ਮੋਟਰਸਾਈਕਲਾਂ ''ਤੇ ਘੁੰਮ ਰਹੇ ਮਨਚਲੇ ਲੜਕਿਆਂ ਵੱਲੋਂ ਵਿਦਿਆਰਥਣਾਂ ਨਾਲ ਛੇੜਛਾੜ

Friday, Apr 20, 2018 - 06:15 AM (IST)

ਮੋਗਾ, (ਅਜ਼ਾਦ)- ਮੋਗਾ ਸ਼ਹਿਰ ਦੇ ਬਾਜ਼ਾਰਾਂ ਅੰਦਰ ਘੁੰਮ ਰਹੇ ਮੋਟਰਸਾਈਕਲ ਸਵਾਰ ਮਨਚਲੇ ਲੜਕਿਆਂ ਵੱਲੋਂ ਕਾਲਜ, ਸਕੂਲਾਂ ਅਤੇ ਆਈਲੈਟਸ ਸੈਂਟਰਾਂ ਨੂੰ ਆਉਣ-ਜਾਣ ਵਾਲੀਆਂ ਲੜਕੀਆਂ ਨਾਲ ਛੇੜਛਾੜ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ ਕਿਉਂਕਿ ਜੇਕਰ ਕੋਈ ਉਕਤ ਮਨਚਲੇ ਲੜਕਿਆਂ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਤਾਂ ਉਹ ਉਨ੍ਹਾਂ ਨਾਲ ਗਾਲੀ-ਗਲੋਚ ਕਰ ਕੇ ਮਾਰਕੁੱਟ ਕਰਨ ਦੀਆਂ ਧਮਕੀਆਂ ਦੇਣ ਲੱਗ ਜਾਂਦੇ ਹਨ। ਕਈ ਵਾਰ ਲੋਕਾਂ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਇਸ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਮਨਚਲੇ ਲੜਕੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਮੋਗਾ ਪੁਲਸ ਨੇ ਅਜਿਹੇ ਹੀ ਇਕ ਮਨਚਲੇ ਲੜਕੇ ਨੂੰ ਕਾਬੂ ਕੀਤਾ ਜਦਕਿ ਉਸ ਦਾ ਇਕ ਸਾਥੀ ਪੁਲਸ ਦੇ ਕਾਬੂ ਨਹੀਂ ਆ ਸਕਿਆ।
ਚੜਿੱਕ ਰੋਡ ਮੋਗਾ ਨਿਵਾਸੀ ਇਕ ਵਿਅਕਤੀ ਨੇ ਥਾਣਾ ਸਿਟੀ ਸਾਊਥ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਕਿਹਾ ਕਿ ਉਸ ਦੀ ਲੜਕੀ ਆਈਲੈਟਸ ਕਰਦੀ ਹੈ, ਜਦ ਉਹ ਆਈਲੈਟਸ ਸੈਂਟਰ ਨੂੰ ਜਾਂਦੀ ਹੈ ਤਾਂ ਆਉਂਦੇ-ਜਾਂਦੇ ਸਮੇਂ ਮੋਟਰਸਾਈਕਲ ਸਵਾਰ ਦਲਵਿੰਦਰ ਸਿੰਘ ਨਿਵਾਸੀ ਨਿਗਾਹਾ ਰੋਡ ਮੋਗਾ ਅਤੇ ਇਕ ਹੋਰ ਅਣਪਛਾਤਾ ਲੜਕਾ ਮੇਰੀ ਲੜਕੀ ਨਾਲ ਛੇੜਛਾੜ ਕਰਦੇ ਰਹਿੰਦੇ ਹਨ, ਜਿਸ 'ਤੇ ਮੇਰੀ ਲੜਕੀ ਨੇ ਸਾਨੂੰ ਦੱਸਿਆ ਤਾਂ ਅਸੀਂ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਨ੍ਹਾਂ ਸਾਡੀ ਕੋਈ ਗੱਲ ਨਾ ਸੁਣੀ। ਜਦ ਮੈਂ 18 ਅਪ੍ਰੈਲ ਨੂੰ ਆਪਣੀ ਲੜਕੀ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਆਈਲੈਟਸ ਸੈਂਟਰ ਛੱਡਣ ਲਈ ਜਾ ਰਿਹਾ ਸੀ ਤਾਂ ਦੋਸ਼ੀ ਨੇ ਸਾਡਾ ਰਸਤਾ ਰੋਕ ਲਿਆ ਅਤੇ ਮੇਰੀ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗੇ। ਜਦ ਮੈਂ ਉਨ੍ਹਾਂ ਨੂੰ ਰੋਕਿਆ ਤਾਂ ਉਹ ਮੈਨੂੰ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਇਸ ਦੇ ਬਾਅਦ ਉਹ ਉਥੋਂ ਭੱਜ ਗਏ।
ਕੀ ਹੋਈ ਪੁਲਸ ਕਾਰਵਾਈ : ਥਾਣਾ ਸਿਟੀ ਸਾਊਥ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਜਿੰਦਰ ਸਿੰਘ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ੀ ਦਲਵਿੰਦਰ ਸਿੰਘ ਨਿਵਾਸੀ ਨਿਗਾਹਾ ਰੋਡ ਮੋਗਾ ਅਤੇ ਹੋਰ ਅਣਪਛਾਤੇ ਲੜਕੇ ਖਿਲਾਫ ਮਾਮਲਾ ਦਰਜ ਕਰਨ ਦੇ ਬਾਅਦ ਦਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਉਸ ਦੇ ਦੂਸਰੇ ਸਾਥੀ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ, ਜਿਸ ਦੀ ਪਛਾਣ ਕਰ ਲਈ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ, ਜਗਸੀਰ ਸਿੰਘ ਨੇ ਅੱਜ ਗ੍ਰਿਫਤਾਰ ਕੀਤੇ ਗਏ ਦੋਸ਼ੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਆਦੇਸ਼ ਦਿੱਤਾ ਹੈ।
ਕੀ ਕਹਿੰਦੇ ਹਨ ਡੀ. ਐੱਸ. ਪੀ. : ਜਦ ਇਸ ਸਬੰਧ 'ਚ ਡੀ. ਐੱਸ. ਪੀ. ਸਿਟੀ ਕੇਸਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਨਚਲੇ ਲੜਕਿਆਂ ਵੱਲੋਂ ਲੜਕੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਨਿੰਦਣਯੋਗ ਹਨ, ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਡੇ ਵੱਲੋਂ ਉਕਤ ਘਟਨਾਵਾਂ ਨੂੰ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ 'ਚ ਮਹਿਲਾ ਪੁਲਸ ਕਰਮਚਾਰੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਕਤ ਪੁਲਸ ਮੁਲਾਜ਼ਮਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ, ਜੇਕਰ ਕੋਈ ਮਨਚਲਾ ਲੜਕਾ ਕਾਲਜ, ਸਕੂਲ ਅਤੇ ਆਈਲੈਟਸ ਸੈਂਟਰ ਨੂੰ ਜਾਂਦੀਆਂ ਵਿਦਿਆਰਥਣਾਂ ਦੇ ਇਲਾਵਾ ਬਾਜ਼ਾਰ 'ਚ ਜਾ ਰਹੀ ਕਿਸੇ ਵੀ ਲੜਕੀ ਨਾਲ ਛੇੜਛਾੜ ਅਤੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦਾ ਹੈ ਤਾਂ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਆਮ ਲੋਕਾਂ ਦੇ ਇਲਾਵਾ ਵਿਦਿਆਰਥਣਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਲੜਕਾ ਉਨ੍ਹਾਂ ਨੂੰ ਰਸਤੇ 'ਚ ਤੰਗ-ਪ੍ਰੇਸ਼ਾਨ ਕਰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਨੇੜੇ ਦੇ ਪੁਲਸ ਥਾਣੇ ਨੂੰ ਦਿੱਤੀ ਜਾਵੇ ਤਾਂ ਕਿ ਮਨਚਲੇ ਲੜਕਿਆਂ 'ਤੇ ਕਾਬੂ ਪਾਇਆ ਜਾ ਸਕੇ।


Related News