ਕੁੜੀਆਂ ਖੇਡਾਂ 'ਚ ਮੱਲਾਂ ਮਾਰ ਉੱਚ ਅਹੁਦਿਆਂ 'ਤੇ ਪਹੁੰਚੀਆਂ: ਅਪਨੀਤ ਰਿਆਤ
Saturday, Nov 09, 2019 - 08:05 PM (IST)

ਮਾਨਸਾ,(ਸੰਦੀਪ ਮਿੱਤਲ)- ਖੇਡਾਂ ਹਰ ਉਮਰ ਦੇ ਵਿਅਕਤੀ ਲਈ ਜਰੂਰੀ ਹਨ, ਪਰ ਜਿਸ ਤਰਾਂ ਅੱਜ ਕੁੜੀਆਂ ਹਰ ਤਰਾਂ ਦੀ ਖੇਡ ਵਿੱਚ ਮੱਲਾਂ ਮਾਰ ਕੇ ਉੱਚ ਅਹੁਦਿਆਂ ਵਿੱਚ ਪਹੁੰਚੀਆਂ ਹਨ, ਅਜਿਹੇ ਮੁਕਾਬਲੇ ਵਾਲੇ ਟੂਰਨਾਮੈਂਟ ਪ੍ਿਰਤਭਾਮਾਨ ਖਿਡਾਰੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਅੱਗੇ ਤੱਕ ਉਨ੍ਹਾਂ ਦੀ ਮੰਜਿਲ ਤੱਕ ਲੈ ਕੇ ਜਾਣਗੀਆਂ।ਜਿਨ੍ਹਾਂ ਨੂੰ ਦੇਖ ਕੇ ਸਕੂਲੀ ਲੜਕੀਆਂ ਦੀ ਖੇਡਾਂ ਵਿੱਚ ਦਿਲਚਸਪੀ ਵਧੇਗੀ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਨਹਿਰੂ ਮੈਮੋਰੀਅਲ ਕਾਲਜ ਵਿਖੇ 14 ਨਵੰਬਰ ਨੂੰ ਹੋਣ ਜਾ ਰਹੀਆਂ ਸੂਬਾ ਪੱਧਰੀ ਖੇਡਾਂ ਸਬੰਧੀ ”ਜੱਗਬਾਣੀ” ਨਾਲ ਵਿਸੇਸ਼ ਗੱਲਬਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਵਰਗ-25 ਔਰਤਾਂ ਦੀਆਂ ਖੇਡਾਂ ਨੂੰ ਲੈ ਕੇ ਪ੍ਰਸ਼ਾਸ਼ਨ ਪੂਰੀ ਤਰਾਂ ਪੱਬਾਂ ਭਾਰ ਹੈ।ਔਰਤਾਂ ਦੀਆਂ ਇੰਨਾਂ ਖੇਡਾਂ ਨੂੰ ਲੈ ਕੇ ਲੜਕੀਆਂ ਵਿੱਚ ਖੁਸ਼ੀ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਨ੍ਹਾਂ ਖੇਡਾਂ ਵਿੱਚ ਸੂਬੇ ਭਰ ਦੀਆਂ ਲੜਕੀਆਂ ਭਾਗ ਲੈਣਗੀਆਂ।ਜਿੱਥੇ ਜ਼ਿਲਾ ਪ੍ਰਸ਼ਾਸ਼ਨ ਇਨ੍ਹਾਂ ਖੇਡਾਂ ਦੇ ਸਮਾਗਮ ਲਈ ਕੋਈ ਘਾਟ ਨਹੀਂ ਛੱਡ ਰਿਹਾ।ਉੱਥੇ ਮਾਨਸਾ ਦੇ ਖੇਡ ਪ੍ਰੇਮੀ ਤੇ ਵੱਖ-ਵੱਖ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਦੇ ਹੌਂਸਲੇ ਇਸ ਕਰਕੇ ਬੁਲੰਦ ਹਨ ਕਿ ਪੰਜਾਬ ਸਰਕਾਰ ਨੇ ਮਾਨਸਾ ਜਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਦੀ ਨਿੱਜੀ ਦਿਲਚਸਪੀ ਨੂੰ ਦੇਖਦਿਆਂ ਇਸ ਵਾਰ ਵੀ ਇਹ ਖੇਡਾਂ ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੜਕੀਆਂ ਦਾ ਵੱਡੀ ਪੱਧਰ ਤੇ ਖੇਡਾਂ ਵਿੱਚ ਭਾਗ ਲੈਣਾ ਇਹ ਸਾਬਿਤ ਕਰਦਾ ਹੈ ਕਿ ਅੱਜ ਸਮਾਜ ਵਿੱਚ ਰੂੜੀਵਾਦੀ ਵਿਚਾਰਾਂ ਨੂੰ ਛੱਡ ਕੇ ਮਾਪੇ ਆਪਣੀਆਂ ਧੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਚੈਂਪੀਅਨ ਵੀ ਬਣਾਉਣ ਲੱਗੇ ਹਨ।ਇਸ ਤੋਂ ਪਹਿਲਾਂ ਮਾਨਸਾ ਦੇ ਅਨੇਕਾਂ ਲੜਕੇ ਤੇ ਲੜਕੀਆਂ ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਖੇਡਾਂ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਹਨ।ਜਿਨ੍ਹਾਂ ਨੂੰ ਸਮਰਪਿਤ ਮਾਨਸਾ ਵਿੱਚ ਇੱਕ ਚੋਂਕ ਵੀ ਸਥਾਪਿਤ ਕੀਤਾ ਗਿਆ।ਪੰਜਾਬ ਸਰਕਾਰ ਵੱਲੋਂ ਉਨ੍ਹਾਂ ਖਿਡਾਰੀਆਂ ਨੂੰ ਨਕਦ ਇਨਾਮ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮਾਨਸਾ ਵਿੱਚ ਕਰਵਾਈਆਂ ਜਾ ਰਹੀਆਂ ਮਹਿਲਾ ਖੇਡਾਂ ਵਿੱਚ 21 ਖੇਡਾਂ ਹਾਕੀ, ਫੁੱਟਬਾਲ, ਬੈਡਮਿੰਟਨ ਤੋਂ ਇਲਾਵਾ ਵੱਖ-ਵੱਖ ਖੇਡਾਂ ਸ਼ਾਮਿਲ ਹਨ ਜੋ ਮਾਨਸਾ ਲਈ ਗੌਰਵਮਈ ਹੋਣਗੀਆਂ। ਇਨ੍ਹਾਂ ਸਦਕਾ ਹੀ ਪੁਰੇ ਸੂਬੇ ਅੰਦਰ ਮਾਨਸਾ ਦਾ ਨਾਮ ਧਰੂਵ ਤਾਰੇ ਵਾਂਗ ਚਮਕੇਗਾ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਕਿਸੇ ਤਰਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਪ੍ਰਸ਼ਾਸ਼ਨ ਵੱਲੋਂ ਹਰ ਤਰਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਮੀਡੀਆਂ ਇਨ੍ਹਾਂ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਅਹਿਮ ਭੂਮਿਕਾ ਨਿਭਾਵੇ।