ਜੂਸ 'ਚ ਨਸ਼ੇ ਵਾਲੀ ਦਵਾਈ ਪਿਆ ਕੇ ਕੀਤਾ ਜਬਰ-ਜ਼ਨਾਹ, ਬਣਾਈ ਵੀਡੀਓ
Thursday, Aug 08, 2019 - 10:00 PM (IST)

ਮੁਕੇਰੀਆਂ (ਨਾਗਲਾ)-ਮੁਕੇਰੀਆਂ ਪੁਲਸ ਨੇ ਜੂਸ 'ਚ ਨਸ਼ੇ ਵਾਲੀ ਦਵਾਈ ਪਿਆ ਕੇ ਔਰਤ ਨਾਲ ਜਬਰ-ਜ਼ਨਾਹ ਕਰਨ ਤੇ ਵੀਡੀਓ ਵਾਇਰਲ ਕਰਨ ਦਾ ਡਰ ਦਿਖਾ ਕੇ ਕਈ ਵਾਰ ਜਬਰ-ਜ਼ਨਾਹ ਕਰਨ ਵਾਲੇ ਮਤਰੇਈ ਭੂਆ ਦੇ ਲੜਕੇ ਅਤੇ ਉਸ ਦੇ ਸਾਥੀ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਅਰਜਨ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਪਤੀ ਬੀਤੇ 6 ਵਰ੍ਹਿਆਂ ਤੋਂ ਵਿਦੇਸ਼ ਗਿਆ ਹੋਇਆ ਹੈ ਤੇ ਉਹ ਆਪਣੇ ਦੋ ਬੱਚਿਆਂ ਨਾਲ ਆਪਣੇ ਸਹੁਰੇ ਪਰਿਵਾਰ ਦੇ ਨਾਲ ਹੀ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਮੇਰੇ ਸਹੁਰੇ ਵੱਲੋਂ ਬਣਾਈ ਗਈ ਧਰਮ ਦੀ ਭੈਣ ਦਾ ਆਪਸ 'ਚ ਬਹੁਤ ਪਿਆਰ ਸੀ ਜਿਸ ਸਦਕਾ ਉਸ ਦੇ ਪਰਿਵਾਰ ਦਾ ਅਕਸਰ ਸਾਡੇ ਘਰ ਆਉਣਾ-ਜਾਣਾ ਬਣਿਆ ਹੋਇਆ ਸੀ।
ਪੀੜਤ ਮਹਿਲਾ ਨੇ ਦੱਸਿਆ ਕਿ ਮੇਰੀ ਇਸ ਭੂਆ ਦਾ ਲੜਕਾ ਲਵਪ੍ਰੀਤ ਸਿੰਘ 21 ਮਈ ਨੂੰ ਸਾਡੇ ਘਰ ਆਇਆ ਹੋਇਆ ਸੀ। ਜ਼ਰੂਰੀ ਕੰਮ ਹੋਣ ਕਾਰਨ ਮੈਂ ਲਵਪ੍ਰੀਤ ਦੇ ਨਾਲ ਰਾਤ 8 ਵਜੇ ਮੁਕੇਰੀਆਂ ਆ ਗਈ। ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਪਹੁੰਚਣ 'ਤੇ ਲਵਪ੍ਰੀਤ ਨੇ ਇਕ ਰੇਹੜੀ ਤੋਂ ਜੂਸ ਲਿਆਂਦਾ ਅਤੇ ਉਸ ਵਿਚ ਨਸ਼ੇ ਵਾਲੀ ਦਵਾਈ ਮਿਲਾ ਕੇ ਮੈਨੂੰ ਪਿਆ ਦਿੱਤਾ, ਜਿਸ ਦੇ ਬਾਅਦ ਮੈਨੂੰ ਕੋਈ ਹੋਸ਼ ਨਹੀਂ ਰਹੀ। ਬੇਹੋਸ਼ੀ ਦੀ ਹਾਲਤ 'ਚ ਲਵਪ੍ਰੀਤ ਮੈਨੂੰ ਕਸਬਾ ਭੰਗਾਲਾ ਵੱਲ ਸੁਨਸਾਨ ਜਗ੍ਹਾ 'ਤੇ ਲੈ ਗਿਆ , ਜਿਥੇ ਉਸ ਨੇ ਮੇਰੇ ਨਾਲ ਜਬਰ- ਜ਼ਨਾਹ ਕੀਤਾ। ਉਥੇ ਉਸ ਦਾ ਇਕ ਸਾਥੀ ਆਕਾਸ਼ ਪਹਿਲਾਂ ਹੀ ਮੌਜੂਦ ਸੀ ਜੋ ਆਪਣੇ ਮੋਬਾਇਲ 'ਤੇ ਵੀਡੀਓ ਬਣਾਉਂਦਾ ਰਿਹਾ। ਮੂਵੀ ਵਾਇਰਲ ਕਰਨ ਦਾ ਡਰ ਦਿਖਾ ਕੇ ਲਵਪ੍ਰੀਤ ਮੈਨੂੰ ਸ਼੍ਰੀਨਗਰ ਲੈ ਗਿਆ, ਜਿਥੇ ਉਸ ਨੇ ਮੇਰੇ ਨਾਲ ਕਈ ਵਾਰ ਮੇਰੀ ਮਰਜ਼ੀ ਤੋਂ ਬਿਨਾਂ ਜਬਰ-ਜ਼ਨਾਹ ਕੀਤਾ। ਥਾਣਾ ਮੁਖੀ ਸਤਵਿੰਦਰ ਸਿੰਘ ਨੇ ਦੱਸਿਆ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਕੇਰੀਆਂ ਪੁਲਸ ਨੇ ਲਵਪ੍ਰੀਤ ਸਿੰਘ ਪੁੱਤਰ ਸੀਰਾ ਸਿੰਘ ਨਿਵਾਸੀ ਗੁਰਦਾਸ ਨੰਗਲ (ਧਾਰੀਵਾਲ) ਜ਼ਿਲਾ ਗੁਰਦਾਸਪੁਰ ਅਤੇ ਆਕਾਸ਼ ਨਿਵਾਸੀ ਗੁਰਦਾਸ ਨੰਗਲ ਦੇ ਵਿਰੁੱਧ ਧਾਰਾ 376 ਅਧੀਨ ਕੇਸ ਦਰਜ ਕਰ ਲਿਆ ਹੈ।