ਚੁਣੌਤੀਆਂ ਦੇ ਬਾਵਜੂਦ ਖੇਡਾਂ ''ਚ ਸਫਲਤਾ ਦਾ ਸਿਖਰ ਛੂਹਣਾ ਚਾਹੁੰਦੀਆਂ ਨੇ ਇਹ ਬੇਟੀਆਂ

Saturday, Jan 13, 2018 - 01:16 AM (IST)

ਫਿਰੋਜ਼ਪੁਰ(ਮਲਹੋਤਰਾ)-ਅੰਤਰਰਾਸ਼ਟਰੀ ਹਿੰਦ-ਪਾਕਿ ਸਰਹੱਦ 'ਤੇ ਵਸੇ ਸ਼ਹੀਦਾਂ ਦੇ ਸ਼ਹਿਰ ਦੇ ਨਾਲ ਲੱਗਿਆ ਹੋਇਆ ਪਛੜਿਆ ਸ਼ਬਦ ਮਿਟਣ ਦਾ ਨਾਂ ਨਹੀਂ ਲੈ ਰਿਹਾ। ਬੇਸ਼ੱਕ ਕਈ ਰਾਜਨੀਤਕ ਪਾਰਟੀਆਂ ਦੇ ਆਗੂ ਸਮੇਂ-ਸਮੇਂ 'ਤੇ ਪਛੜਾ ਸ਼ਬਦ ਹਟਾਉਣ ਦੀ ਗੱਲ ਕਰਦੇ ਹਨ ਪਰ ਉਦਯੋਗਿਕ, ਵਪਾਰਕ, ਸਿੱਖਿਆ ਦੇ ਨਾਲ-ਨਾਲ ਖੇਡਾਂ 'ਚ ਵੀ ਇਹ ਜ਼ਿਲਾ ਪੂਰੀ ਤਰ੍ਹਾਂ ਪਛੜਿਆ ਹੋਇਆ ਹੈ। ਇਸ ਦੇ ਬਾਵਜੂਦ ਸ਼ਹਿਰ ਦੀਆਂ ਦੋ ਬੇਟੀਆਂ ਹਿਤਾਸ਼ਾ ਤੇ ਸਵਰੀਤ ਕੌਰ ਨੇ ਪੱਕਾ ਫੈਸਲਾ ਕਰ ਲਿਆ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ 'ਤੇ ਖੇਡਣਗੀਆਂ ਤੇ ਪੂਰੀ ਦੁਨੀਆ 'ਚ ਫਿਰੋਜ਼ਪੁਰ ਦਾ ਝੰਡਾ ਬੁਲੰਦ ਕਰਨਗੀਆਂ। ਬੇਸ਼ੱਕ ਇਨ੍ਹਾਂ ਬੇਟੀਆਂ ਨੂੰ ਪ੍ਰੈਕਟਿਸ ਕਰਵਾਉਣ ਲਈ ਨਾ ਤਾਂ ਉਚਿਤ ਖੇਡ ਮੈਦਾਨ ਹਨ ਤੇ ਨਾ ਹੀ ਕੋਚ ਹਨ, ਹਾਂ ਇੰਨਾ ਜ਼ਰੂਰ ਹੈ ਕਿ ਟਾਈਮ ਪਾਸ ਕਰਨ ਦੇ ਨਾਂ 'ਤੇ ਇਹ ਇਥੇ ਟਰੇਨਿੰਗ ਲੈ ਰਹੀਆਂ ਹਨ। 'ਜਗ ਬਾਣੀ' ਦੁਆਰਾ ਜਦ ਇਨ੍ਹਾਂ ਨਾਲ ਸਿੱਧੀ ਗੱਲ ਕੀਤੀ ਗਈ ਤਾਂ ਇਨ੍ਹਾਂ ਨੇ ਖੁੱਲ੍ਹ ਕੇ ਦਿਲ ਦੀ ਗੱਲ ਕਹੀ। ਉਚਿਤ ਖੇਡ ਸਹੂਲਤਾਂ ਦੀ ਕਮੀ ਦੇ ਬਾਵਜੂਦ ਫਿਰੋਜ਼ਪੁਰ ਦੀਆਂ ਇਹ ਹੋਣਹਾਰ ਬੇਟੀਆਂ, ਜਿਸ ਤਰ੍ਹਾਂ ਆਪਣੀ ਮੰਜ਼ਿਲ ਵਲ ਕਦਮ ਵਧਾ ਰਹੀਆਂ ਹਨ, ਉਸ ਨਾਲ ਇਹ ਗੱਲ ਤੈਅ ਹੈ ਕਿ ਇਹ ਆਪਣਾ ਸੁਪਨਾ ਜ਼ਰੂਰ ਪੂਰਾ ਕਰਨਗੀਆਂ ਤੇ ਜ਼ਿਲੇ ਦਾ ਨਾਂ ਅੰਤਰਰਾਸ਼ਟਰੀ ਪੱਧਰ 'ਤੇ ਲੈ ਕੇ ਜਾਣਗੀਆਂ। ਲੋਹੜੀ 'ਤੇ ਖਾਸ ਤੌਰ 'ਤੇ ਇਨ੍ਹਾਂ ਬੇਟੀਆਂ ਦੇ ਸੰਘਰਸ਼ 'ਤੇ ਸਫਲਤਾ ਦੀ ਕਹਾਣੀ ਇਨ੍ਹਾਂ ਦੀ ਜ਼ੁਬਾਨੀ ਬਿਆਨ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਲੋਕਾਂ ਨੂੰ ਪ੍ਰੇਰਨਾ ਮਿਲ ਸਕੇ ਜੋ ਅੱਜ ਵੀ ਲੜਕਿਆਂ ਤੇ ਲੜਕੀਆਂ 'ਚ ਫਰਕ ਸਮਝਦੇ ਹਨ।
ਨਾ ਸ਼ੂਟਿੰਗ ਰੇਂਜ ਨਾ ਕੋਚ, ਫਿਰ ਵੀ ਓਲੰਪਿਕ 'ਤੇ ਨਿਸ਼ਾਨਾ ਲਾਉਣ ਦਾ ਹੈ ਉਦੇਸ਼
ਸੇਂਟ ਜੋਸਫ ਕਾਨਵੈਂਟ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਤੇ ਸ਼ੂਟਿੰਗ ਖਿਡਾਰੀ ਹਿਤਾਸ਼ਾ 2016 'ਚ ਰਾਸ਼ਟਰੀ ਖੇਡਾਂ ਦਾ ਹਿੱਸਾ ਬਣ ਕੇ ਸ਼ੂਟਿੰਗ ਡਬਲ ਟਰੈਪ 'ਚ ਬਰਾਊਂਜ਼ ਮੈਡਲ ਹਾਸਲ ਕਰ ਚੁੱਕੀ ਹੈ। 2017 ਵਿਚ ਉੱਤਰ ਖੇਤਰ ਖੇਡਾਂ 'ਚ ਇਸੇ ਹੀ ਈਵੈਂਟ 'ਚ ਸਿਲਵਰ ਮੈਡਲ, ਜੀ. ਵੀ. ਮਾਲਵੰਕਰ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ, 61ਵੀਂ ਰਾਸ਼ਟਰੀ ਖੇਡਾਂ 'ਚ ਮਿਕਸਡ ਈਵੈਂਟ 'ਚ ਚੌਥਾ ਸਥਾਨ ਹਾਸਲ ਕਰ ਚੁੱਕੀ ਹੈ। ਫਿਰੋਜ਼ਪੁਰ ਵਿਚ ਸ਼ੂਟਿੰਗ ਦੀ ਟਰੇਨਿੰਗ ਲਈ ਕੋਈ ਵੀ ਕੋਚ ਨਹੀਂ ਹੈ ਤੇ ਨਾ ਹੀ ਇਥੇ ਕੋਈ ਚੰਗੀ ਸ਼ੂਟਿੰਗ ਰੇਂਜ ਹੈ, ਜਿਸ ਨਾਲ ਉਹ ਆਪਣੀ ਰੈਗੂਲਰ ਪ੍ਰੈਕਟਿਸ ਕਰ ਸਕੇ। ਪੰਜਾਬ ਸਰਕਾਰ ਦੁਆਰਾ ਕੁਝ ਸਮਾਂ ਪਹਿਲਾਂ ਡੀ. ਐੱਸ. ਪੀ. ਨਿਯੁਕਤ ਕੀਤੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਜੇ ਠਾਕੁਰ ਹਿਤਾਸ਼ਾ ਦੇ ਚਾਚਾ ਲੱਗਦੇ ਹਨ ਤੇ ਉਹ ਉਨ੍ਹਾਂ ਨੂੰ ਹੀ ਆਪਣਾ ਆਦਰਸ਼ ਮੰਨਦੀ ਹੈ। ਇਸ ਤੋਂ ਇਲਾਵਾ ਸਥਾਨਕ ਸ਼ੂਟਿੰਗ ਖਿਡਾਰੀਆਂ ਵੀਰਨ ਸੋਢੀ, ਪਲਵਿੰਦਰ ਸੋਢੀ, ਰਾਜਾ ਸੋਢੀ ਦੀ ਗਾਈਡੈਂਸ ਨਾਲ ਹਿਤਾਸ਼ਾ ਆਪਣੀ ਟਰੇਨਿੰਗ ਕਰ ਰਹੀ ਹੈ।
ਸਵਰੀਤ ਲਈ ਸਹੀ ਕੋਚ ਨਹੀਂ ਮਿਲਿਆ ਤਾਂ ਪਿਤਾ ਬਣ ਗਏ ਕੋਚ
ਡੀ. ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਤੇ ਅੰਡਰ 16-17 ਬੈਡਮਿੰਟਨ ਖਿਡਾਰੀ ਸਵਰੀਤ ਕੌਰ ਵੀ ਨਾ-ਮਾਤਰ ਖੇਡ ਸਹੂਲਤਾਂ ਦੇ ਬਾਵਜੂਦ ਆਪਣੀ ਖੇਡ ਪ੍ਰਤਿਭਾ ਨੂੰ ਲਗਾਤਾਰ ਨਿਖਾਰ ਰਹੀ ਹੈ। ਉੱਤਰੀ ਖੇਤਰ ਖੇਡਾਂ 'ਚ ਗੋਲਡ ਮੈਡਲ ਹਾਸਲ ਕਰਨ ਵਾਲੀ ਸਵਰੀਤ ਕੌਰ ਨੇ ਰਾਜ ਪੱਧਰੀ ਖੇਡਾਂ 'ਚ ਚਾਰ ਮੈਡਲ ਜਿੱਤੇ ਹਨ। ਇਹ ਜ਼ਿਲੇ ਦੀ ਇਕੱਲੀ ਖਿਡਾਰੀ ਹੈ ਜੋ ਦੋ ਨੈਸ਼ਨਲ ਗੇਮਜ਼ ਖੇਡ ਚੁੱਕੀ ਹੈ, ਨੈਸ਼ਨਲ ਗੇਮਜ਼ ਵਿਚ ਪੰਜਾਬ ਦੀ ਟੀਮ ਦਾ ਪ੍ਰਤੀਨਿਧ ਕਰ ਚੁੱਕੀ ਹੈ ਤੇ ਆਪਣੀ ਸੂਝ-ਬੂਝ ਤੇ ਖੇਡ ਕੌਸ਼ਲ ਨਾਲ ਪੰਜਾਬ ਦੀ ਟੀਮ ਨੂੰ ਕੁਆਰਟਰ ਫਾਈਨਲ ਤੱਕ ਲਿਜਾ ਚੁੱਕੀ ਹੈ। ਪਿਤਾ ਮੇਰੇ ਨਾਲ ਹੋਰ 10-15 ਖਿਡਾਰੀਆਂ ਨੂੰ ਰੋਜ਼ਾਨਾ ਫਰੀ ਟਰੇਨਿੰਗ ਦਿੰਦੇ ਹਨ ਤੇ ਪੂਰਾ ਖਰਚ ਚੁੱਕਦੇ ਹਨ। ਮਾਤਾ ਮਨਮੀਤ ਕੌਰ ਵੀ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਟੀਚਰ ਹੈ ਪਰ ਪਿਤਾ ਦੀ ਪੂਰੀ ਤਨਖਾਹ ਉਸ ਦੀ ਟਰੇਨਿੰਗ ਅਤੇ ਵੱਖ-ਵੱਖ ਮੁਕਾਬਲਿਆਂ ਤੇ ਆਉਣ-ਜਾਣ 'ਤੇ ਖਰਚ ਹੋ ਜਾਂਦੀ ਹੈ। ਇਕ ਨਾ ਇਕ ਦਿਨ ਇਸ ਦਾ ਮੁੱਲ ਜ਼ਰੂਰ ਚੁਕਾਵਾਂਗੀ ਅਤੇ ਉਨ੍ਹਾਂ ਦਾ ਸੁਪਨਾ ਪੂਰਾ ਕਰਾਂਗੀ।


Related News