ਪੰਜਾਬ ਤੇ ਹਰਿਆਣਾ ਨਾਂ ਦੇ ਹੀ ਬਦਨਾਮ, ਬੇਟੀਆਂ ਨੂੰ ਨਸੀਬ ਨਹੀਂ ਹੁੰਦਾ ਦੇਸ਼ ''ਚ ਇਲਾਜ
Friday, Jul 14, 2017 - 06:08 AM (IST)

ਜਲੰਧਰ - ਲਿੰਗ ਅਨੁਪਾਤ ਦੇ ਨਾਂ 'ਤੇ ਪੰਜਾਬ ਤੇ ਹਰਿਆਣਾ ਦੇ ਮੱਥੇ 'ਤੇ ਲੱਗਾ 'ਕੁੜੀ ਮਾਰ' ਦਾ ਕਲੰਕ ਤਾਂ ਮਿਟ ਰਿਹਾ ਹੈ ਪਰ ਵਿਸ਼ਵ ਪੱਧਰ 'ਤੇ ਹੋਏ ਸਰਵੇ 'ਚ ਇਹ ਸੱਚਾਈ ਸਾਹਮਣੇ ਆਈ ਹੈ ਕਿ ਦੇਸ਼ 'ਚ 41 ਫੀਸਦੀ ਕੁੜੀਆਂ ਨੂੰ ਹੀ ਇਲਾਜ ਨਸੀਬ ਹੋ ਰਿਹਾ ਹੈ। ਹੁਣੇ ਜਿਹੇ ਹੀ ਆਏ ਨੈਸ਼ਨਲ ਫੈਮਿਲੀ ਹੈਲਥ ਸਰਵੇ-4 (2015-16) ਮੁਤਾਬਕ ਪੰਜਾਬ ਨੇ 10 ਸਾਲਾਂ 'ਚ ਲਿੰਗ ਅਨੁਪਾਤ 'ਚ 126 ਪੁਆਇੰਟਾਂ ਦਾ ਵਾਧਾ ਕੀਤਾ ਹੈ। 2005 'ਚ ਪੰਜਾਬ 'ਚ 1000 ਮੁੰਡਿਆਂ ਦੇ ਮੁਕਾਬਲੇ 734 ਕੁੜੀਆਂ ਦਾ ਜਨਮ ਹੁੰਦਾ ਸੀ, ਜਦਕਿ 2015 'ਚ 860 ਕੁੜੀਆਂ ਦਾ। ਹਰਿਆਣਾ 'ਚ ਵੀ ਕੁਝ ਅਜਿਹੀ ਹੀ ਸਥਿਤੀ ਸੀ। 2005 'ਚ 1000 ਮੁੰਡਿਆਂ ਦੇ ਮੁਕਾਬਲੇ 762 ਕੁੜੀਆਂ ਦਾ ਜਨਮ ਹੁੰਦਾ ਸੀ, ਜੋ ਹੁਣ 836 ਤਕ ਪਹੁੰਚ ਗਿਆ ਹੈ। ਜਿੱਥੋਂ ਤਕ 'ਕੁੜੀ ਮਾਰ' ਦੇ ਕਲੰਕ ਦੀ ਗੱਲ ਹੈ ਤਾਂ ਇਕੱਲੇ ਪੰਜਾਬ ਦੇ ਮੱਥੇ 'ਤੇ ਇਹ ਕਲੰਕ ਮੜਨਾ ਠੀਕ ਨਹੀਂ ਹੈ।
ਅੰਕੜੇ ਦੱਸਦੇ ਹਨ ਕਿ ਇਥੇ ਕੁੜੀਆਂ ਦੀ ਜਨਮ ਦਰ 'ਚ ਸੁਧਾਰ ਹੋਇਆ ਹੈ। ਦੇਸ਼ ਭਰ 'ਚ ਪਹਿਲਾਂ ਇਹ ਆਮ ਕਿਹਾ ਜਾਂਦਾ ਸੀ ਕਿ ਕੁੜੀਆਂ ਨੂੰ ਗਰਭ 'ਚ ਮਾਰ ਦਿੱਤਾ ਜਾਂਦਾ ਹੈ ਪਰ ਸਖਤੀ ਕਾਰਨ ਹੁਣ ਅਜਿਹਾ ਨਹੀਂ ਹੋ ਰਿਹਾ। ਸਰਕਾਰ ਵਲੋਂ ਸਖਤੀ ਕੀਤੇ ਜਾਣ ਕਾਰਨ ਪਹਿਲਾਂ ਤੋਂ ਲਿੰਗ ਨਿਰਧਾਰਨ ਵੀ ਨਹੀਂ ਹੋ ਰਿਹਾ ਤੇ ਹੁਣ ਕੋਈ ਗਰਭਪਾਤ ਦਾ ਰਿਸਕ ਵੀ ਨਹੀਂ ਲੈਣਾ ਚਾਹੁੰਦਾ ਪਰ ਤਸਵੀਰ ਦਾ ਦੂਜਾ ਪਹਿਲੂ ਇਹ ਹੈ ਕਿ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੂੰ ਸਹੀ ਇਲਾਜ ਨਾ ਮਿਲਣ ਕਾਰਨ ਹੁਣ ਉਨ੍ਹਾਂ ਦੀ ਮੌਤ ਹੋ ਰਹੀ ਹੈ। ਯੂਨੀਸੈੱਫ ਦੀ ਰਿਪੋਰਟ ਮੁਤਾਬਕ ਜਨਮ ਤੋਂ 28 ਦਿਨ ਦਾ ਇਲਾਜ ਨਾ ਹੋਣ ਕਾਰਨ ਸਭ ਤੋਂ ਵੱਧ ਕੁੜੀਆਂ ਦੀ ਮੌਤ ਭਾਰਤ 'ਚ ਹੋ ਰਹੀ ਹੈ। ਹਰ ਸਾਲ 7 ਲੱਖ ਤੋਂ ਵੱਧ ਬੱਚਿਆਂ ਦੀ ਮੌਤ ਬਿਨਾਂ ਇਲਾਜ ਦੇ ਭਾਰਤ 'ਚ ਹੁੰਦੀ ਹੈ।
ਮੁੰਡਿਆਂ 'ਤੇ ਵਹਾਇਆ ਜਾ ਰਿਹੈ ਪਾਣੀ ਦੀ ਤਰ੍ਹਾਂ ਪੈਸਾ
ਇਥੇ ਕੁੜੀਆਂ ਦੇ ਇਲਾਜ 'ਤੇ ਪਾਣੀ ਦੀ ਤਰ੍ਹਾਂ ਪੈਸਾ ਵਹਾਇਆ ਜਾਂਦਾ ਹੈ, ਉਥੇ ਹੀ ਅੰਕੜੇ ਦੱਸਦੇ ਹਨ ਕਿ ਪੰਜਾਬ ਦੀਆਂ 37 ਫੀਸਦੀ ਕੁੜੀਆਂ ਨੂੰ ਹੀ ਇਲਾਜ ਨਸੀਬ ਹੋ ਰਿਹਾ ਹੈ। ਦੇਸ਼ ਭਰ 'ਚੋਂ ਪ੍ਰਾਪਤ ਅੰਕੜਿਆਂ 'ਤੇ ਗੱਲ ਕਰੀਏ ਤਾਂ ਜਨਮ ਤੋਂ 28 ਦਿਨ ਤਕ 41 ਫੀਸਦੀ ਕੁੜੀਆਂ ਹੀ ਇਲਾਜ ਲਈ ਹਸਪਤਾਲ ਪਹੁੰਚ ਪਾਉਂਦੀਆਂ ਹਨ। ਬ੍ਰਿਟਿਸ਼ ਮੈਡੀਕਲ ਜਨਰਲ 'ਹਾਰਟ ਏਸ਼ੀਆ' ਵਲੋਂ ਕਰਵਾਏ ਗਏ ਇਕ ਸਰਵੇ 'ਚ ਹੈਰਾਨੀਜਨਕ ਤੱਤ ਸਾਹਮਣੇ ਆਏ ਹਨ। ਇਸ ਸਰਵੇ ਮੁਤਾਬਿਕ ਪੰਜਾਬ 'ਚ ਸਕੂਲਾਂ 'ਚ ਪੜ੍ਹਨ ਵਾਲੀਆਂ 60 ਫੀਸਦੀ ਕੁੜੀਆਂ ਦਿਲ ਦੀਆਂ ਮਰੀਜ਼ ਹਨ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਇਲਾਜ ਨਹੀਂ ਮੁਹੱਈਆ ਹੁੰਦਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਸਰਵੇ ਮੁਤਾਬਿਕ ਭਾਵੇਂ ਨੈਸ਼ਨਲ ਹੈਲਥ ਮਿਸ਼ਨ ਦੇ ਅੰਕੜੇ ਦੱਸਦੇ ਹਨ ਕਿ ਦਿਲ ਦੇ ਮਰੀਜ਼ ਸਕੂਲੀ ਬੱਚਿਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਪਰ ਪੰਜਾਬ 'ਚ ਇਹ ਇਲਾਜ ਸਿਰਫ 37 ਫੀਸਦੀ ਕੁੜੀਆਂ ਤਕ ਹੀ ਪਹੁੰਚ ਸਕਿਆ ਹੈ। ਸਰਵੇ 'ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਦਿਲ ਦੇ ਰੋਗਾਂ ਦੀਆਂ ਸ਼ਿਕਾਰ ਕੁੜੀਆਂ ਦੇ ਮਾਤਾ-ਪਿਤਾ ਇਹ ਸੋਚਦੇ ਹਨ ਕਿ ਸਰਜਰੀ ਦੇ ਬਾਅਦ ਕੁੜੀਆਂ ਦੇ ਸਰੀਰ 'ਤੇ ਨਿਸ਼ਾਨ ਰਹਿ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਦੇ ਵਿਆਹ ਤੇ ਵਿਆਹੁਤਾ ਜੀਵਨ 'ਚ ਰੁਕਾਵਟਾਂ ਆ ਸਕਦੀਆਂ ਹਨ। ਇਸ ਡਰ ਕਾਰਨ ਉਹ ਬੇਟੀਆਂ ਦਾ ਇਲਾਜ ਨਹੀਂ ਕਰਵਾਉਂਦੇ। ਇਸ ਬਾਰੇ ਪੰਜਾਬ ਦੀ ਮੁੱਖ ਸਿਹਤ ਸਕੱਤਰ ਵਿੰਨੀ ਮਹਾਜਨ ਦਾ ਕਹਿਣਾ ਹੈ ਕਿ ਲੜਕੇ-ਲੜਕੀਆਂ ਦੇ ਇਸ ਭੇਦਭਾਵ ਨੂੰ ਖਤਮ ਕਰਨ ਲਈ ਹੀ 5 ਸਾਲ ਤੱਕ ਦੀਆਂ ਕੁੜੀਆਂ ਦਾ ਮੁਫਤ ਇਲਾਜ ਸ਼ੁਰੂ ਕੀਤਾ ਗਿਆ ਹੈ ਤੇ ਇਸ ਮਾਮਲੇ 'ਚ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।
ਕਈ ਸੂਬਿਆਂ 'ਚ ਡਿਗੀ ਲੜਕੀਆਂ ਦੀ ਜਨਮ ਦਰ
ਨੈਸ਼ਨਲ ਫੈਮਿਲੀ ਹੈਲਥ ਸਰਵੇ-3 (2005-06) ਮੁਤਾਬਿਕ ਦਿੱਲੀ 'ਚ ਜਿਥੇ 2005 'ਚ ਲੜਕੀਆਂ ਦੀ ਜਨਮ ਦਰ 840 ਸੀ, ਉਥੇ ਹੀ ਨੈਸ਼ਨਲ ਫੈਮਿਲੀ ਹੈਲਥ ਸਰਵੇ-4 (2015-16) ਮੁਤਾਬਿਕ ਇਸ 'ਚ 23 ਫੀਸਦੀ ਦੀ ਗਿਰਾਵਟ ਆਈ ਹੈ।
ਸਰਵੇ-4 ਮੁਤਾਬਿਕ ਲੜਕੀਆਂ ਦੀ ਦਰ 840 ਦੇ ਮੁਕਾਬਲੇ 817 ਦਰਜ ਹੋਈ ਹੈ। ਪੰਜਾਬ 'ਚ 2005 'ਚ ਇਹ ਦਰ 734 ਸੀ, ਜੋ 2015 'ਚ ਹੋਏ ਸਰਵੇ-4 ਮੁਤਾਬਿਕ 934 ਦਰਜ ਹੋਈ ਹੈ। ਇਸੇ ਤਰ੍ਹਾਂ ਉੱਤਰਾਖੰਡ 'ਚ ਗਿਰਾਵਟ ਦਰਜ ਕੀਤੀ ਗਈ ਹੈ।
ਚੰਡੀਗੜ੍ਹ ਪੂਰੇ ਉੱਤਰ ਭਾਰਤ 'ਚ ਅੱਵਲ
ਲਿੰਗ ਅਨੁਪਾਤ'ਚ ਚੰਡੀਗੜ੍ਹ ਪੂਰੇ ਉੱਤਰ ਭਾਰਤ 'ਚ ਪਹਿਲੇ ਤੇ ਦੇਸ਼ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ-4 (2015-16) ਮੁਤਾਬਿਕ ਪਿਛਲੇ 5 ਸਾਲਾਂ 'ਚ 1,000 ਕੁੜੀਆਂ ਦੇ ਮੁਕਾਬਲੇ ਕੁਲ 989 ਕੁੜੀਆਂ ਨੇ ਜਨਮ ਲਿਆ। ਮਰਦਮਸ਼ੁਮਾਰੀ 2011 ਮੁਤਾਬਿਕ (0-6 ਉਮਰ ਵਰਗ) ਚੰਡੀਗੜ੍ਹ ਦਾ ਲਿੰਗ ਅਨੁਪਾਤ 1,000 ਕੁੜੀਆਂ ਦੇ ਮੁਕਾਬਲੇ 867 ਦਰਜ ਕੀਤਾ ਗਿਆ ਸੀ। ਚੰਡੀਗੜ੍ਹ ਤੋਂ ਅੱਗੇ ਦਾਦਰਾ ਨਾਗਰ ਹਵੇਲੀ ਹੈ, ਜਿਸਦਾ ਲਿੰਗ ਅਨੁਪਾਤ 1,013 ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਦਾ ਲਿੰਗ ਅਨੁਪਾਤ ਪਹਿਲਾਂ ਤੋਂ ਹੀ ਕਾਫੀ ਵਧੀਆ ਰਿਹਾ ਹੈ।