ਭੈਣ ਨੂੰ ਗੋਲੀ ਮਾਰ ਕੇ ਮੌਤ ਦੇਣ ਵਾਲਾ ਭਰਾ ਹੋਇਆ ਗ੍ਰਿਫ਼ਤਾਰ, ਪੁੱਛਗਿੱਛ 'ਚ ਦੱਸਿਆ ਕਤਲ ਦਾ ਰਾਜ਼

Friday, Jul 17, 2020 - 03:00 PM (IST)

ਭੈਣ ਨੂੰ ਗੋਲੀ ਮਾਰ ਕੇ ਮੌਤ ਦੇਣ ਵਾਲਾ ਭਰਾ ਹੋਇਆ ਗ੍ਰਿਫ਼ਤਾਰ, ਪੁੱਛਗਿੱਛ 'ਚ ਦੱਸਿਆ ਕਤਲ ਦਾ ਰਾਜ਼

ਗੋਰਾਇਆ (ਮੁਨੀਸ਼ ਬਾਵਾ)— ਨੇੜਲੇ ਪਿੰਡ ਰੁੜਕਾ ਕਲਾਂ 'ਚ ਐਤਵਾਰ ਦੇ ਦਿਨ ਛੋਟੇ ਭਰਾ ਵੱਲੋਂ ਆਪਣੀ 28 ਸਾਲਾ ਵੱਡੀ ਭੈਣ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਅਤੇ ਆਪ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਇਸ ਮਾਮਲੇ 'ਚ ਚਾਰ ਦਿਨ ਬਾਅਦ ਪੁਲਸ ਨੇ ਉਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 315 ਬੋਰ ਦਾ ਦੇਸੀ ਕੱਟਾ ਅਤੇ ਦੋ ਅਣਚੱਲੇ ਕਾਰਤੂਸ ਬਰਾਮਦ ਕੀਤੇ ਹਨ।

ਪੁੱਛਗਿੱਛ 'ਚ ਮੁਲਜ਼ਮ ਨੇ ਕੀਤੇ ਇਹ ਖੁਲਾਸੇ
ਇਸ ਸੰਬੰਧੀ ਐੱਸ. ਐੱਚ. ਓ. ਗੋਰਾਇਆ ਕੇਵਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਐਤਵਾਰ ਨੂੰ ਰੁੜਕਾ ਕਲਾਂ 'ਚ 28 ਸਾਲਾ ਪ੍ਰਦੀਪ ਕੌਰ ਲੜਕੀ ਗੁਰਪਾਲ ਸਿੰਘ ਦਾ ਕਤਲ ਉਸ ਦੇ ਛੋਟੇ ਭਰਾ ਰੇਸ਼ਮ ਲਾਲ ਵੱਲੋਂ ਪ੍ਰਾਪਰਟੀ ਦੇ ਝਗੜੇ ਕਰਕੇ ਕਰ ਦਿੱਤਾ ਸੀ। ਇਸ ਮਾਮਲੇ 'ਚ ਪੁਲਸ ਪਾਰਟੀ ਦੋਸ਼ੀ ਦੀ ਭਾਲ 'ਚ ਲੱਗੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਰੇਸ਼ਮ ਲਾਲ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਪਿੰਡ ਬੀੜ ਬੰਸੀਆ ਦੇ ਨੇੜਲੇ ਪੈਟਰੋਲ ਪੰਪ ਤੋਂ ਗ੍ਰਿਫ਼ਤਾਰ ਕੀਤਾ ਹੈ।

PunjabKesari

ਰੇਸ਼ਮ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਤਲਾਕ ਹੋਣ ਤੋਂ ਬਾਅਦ ਉਸ ਨੂੰ 6 ਲੱਖ ਰੁਪਏ ਮਿਲੇ ਸਨ। ਜਿਸ ਦਾ ਇਕ 8 ਸਾਲ ਦਾ ਲੜਕਾ ਵੀ ਹੈ। ਉਸ ਨੂੰ ਭੈਣ ਦੇ ਸਹੁਰੇ ਪਰਿਵਾਰ ਨੇ ਆਪਣੇ ਕੋਲ ਰੱਖ ਲਿਆ ਸੀ ਅਤੇ ਉਸ ਦੀ ਭੈਣ ਕਰੀਬ ਦੋ ਸਾਲ ਤੋਂ ਆਪਣੇ ਪੇਕੇ ਘਰ 'ਚ ਰਹਿ ਰਹੀ ਹੈ। ਉਸ ਨੂੰ ਜਿਹੜੇ 6 ਲੱਖ ਰੁਪਏ ਮਿਲੇ ਸਨ, ਉਹ ਉਸ ਨੇ ਆਪਣੇ ਪੇਕੇ ਘਰ ਕੋਠੀ ਬਣਾਉਣ 'ਚ ਲਗਾ ਦਿੱਤੇ ਸਨ। ਜਿਸ ਤੋਂ ਬਾਅਦ ਉਨ੍ਹਾਂ ਦਾ ਆਪਸ 'ਚ ਕਾਫ਼ੀ ਲੜਾਈ ਝਗੜਾ ਰਹਿੰਦਾ ਸੀ। ਐੱਸ. ਐੱਚ. ਓ. ਕੇਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਪ੍ਰਦੀਪ ਕੋਰ ਚੰਡੀਗੜ੍ਹ 'ਚ ਨੌਕਰੀ ਕਰਦੀ ਸੀ। ਜੋ ਸ਼ਨੀਵਾਰ ਨੂੰ ਵਾਪਸ ਆਪਣੇ ਪਿੰਡ ਆਈ ਸੀ ਜਦਕਿ ਰੇਸ਼ਮ ਲਾਲ ਅਤੇ ਉਸ ਦਾ ਭਰਾ ਗੁਰਦੀਪ ਸਿੰਘ ਆਪਣੀ ਭੈਣ ਕਮਲਦੀਪ ਕੌਰ ਕੋਲ ਪਿੰਡ ਭੁਟੋ ਥਾਣਾ ਡੇਹਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਰਹਿੰਦੇ ਸਨ। ਮੁਲਜ਼ਮ ਰੇਸ਼ਮ ਚਾਰ ਦਿਨ ਪਹਿਲਾਂ ਹੀ ਆਪਣੇ ਪਿੰਡ ਆਇਆ ਸੀ, ਜਿਸ ਨੇ ਐਤਵਾਰ ਦੀ ਸਵੇਰ ਆਪਣੀ ਭੈਣ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

PunjabKesari

ਭੈਣ ਦਾ ਚਰਿੱਤਰ ਠੀਕ ਨਹੀਂ ਸੀ ਇਸ ਲਈ ਕੀਤਾ ਸੀ ਕਤਲ
ਪੱਤਰਕਾਰਾਂ ਨੇ ਜਦ ਦੋਸ਼ੀ ਰੇਸ਼ਮ ਲਾਲ ਤੋਂ ਪੁੱਛਿਆ ਕਿ ਉਸ ਨੇ ਆਪਣੀ ਭੈਣ ਦਾ ਕਤਲ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਮੇਰੀ ਭੈਣ ਦਾ ਪਹਿਲਾਂ ਵੀ ਦੋ ਤਿੰਨ ਜਗ੍ਹਾ ਤੋਂ ਤਲਾਕ ਹੋ ਚੁੱਕਾ ਹੈ। ਉਸ ਦਾ ਚਰਿੱਤਰ ਠੀਕ ਨਹੀਂ ਸੀ। ਜਿਸ ਕਾਰਨ ਉਨ੍ਹਾਂ ਦੀ ਕਾਫ਼ੀ ਬਦਨਾਮੀ ਹੋ ਰਹੀ ਸੀ ਅਤੇ ਕੋਠੀ ਦੇ ਬਟਵਾਰੇ ਨੂੰ ਲੈ ਕੇ ਵੀ ਕਾਫ਼ੀ ਲੜਾਈ ਝਗੜਾ ਚਲ ਰਿਹਾ ਸੀ। ਜਿਸ ਕਾਰਣ ਉਸ ਨੇ ਆਪਣੀ ਭੈਣ ਦਾ ਕਤਲ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

PunjabKesari

ਯੂ.ਪੀ. ਤੋਂ ਲੈ ਕੇ ਆਇਆ ਸੀ 315 ਬੋਰ ਦਾ ਦੇਸੀ ਕੱਟਾ
ਉਸ ਨੇ ਦੱਸਿਆ ਕਿ ਉਹ 315 ਬੋਰ ਦਾ ਦੇਸੀ ਕੱਟਾ ਯੂ. ਪੀ. ਤੋਂ ਲੈ ਕੇ ਆਇਆ ਸੀ। ਉਸ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੇਸੀ ਕੱਟਾ ਅਤੇ ਅਣਚੱਲੇ ਕਾਰਤੂਸ ਪਿੰਡ ਰੰਧਾਵਾ ਦੇ ਬੱਸ ਸਟੈਂਡ ਦੇ ਕੋਲ ਲੁਕਾ ਦਿੱਤੇ ਸਨ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਦੇਸੀ ਕੱਟਾ ਬਰਾਮਦ ਕਰ ਲਿਆ ਹੈ।

ਤਿੰਨ ਦਿਨਾਂ ਦਾ ਮਿਲਿਆ ਰਿਮਾਂਡ

ਪੁਲਸ ਨੇ ਰੇਸ਼ਮ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ, ਜਿਸ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

PunjabKesari

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਧਾਰਮਿਕ ਸਥਾਨਾਂ 'ਤੇ ਰਹਿੰਦਾ ਰਿਹਾ ਰੇਸ਼ਮ
4 ਦਿਨ ਰੇਸ਼ਮ ਕਿੱਥੇ ਰਿਹਾ ਇਸ ਸੰਬੰਧੀ ਪੁੱਛਣ 'ਤੇ ਐੱਸ. ਐੱਚ. ਓ. ਕੇਵਲ ਸਿੰਘ ਨੇ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰੇਸ਼ਮ ਲਾਲ ਧਾਰਮਿਕ ਸਥਾਨਾਂ 'ਤੇ ਸੇਵਾ ਕਰਦਾ ਰਿਹਾ ਅਤੇ ਉਥੋਂ ਹੀ ਲੰਗਰ ਖਾ ਕੇ ਗੁਜ਼ਾਰਾ ਕਰਦਾ ਰਿਹਾ।

ਮੁਲਜ਼ਮ ਰੇਸ਼ਮ ਲਾਲ ਮਾਣਯੋਗ ਅਦਾਲਤ 'ਚ ਚੱਲ ਰਹੇ ਕੇਸ 'ਚ ਸੀ ਭਗੌੜਾ ਕਰਾਰ
ਆਪਣੀ ਭੈਣ ਦਾ ਕਤਲ ਕਰਨ ਵਾਲਾ ਰੇਸ਼ਮ ਲਾਲ ਲੁਧਿਆਣਾ ਦੇ ਦੁੱਗਰੀ ਥਾਣੇ ਵਿੱਚ ਦਰਜ ਇਕ ਮਾਮਲੇ 'ਚ ਮਾਣਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ। 4 ਦਿਨਾਂ ਤੋਂ ਉਹ ਇਲਾਕੇ 'ਚ ਸ਼ਰੇਆਮ ਘੁੰਮ ਰਿਹਾ ਸੀ ਅਤੇ ਆਪਣੇ ਘਰ 'ਚ ਹੀ ਰਹਿ ਰਿਹਾ ਸੀ। ਆਖਿਰ ਪੁਲਸ ਨੇ ਉਸ ਨੂੰ ਪਹਿਲਾਂ ਹੀ ਗ੍ਰਿਫਤਾਰ ਕਿਉ ਨਹੀਂ ਕੀਤਾ? ਜੇਕਰ ਪੁਲਸ ਉਸ ਨੂੰ ਪਹਿਲਾਂ ਹੀ ਕਾਬੂ ਕਰ ਲੈਂਦੀ ਤਾਂ ਇਹ ਵਾਰਦਾਤ ਹੋਣ ਤੋਂ ਬਚਾਅ ਹੋ ਸਕਦਾ ਸੀ।

 


author

shivani attri

Content Editor

Related News