ਅਗਵਾ ਕੀਤੀ ਗਈ ਵਿਦਿਆਰਥਣ ਦੇ ਕਤਲ ਦਾ ਸ਼ੱਕ, 5 ਖਿਲਾਫ ਮਾਮਲਾ ਦਰਜ
Tuesday, Mar 19, 2019 - 12:55 PM (IST)
ਕਪੂਰਥਲਾ (ਭੂਸ਼ਣ)— ਆਈਲੈਟਸ ਕਰ ਰਹੀ ਇਕ ਵਿਦਿਆਰਥਣ ਨੂੰ ਅਗਵਾ ਕਰਕੇ ਉਸ ਦਾ ਕਤਲ ਕਰਨੇ ਦੇ ਮਾਮਲੇ 'ਚ ਪੁਲਸ ਨੇ ਤਿੰਨ ਔਰਤਾਂ ਸਮੇਤ ਪੰਜ ਕਥਿਤ ਆਰੋਪੀਆਂ 'ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਫਿਲਹਾਲ ਮਾਮਲੇ 'ਚ ਨਾਮਜ਼ਦ ਮੁੱਖ ਆਰੋਪੀ ਨੌਜਵਾਨ ਵੱਲੋਂ ਜ਼ਹਿਰ ਨਿਗਲਣ ਦੇ ਕਾਰਨ ਕਤਲ ਕੀਤੀ ਗਈ ਲੜਕੀ ਦੀ ਲਾਸ਼ ਬਰਾਮਦ ਨਹੀ ਹੋ ਸਕੀ ਹੈ। ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜਅਧੀਨ ਮੁੱਖ ਆਰੋਪੀ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਣਕਾਰੀ ਦੇ ਅਨੁਸਾਰ ਹਰਪ੍ਰੀਤ ਕੌਰ ਨਿਵਾਸੀ ਬਸਤੀ ਰੂਰਲ ਸੁਲਤਾਨਪੁਰ ਲੋਧੀ ਨੇ ਐੱਸ. ਐੱਸ. ਪੀ ਕਪੂਰਥਲਾ ਨੂੰ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਲੜਕੀ ਕਮਲਜੀਤ ਕੌਰ ਜਿਸ ਦੀ ਉਮਰ 17 ਸਾਲ 9 ਮਹੀਨੇ ਹੈ। ਉਹ 12ਵੀਂ ਕਰਨੇ ਤੋਂ ਬਾਅਦ ਸੁਲਤਾਨਪੁਰ ਲੋਧੀ 'ਚ ਆਈਲੈਟਸ ਕਰ ਰਹੀ ਸੀ। 2 ਮਾਰਚ 2019 ਨੂੰ ਉਹ ਘਰ 'ਚ ਦੇਰੀ ਨਾਲ ਆਈ। ਦੇਰੀ ਦਾ ਕਾਰਨ ਪੁੱਛਣ 'ਤੇ ਉਹ ਰਾਤ ਨੂੰ ਖਾਣਾ ਖਾ ਕੇ ਸੌਂ ਗਈ। ਸਵੇਰ 6 ਵਜੇ ਜਦੋਂ ਉਸ ਨੇ ਉਸ ਦੇ ਕਮਰੇ 'ਚ ਦੇਖਿਆ ਤਾਂ ਉਹ ਉਥੋਂ ਗਾਇਬ ਸੀ। ਹਰਪ੍ਰੀਤ ਕੌਰ ਨੇ ਆਰੋਪ ਲਗਾਇਆ ਕਿ ਉਸ ਦੀ ਲੜਕੀ ਨੂੰ ਇਕ ਨੌਜਵਾਨ ਫੂੰਮਣ ਸਿੰਘ ਵਰਗਲਾ ਕੇ ਲੈ ਗਿਆ ਹੈ। ਹਰਪ੍ਰੀਤ ਕੌਰ ਦਾ ਇਹ ਵੀ ਆਰੋਪ ਹੈ ਕਿ ਫੂੰਮਣ ਸਿੰਘ ਅਤੇ ਉਸ ਦਾ ਭਰਾ ਰਾਜੂ ਅਤੇ ਤਿੰਨ ਮਹਿਲਾਵਾ ਨੇ ਮਿਲ ਕੇ ਉਸ ਦੀ ਬੇਟੀ ਦੀ ਹੱਤਿਆ ਕਰਕੇ ਉਸ ਦੀ ਲਾਸ਼ ਕਿਤੇ ਸੁੱਟ ਦਿੱਤੀ ਹੈ। ਹਰਪ੍ਰੀਤ ਕੌਰ ਦੇ ਬਿਆਨ 'ਤੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਿਸ਼ਾਲਜੀਤ ਸਿੰਘ ਨੇ ਇਨਾ ਪੰਜਾਂ ਆਰੋਪੀਆ 'ਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰਾਂ ਦੇ ਅਨੁਸਾਰ ਪੁਲਸ ਨੂੰ ਇਸ ਮਾਮਲੇ 'ਚ ਅਹਿਮ ਸੁਰਾਗ ਮਿਲੇ ਹਨ। ਪੁਲਸ ਸੂਤਰ ਦੱਸਦੇ ਹਨ ਕਿ ਮਾਮਲੇ ਨੂੰ ਇਕ ਦਿਨ 'ਚ ਸੁਲਝਾ ਕੇ ਖੁਲਾਸਾ ਕੀਤਾ ਜਾਵੇਗਾ।