ਕੁੜੀਆਂ ਨੂੰ ਡਰਾ-ਧਮਕਾ ਕੇ ਧੱਕਿਆ ਜਾ ਰਿਹੈ ਦੇਹ ਵਪਾਰ ਦੇ ਧੰਦੇ ’ਚ, ਵਾਇਰਲ ਵੀਡੀਓ ਕਲਿੱਪ ਨੇ ਖੋਲ੍ਹੀ ਪੋਲ

Sunday, Sep 18, 2022 - 06:26 PM (IST)

ਕੁੜੀਆਂ ਨੂੰ ਡਰਾ-ਧਮਕਾ ਕੇ ਧੱਕਿਆ ਜਾ ਰਿਹੈ ਦੇਹ ਵਪਾਰ ਦੇ ਧੰਦੇ ’ਚ, ਵਾਇਰਲ ਵੀਡੀਓ ਕਲਿੱਪ ਨੇ ਖੋਲ੍ਹੀ ਪੋਲ

ਫਗਵਾੜਾ (ਜਲੋਟਾ)- ਗੱਲ ਸੁਣਨ ਅਤੇ ਪੜ੍ਹਨ ਭਾਵੇਂ ਹੈਰਾਨ ਕਰਨ ਵਾਲੀ ਲੱਗੇ ਪਰ ਇਹ ਹਕੀਕਤ ਹੈ ਕਿ ਫਗਵਾੜਾ ਦੇ ਪਿੰਡ ਮਹੇੜੂ ਦੇ ਲਾਗ ਗੇਟ ਇਲਾਕੇ ’ਚ ਭੋਲੀਆਂ-ਭਾਲੀਆਂ ਕੁੜੀਆਂ ਨੂੰ ਡਰਾ-ਧਮਕਾ ਕੇ ਕੁਝ ਲੋਕ ਦੇਹ ਵਪਾਰ ਦੇ ਗੰਦੇ ਧੰਦੇ ’ਚ ਧੱਕ ਰਹੇ ਹਨ। ਇਸ ਬੇਹੱਦ ਗੰਭੀਰ ਮਾਮਲੇ ਨੂੰ ਲੈ ਕੇ ਜਦ ‘ਜਗ ਬਾਣੀ’ ਨੇ ਫਗਵਾੜਾ ਦੇ ਐੱਸ. ਪੀ. ਮੁਖਤਿਆਰ ਰਾਏ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵੀਡੀਓ ਕਲਿੱਪ ਵਾਇਰਲ ਹੋਇਆ ਹੈ, ਜਿਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਥਾਣਾ ਸਤਨਾਮਪੁਰਾ ਫਗਵਾੜਾ ਦੇ ਐੱਸ. ਐੱਚ. ਓ. ਜਤਿੰਦਰ ਕੁਮਾਰ ਦੇ ਬਿਆਨਾਂ ’ਤੇ ਪੁਲਸ ਨੇ ਲਾਅ ਗੇਟ ਮਹੇੜੂ ਦੇ ਇਕ ਹੋਟਲ ਕੰਮ ਪੀ. ਜੀ. ਦੇ ਕਰਿੰਦਿਆਂ ਖ਼ਿਲਾਫ਼ ਧਾਰਾ 506, 370 ਸਮੇਤ 3, 4, 5, 6 ਇਮੋਰਲ ਟ੍ਰੈਫਿਕਿੰਗ ਐਕਟ 1956 ਦੇ ਤਹਿਤ ਪੁਲਸ ਕੇਸ ਦਰਜ ਕਰਨ ਤੋਂ ਬਾਅਦ ਹੋਟਲ ਕਮ ਪੀ. ਜੀ. ’ਤੇ ਛਾਪੇਮਾਰੀ ਕੀਤੀ ਹੈ। ਹਾਲੇ ਤੱਕ ਪੁਲਸ ਨੇ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਕੋਈ ਵੀ ਦੋਸ਼ੀ ਹੋਵੇਗਾ, ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। 

ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ 'ਤੇ ਨਕੇਲ ਕੱਸਣ ਲਈ DGP ਗੌਰਵ ਯਾਦਵ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼

ਦੱਸਣਯੋਗ ਹੈ ਕਿ ਪਿੰਡ ਮਹੇੜੂ ਦੇ ਲਾਅ ਗੇਟ ਲਾਗੇ ਇਕ ਹੋਟਲ ਕਮ-ਪੀ. ਜੀ. ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਇਆ ਹੈ, ਜਿਸ ’ਚ ਹੋਟਲ ਦਾ ਕਰਮਚਾਰੀ ਇਕ ਨੌਜਵਾਨ ਨੂੰ ਇੰਡੀਅਨ-ਥਾਈਲੈਂਡ ਸਮੇਤ ਵਿਦੇਸ਼ੀ ਲੜਕੀਆਂ ਵੱਲੋਂ ਇਲਾਕੇ ’ਚ ਦੇਹ ਵਪਾਰ ਕੀਤੇ ਜਾਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਵਾਇਰਲ ਹੋਏ ਵੀਡੀਓ ’ਚ ਹੋਟਲ ਦਾ ਕਰਿੰਦਾ ਕੈਮਰੇ ਦੇ ਅੱਗੇ ਸਾਫ਼ ਤੌਰ ’ਤੇ ਕਹਿ ਰਿਹਾ ਹੈ ਕਿ ਹੋਟਲ ਕਮ-ਪੀ. ਜੀ. ’ਚ ਇੰਡੀਅਨ ਥਾਈਲੈਂਡ ਅਤੇ ਵਿਦੇਸ਼ਾਂ ਤੋਂ ਆਈਆਂ ਲੜਕੀਆਂ ਮਿਲਦੀਆਂ ਹਨ। ਉਹ ਇੱਥੇ ਹੀ ਬੱਸ ਨਹੀਂ ਕਰਦਾ ਹੈ, ਸਗੋਂ ਇਸੇ ਦੌਰਾਨ ਕਰਿੰਦੇ ਵੱਲੋਂ ਆਪਣੇ ਮੋਬਾਇਲ ਰਾਹੀਂ ਨੌਜਵਾਨ ਨੂੰ ਲੜਕੀਆਂ ਦੀਆਂ ਫੋਟੋਆਂ ਵੀ ਵਿਖਾਈਆਂ ਜਾਂਦੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਇਤਰਾਜ਼ਯੋਗ ਅਸ਼ਲੀਲ ਗੱਲਾਂ ਵੀ ਆਖੀਆਂ ਜਾਂਦੀਆਂ ਹਨ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਫਗਵਾੜਾ ਪੁਲਸ ਵੱਲੋਂ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਖਿਲਾਫ ਪੁਲਸ ਕੇਸ ਤਾਂ ਦਰਜ ਕੀਤਾ ਜਾਂਦਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦ ਪੁਲਸ ਅਧਿਕਾਰੀ ਹੋਟਲ ਕਮ-ਪੀ. ਜੀ. ’ਤੇ ਛਾਪੇਮਾਰੀ ਕਰਨ ਜਾਂਦੇ ਹਨ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਜਾਂਦੇ ਹਨ।

ਦੱਸਣਯੋਗ ਹੈ ਕਿ ਫਗਵਾੜਾ ਦੇ ਪਿੰਡ ਮਹੇੜੂ ’ਚ ਲਾ ਗੇਟ ਦੇ ਲਾਗੇ ਬੀਤੇ ਕੁਝ ਸਮੇਂ ਤੋਂ ਵੱਡੇ ਪੱਧਰ ’ਤੇ ਗੈਰ-ਕਾਨੂੰਨੀ ਕਾਰਜ ਸ਼ਾਤਰ ਲੋਕਾਂ ਵੱਲੋਂ ਅੰਜਾਮ ਦਿੱਤੇ ਜਾ ਰਹੇ ਹਨ। ਇਸ ਇਲਾਕੇ ’ਚ ਜਿੱਥੇ ਬਹੁਤ ਵੱਡੇ ਪੱਧਰ ’ਤੇ ਡਰੱਗਜ਼ ਸਮੇਤ ਨਸ਼ੀਲੇ ਪਦਾਰਥਾਂ ਦੀ ਸਪਲਾਈ ਹੋ ਰਹੀ ਹੈ, ਉਥੇ ਫਗਵਾੜਾ ਪੁਲਸ ਵੱਲੋਂ ਕਈ ਮੌਕਿਆਂ ’ਤੇ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਇਨ੍ਹਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਪੁਲਸ ਕੇਸ ਵੀ ਦਰਜ ਕੀਤੇ ਗਏ ਹਨ ਪਰ ਹਕੀਕਤ ਇਹ ਹੈ ਕਿ ਫਗਵਾੜਾ ਦੇ ਇਸ ਇਲਾਕੇ ’ਚ ਭੋਲੀ ਭਾਲੀ ਲੜਕੀਆਂ ਤੋਂ ਦੇਹ ਵਪਾਰ ਕਰਵਾਉਣ ਤੋਂ ਲੈ ਕੇ ਡਰੱਗਜ਼ ਦਾ ਕਾਲਾ ਧੰਦਾ ਵੀ ਪੂਰੇ ਜ਼ੋਰ ਸ਼ੋਰ ਨਾਲ ਅੰਜਾਮ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਯੂਨੀਵਰਸਿਟੀ 'ਚੋਂ ਕੁੜੀਆਂ ਦੀ ਵਾਇਰਲ ਇਤਰਾਜ਼ਯੋਗ ਵੀਡੀਓ ਮਾਮਲੇ 'ਚ ਮਨੀਸ਼ਾ ਗੁਲਾਟੀ ਨੇ ਲਿਆ ਸਖ਼ਤ ਨੋਟਿਸ

ਫਗਵਾੜਾ ਦੇ ਲੋਕਾਂ ’ਚ ਇਹ ਚਰਚਾ ਆਮ ਹੁੰਦੀ ਵੇਖੀ ਜਾ ਸਕਦੀ ਹੈ, ਜਿੱਥੇ ਲੋਕ ਇਹ ਸਵਾਲ ਕਰਦੇ ਹਨ ਕਿ ਪਿੰਡ ਮਹੇੜੂ ਦੇ ਲਾਅ ਗੇਟ ਇਲਾਕੇ ’ਚ ਇੰਨੇ ਵੱਡੇ ਪੱਧਰ ’ਤੇ ਦੇਹ ਵਪਾਰ ਸਮੇਤ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲੇ ਉਹ ਸ਼ਾਤਰ ਲੋਕ ਕੌਣ ਹਨ ਜੋ ਸ਼ਰੇਆਮ ਇਸ ਇਲਾਕੇ ’ਚ ਆਪਰੇਟ ਕਰ ਰਹੇ ਹਨ? ਹੁਣ ਇਹ ਗੱਲਾਂ ਕਿੰਨੀਆਂ ਕੁ ਸੱਚ ਹਨ ਇਹ ਤਾਂ ਫਗਵਾੜਾ ਪੁਲਸ ਵੱਲੋਂ ਥਾਣਾ ਸਤਨਾਮਪੁਰਾ ਵਿਖੇ ਦਰਜ ਕੀਤੇ ਗਏ ਪੁਲਸ ਕੇਸ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਜਾਂਦੇ ਦੋਸ਼ੀਆਂ ਤੋਂ ਕੀਤੀ ਜਾਣ ਵਾਲੀ ਡੂੰਘਾਈ ਨਾਲ ਪੁਲਸ ਜਾਂਚ ਤੋਂ ਬਾਅਦ ਹੀ ਖੁੱਲ੍ਹ ਕੇ ਪਤਾ ਲੱਗ ਪਵੇਗਾ।

ਇਹ ਵੀ ਪੜ੍ਹੋ: ਮੁਸ਼ਕਿਲਾਂ ’ਚ ਘਿਰੇ ਜਲੰਧਰ ਦੇ DCP ਨਰੇਸ਼ ਡੋਗਰਾ, ਹੁਸ਼ਿਆਰਪੁਰ ਦੀ ਅਦਾਲਤ ਨੇ ਕੀਤਾ ਤਲਬ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


author

shivani attri

Content Editor

Related News