DNA ਟੈਸਟ 'ਚ ਹੋਵੇਗਾ ਖੁਲਾਸਾ, ਆਖਿਰ ਕੌਣ ਹੈ ਨਵਜੰਮੇ ਮ੍ਰਿਤਕ ਬੱਚੇ ਦਾ ਪਿਤਾ

Sunday, May 17, 2020 - 10:38 AM (IST)

DNA ਟੈਸਟ 'ਚ ਹੋਵੇਗਾ ਖੁਲਾਸਾ, ਆਖਿਰ ਕੌਣ ਹੈ ਨਵਜੰਮੇ ਮ੍ਰਿਤਕ ਬੱਚੇ ਦਾ ਪਿਤਾ

ਹੁਸ਼ਿਆਰਪੁਰ/ਚੱਬੇਵਾਲ (ਅਮਰਿੰਦਰ, ਗੁਰਮੀਤ)— ਜਿਸ ਪਿਤਾ ਦੇ ਸਾਏ 'ਚ ਇਕ ਧੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ, ਜਦੋਂ ਉਹ ਪਿਤਾ ਹੀ ਹੈਵਾਨੀਅਤ 'ਤੇ ਆ ਜਾਵੇ ਤਾਂ ਫਿਰ ਧੀ ਆਪਣੇ-ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰੇਗੀ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਦੇ ਚੱਬੇਵਾਲ ਕਸਬੇ 'ਚੋਂ ਸਾਹਮਣੇ ਆਇਆ ਸੀ, ਜਿੱਥੇ ਹੈਵਾਨ ਬਣੇ ਕਲਯੁੱਗੀ ਪਿਤਾ ਹੀ ਨਹੀਂ ਸਗੋਂ ਚਚੇਰੇ ਭਰਾ ਨੇ ਵੀ ਮਿਲ ਕੇ 20 ਸਾਲ ਦੀ ਲੜਕੀ ਨਾਲ ਜਬਰ ਜ਼ਨਾਹ ਕਰਕੇ ਗਰਭਵਤੀ ਕਰ ਦਿੱਤਾ। ਢਿੱਡ 'ਚ ਦਰਦ ਹੋਣ 'ਤੇ ਜਦੋਂ ਲੜਕੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਲੜਕੀ ਨੇ ਸਮੇਂ ਤੋਂ ਪਹਿਲਾਂ ਹੀ ਮ੍ਰਿਤਕ ਨਵਜੰਮੇ ਬੱਚੇ ਨੂੰ ਜਨਮ ਦੇ ਦਿੱਤਾ। ਪੀੜਤ ਲੜਕੀ ਦੀ ਸ਼ਿਕਾਇਤ 'ਤੇ ਚੱਬੇਵਾਲ ਪੁਲਸ ਨੇ ਫੌਰੀ ਕਾਰਵਾਈ ਕਰਦੇ ਹੋਏ ਕਲਯੁੱਗੀ ਪਿਤਾ ਸ਼ੰਮੀ ਅਤੇ ਚਚੇਰੇ ਭਰਾ ਪ੍ਰਿੰਸ ਨੂੰ ਬੀਤੀ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ। ਸ਼ਨੀਵਾਰ ਸਿਵਲ ਹਸਪਤਾਲ 'ਚ ਦੋਵਾਂ ਗ੍ਰਿਫਤਾਰ ਦੋਸ਼ੀਆਂ ਨਾਲ ਨਵਜੰਮੇ ਮ੍ਰਿਤਕ ਬੱਚੇ ਦਾ ਡੀ. ਐੱਨ. ਏ. ਸੈਂਪਲ ਲੈ ਕੇ ਪੁਲਸ ਨੇ ਜਾਂਚ ਲਈ ਮੋਹਾਲੀ ਸਥਿਤ ਲੈਬਾਰੋਟਰੀ ਨੂੰ ਭੇਜ ਦਿੱਤਾ ਹੈ ।
ਇਹ ਵੀ ਪੜ੍ਹੋ: ਲਾਕ ਡਾਊਨ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਦਿਲ ਨੂੰ ਵਲੂੰਧਰ ਦੇਣਗੀਆਂ ਇਹ ਦਰਦਨਾਕ ਤਸਵੀਰਾਂ (ਵੀਡੀਓ)

PunjabKesari

ਮੈਡੀਕਲ ਬੋਰਡ ਦੀ ਨਿਗਰਾਨੀ 'ਚ ਹੋਇਆ ਮ੍ਰਿਤਕ ਬੱਚੇ ਦਾ ਪੋਸਟਮਾਰਟਮ
ਸਿਵਲ ਹਸਪਤਾਲ 'ਚ ਤਾਇਨਾਤ ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਮ੍ਰਿਤਕ ਨਵਜੰਮੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਅਤੇ ਡੀ. ਐੱਨ. ਏ. ਸੈਂਪਲ ਲੈਣ ਦੀ ਕਾਰਵਾਈ ਮੈਡੀਕਲ ਬੋਰਡ 'ਤੇ ਆਧਾਰਤ ਡਾ. ਰਾਜਵੰਤ ਕੌਰ ਅਤੇ ਡਾ. ਹਰਨੂਰਜੀਤ ਕੌਰ ਦੀ ਦੇਖਰੇਖ 'ਚ ਸੰਪੰਨ ਕੀਤੀ ਗਈ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਨਵਜੰਮਿਆ ਬੱਚਾ ਪੁਲਸ ਦੀ ਨਿਗਰਾਨੀ 'ਚ ਪੀੜਤਾ ਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ। ਇਸੇ ਤਰ੍ਹਾਂ ਦੋਵੇਂ ਗ੍ਰਿਫਤਾਰ ਦੋਸ਼ੀਆਂ ਪਿਤਾ ਸ਼ੰਮੀ ਅਤੇ ਚਚੇਰੇ ਭਰਾ ਪ੍ਰਿੰਸ ਦਾ ਡੀ. ਐੱਨ. ਏ. ਸੈਂਪਲ ਲੈਣ ਦੀ ਕਾਰਵਾਈ ਡਾ. ਗੁਰਪ੍ਰਤਾਪ ਸਿੰਘ ਦੀ ਦੇਖ-ਰੇਖ ਵਿਚ ਹੋਈ।

ਦੋਵਾਂ ਗ੍ਰਿਫਤਾਰ ਦੋਸ਼ੀਆਂ ਨੂੰ ਟੈਸਟ ਤੋਂ ਬਾਅਦ ਭੇਜਿਆ ਜਾਵੇਗਾ ਲੁਧਿਆਣਾ ਜੇਲ : ਐੱਸ. ਐੱਚ. ਓ.
ਸੰਪਰਕ ਕਰਨ 'ਤੇ ਥਾਣਾ ਚੱਬੇਵਾਲ 'ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ 'ਤੇ ਪੁਲਸ ਵੱਲੋਂ ਦੋਵਾਂ ਦੋਸ਼ੀਆਂ ਖਿਲਾਫ ਜਬਰ ਜ਼ਨਾਹ ਦੀ ਧਾਰਾ 376 ਅਤੇ ਧਮਕੀ ਦੇਣ ਦੀ ਧਾਰਾ 506 ਦੇ ਅਧੀਨ ਕੇਸ ਦਰਜ ਕਰਕੇ ਸ਼ਨੀਵਾਰ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਡੀ. ਐੱਨ. ਏ. ਸੈਂਪਲ ਲੈਣ ਲਈ ਅਦਾਲਤ ਵੱਲੋਂ ਮਿਲੇ ਰਿਮਾਂਡ ਦੌਰਾਨ ਸੈਂਪਲ ਹਾਸਲ ਕਰਕੇ ਉਸ ਦੀ ਜਾਂਚ ਲਈ ਮੋਹਾਲੀ ਭੇਜ ਦਿੱਤਾ ਗਿਆ ਹੈ। ਮ੍ਰਿਤਕ ਨਵਜੰਮੇ ਬੱਚੇ ਦਾ ਪਿਤਾ ਪੀੜਤਾ ਦਾ ਬਾਪ ਹੈ ਜਾਂ ਚਚੇਰਾ ਭਰਾ, ਇਸ ਦਾ ਖੁਲਾਸਾ ਲੈਬਾਰਟਰੀ ਵੱਲੋਂ ਆਉਣ ਵਾਲੀ ਟੈਸਟ ਰਿਪੋਰਟ ਤੋਂ ਬਾਅਦ ਹੀ ਚੱਲੇਗਾ। ਉਨ੍ਹਾਂ ਦੱਸਿਆ ਕਿ ਪੁਲਸ ਐਤਵਾਰ ਨੂੰ ਦੋਵਾਂ ਦੋਸ਼ੀਆਂ ਦਾ ਕੋਰੋਨਾ ਸੈਂਪਲ ਲੈਣ ਤੋਂ ਬਾਅਦ ਜੁਡੀਸ਼ੀਅਲ ਰਿਮਾਂਡ 'ਤੇ ਸੈਂਟਰਲ ਜੇਲ ਲੁਧਿਆਣਾ ਭੇਜ ਦੇਵੇਗੀ।
ਇਹ ਵੀ ਪੜ੍ਹੋ: ਪਿਓ-ਭਰਾ ਦਾ ਸ਼ਰਮਨਾਕ ਕਾਰਾ, ਧੀ ਨਾਲ ਕਰਦੇ ਰਹੇ ਬਲਾਤਕਾਰ, ਇੰਝ ਹੋਇਆ ਖੁਲਾਸਾ


author

shivani attri

Content Editor

Related News