ਉੱਚ ਸਿੱਖਿਆ ਤੋਂ ਵਾਂਝੀਆਂ ਰਹਿੰਦੀਆਂ ਨੇ ਸਰਹੱਦੀ ਖੇਤਰਾਂ ਦੀਆਂ ਲੜਕੀਆਂ
Friday, Nov 24, 2017 - 12:52 AM (IST)

ਅਬੋਹਰ(ਸੁਨੀਲ)—ਸਰਕਾਰੀ ਬੱਸ ਸੇਵਾਵਾਂ ਦੇ ਵਿਸਥਾਰ ਦੇ ਦਾਅਵਿਆਂ ਦੇ ਬਾਵਜੂਦ ਸਰਹੱਦੀ ਖੇਤਰਾਂ ਵਿਚ ਪੜ੍ਹਨ ਵਾਲੀਆਂ ਲੜਕੀਆਂ ਸਮੁੱਚੀ ਵਾਹਨ ਸੁਵਿਧਾ ਉਪਲਬਧ ਨਾ ਹੋਣ ਕਾਰਨ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੀਆਂ ਰਹਿ ਰਹੀਆਂ ਹਨ। ਭਾਰਤ-ਪਾਕਿ ਬਾਰਡਰ ਤੋਂ ਕੇਵਲ ਡੇਢ ਕਿਲੋਮੀਟਰ ਦੀ ਦੂਰੀ 'ਤੇ ਵੱਸੇ ਪਿੰਡ ਰੂਪਨਗਰ ਵਿਚ ਸੁਵਿਧਾ ਸੰਪੰਨ ਸਰਕਾਰੀ ਹਾਈ ਸਕੂਲ ਵਿਚ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਲੜਕੀਆਂ ਲਈ ਉੱਚ ਸਿੱਖਿਆ ਪ੍ਰਾਪਤ ਕਰਨਾ ਇਸ ਲਈ ਔਖਾ ਹੋ ਰਿਹਾ ਹੈ ਕਿਉਂਕਿ ਪੰਜਾਬ ਰੋਡਵੇਜ਼ ਨੇ ਅਬੋਹਰ ਉਪਮੰਡਲ ਵਿਚ ਮੌਜੂਦ ਹਿੰਦੂਮਲ ਕੋਟ ਤੋਂ ਫਾਜ਼ਿਲਕਾ ਨੂੰ ਜੋੜਨ ਵਾਲੀ ਮੁੱਖ ਸੜਕ 'ਤੇ ਬੱਸ ਸੇਵਾ ਸ਼ੁਰੂ ਨਹੀਂ ਕੀਤੀ। ਮਾਪਿਆਂ ਵੱਲੋਂ ਬੱਚਿਆਂ ਨੂੰ ਹੋਰ ਸਾਧਨਾਂ ਰਾਹੀਂ ਫਾਜ਼ਿਲਕਾ ਜਾਂ ਅਬੋਹਰ ਭੇਜਣ ਵਿਚ ਸ਼ਰਮ ਕੀਤੀ ਜਾਂਦੀ ਹੈ।
ਇਸ ਪਿੰਡ ਦੇ ਪੰਚਾਇਤ ਮੈਂਬਰ ਆਦਰਾਮ ਸ਼ਰਮਾ ਦੱਸਦੇ ਹਨ ਕਿ ਸਰਕਾਰ ਨੇ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਉਪਲਬਧ ਕਰਵਾਉਣ ਦੀ ਦਿਸ਼ਾ ਵੱਲ ਠੋਸ ਕਦਮ ਨਹੀਂ ਚੁੱਕੇ। ਪਿੰਡ ਵਾਸੀ ਰਾਮ ਸਰੂਪ ਬੀ. ਏ. ਦੀ ਡਿਗਰੀ ਹਾਸਲ ਕਰਨ ਦੇ ਤਿੰਨ ਸਾਲ ਬਾਅਦ ਵੀ ਸਰਕਾਰੀ ਨੌਕਰੀ ਦੀ ਉਡੀਕ ਕਰ ਰਿਹਾ ਹੈ ਹਾਲਾਂਕਿ ਪੜ੍ਹਾਈ ਦੌਰਾਨ ਉਸਨੇ ਪੰਜਾਬ ਯੂਨੀਵਰਸਿਟੀ ਦੀਆਂ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤਿਆ ਸੀ।ਜੇਕਰ ਰੁਜ਼ਗਾਰ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਪਿੰਡ ਦੇ ਕੇਵਲ 10 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ। ਇਨ੍ਹਾਂ 'ਚੋਂ 4 ਕੇਂਦਰੀ ਸੁਰੱਖਿਆ ਬਲ ਵਿਚ ਕੰਮ ਕਰਦੇ ਹਨ ਜਦਕਿ 6 ਨੂੰ ਸਰਕਾਰੀ ਅਧਿਆਪਕ ਬਣਨ ਦਾ ਮੌਕਾ ਮਿਲਿਆ ਹੈ। ਪੰਜਾਬ ਰਾਜਸਥਾਨ ਤੇ ਪਾਕਿਸਤਾਨ ਸੀਮਾ ਦੀ ਤ੍ਰਿਵੇਣੀ 'ਤੇ ਸਥਿਤ ਇਸ ਪਿੰਡ ਦੇ ਲੋਕ ਮੌਜੂਦਾ ਸਰਕਾਰ ਤੋਂ ਬਿਹਤਰ ਸੇਵਾਵਾਂ ਦੀ ਉਮੀਦ ਲਾਈ ਬੈਠੇ ਹਨ।
ਕਿਸਾਨਾਂ ਨੂੰ ਵੀ ਕਰਨਾ ਪੈ ਰਿਹਾ ਹੈ ਨਿਰਾਸ਼ਾ ਦਾ ਸਾਹਮਣਾ
ਸਿੱਖਿਆ ਤੋਂ ਇਲਾਵਾ ਇਸ ਪਿੰਡ ਦੇ ਵਾਸੀ ਫਸਲਾਂ ਦੇ ਚਾਹਵਾਨ ਵੀ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਮੱਕੀ ਦੀ ਬੀਜਾਈ ਤਾਂ ਸ਼ੁਰੂ ਕਰ ਲਈ ਹੈ ਪਰ ਭਾਅ ਕੇਵਲ ਇਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਮਿਲਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਸਲ ਵੇਚਣ ਲਈ ਕਿਸਾਨਾਂ ਨੂੰ ਖਿਓਵਾਲੀ ਢਾਬ ਸਥਿਤ ਗ੍ਰਾਮੀਣ ਖਰੀਦ ਕੇਂਦਰ ਤੱਕ ਜਾਣਾ ਪੈਂਦਾ ਹੈ। ਕਿਸਾਨ ਜੰਗੀਰ ਸਿੰਘ ਦਾ ਕਹਿਣਾ ਹੈ ਕਿ ਬਾਰਡਰ 'ਤੇ ਤਣਾਅ ਕਾਰਨ 2-3 ਵਾਰ ਪਲਾਇਨ ਦਾ ਸਾਹਮਣਾ ਕਰ ਚੁੱਕੇ ਇਸ ਪਿੰਡ ਪ੍ਰਤੀ ਸੂਬਾ ਸਰਕਾਰ ਨੂੰ ਵਿਸ਼ੇਸ਼ ਰੂਪ ਤੋਂ ਵਿਕਾਸ ਯੋਜਨਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਗਰੀਬੀ ਤੇ ਅਨਪੜ੍ਹਤਾ ਕਾਰਨ ਕਈ ਪਿੰਡ ਵਾਸੀ ਨਸ਼ਿਆਂ ਦੇ ਪ੍ਰਭਾਵ ਹੇਠ ਵੀ ਆ ਚੁੱਕੇ ਹਨ। ਇਸ ਤੋਂ ਛੁਟਕਾਰਾ ਦਿਵਾਉਣ ਲਈ ਅਜੇ ਤੱਕ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ।