਿੱਲੀ ਅਤੇ ਹਿਮਾਚਲ ਜੁਡੀਸ਼ੀਅਲ ਲਈ ਪੇਪਰ ਦਿੱਤਾ ਸੀ ਪਰ ਉਹ ਇੰਟਰਵਿਊਂ ਰਾਉਂਡ 'ਚ ਸਫ਼ਲ ਨਹੀਂ ਹੋ ਸਕੀ। ਇਸ ਵਾਰ ਉਸ ਨੂੰ ਹਰਿਆਣਾ ਜੁਡੀਸ਼ੀਅਲ ਦੌਰਾਨ ਸਫ਼ਲਤਾ ਮਿਲੀ ਹੈ। ਉਸ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਤੋਂ ਦੂਰ ਰਹੀ ਹੈ ਅਤੇ ਉਸ ਦੇ ਮਾਪਿਆਂ ਨੇ ਉਸਨੂੰ ਪੂਰਾ ਸਹਿਯੋਗ ਦਿੱਤਾ ਹੈ। ਉਸ ਨੇ ਕੁੜੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਨਿਸ਼ਾਨਾ ਮਿੱਥ ਕੇ ਮਿਹਨਤ ਕਰਨ ਤਾਂ ਜੋ ਮੰਜ਼ਿਲ ਹਾਸਲ ਹੋ ਸਕੇ। ਅਰਸ਼ਬੀਰ ਕੌਰ ਦੇ ਮਾਮਾ ਨਰਿੰਦਰ ਸਿੰਘ ਬਰਾੜ ਭਾਗਸਰ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਨੂੰ ਯੂਨੀਵਰਸਿਟੀ ਵੱਲੋਂ ਗੋਲਡ ਮੈਡਲ ਮਿਲਿਆ ਹੋਇਆ ਹੈ ਅਤੇ ਸ਼ੁਰੂ ਤੋਂ ਹੀ ਪੜ੍ਹਾਈ ਪ੍ਰਤੀ ਉਸ ਦੀ ਬਹੁਤ ਲਗਨ ਰਹੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।