ਪ੍ਰੇਮ ਵਿਆਹ ਕਰਾਉਣ ਵਾਲੀ ਕੁੜੀ ਨੂੰ ਮਿਲਿਆ ਧੋਖਾ, ਪੁਲਸ ''ਤੇ ਲਾਏ ਗੰਭੀਰ ਦੋਸ਼

10/19/2019 6:12:03 PM

ਖੰਨਾ (ਬਿਪਨ) : ਖੰਨਾ 'ਚ 21 ਸਾਲਾਂ ਦੀ ਇਕ ਕੁੜੀ ਵਲੋਂ ਆਪਣੇ ਪਤੀ 'ਤੇ ਉਸ ਨੁੰ ਨਸ਼ਾ ਦੇਣ, ਕੁੱਟਮਾਰ ਕਰਨ, ਗੱਡੀ 'ਚੋਂ ਬਾਹਰ ਸੁੱਟਣ ਅਤੇ ਗਲਤ ਕੰਮ ਕਰਵਾਉਣ ਦੇ ਦੋਸ਼ ਲਾਏ ਗਏ ਹਨ। ਪੀੜਤਾ ਦਾ ਕਹਿਣਾ ਹੈ ਕਿ ਜਦੋਂ ਉਹ ਪਤੀ ਦੀ ਸ਼ਿਕਾਇਤ ਲੈ ਕੇ ਪੁਲਸ ਕੋਲ ਗਈ ਤਾਂ ਉਲਟਾ ਪੁਲਸ ਨੇ ਵੀ ਉਸ ਦਾ ਮਜ਼ਾਕ ਉਡਾਇਆ।
ਜਾਣਕਾਰੀ ਮੁਤਾਬਕ ਨਾਸਿਕ ਦੀ ਰਹਿਣ ਵਾਲੀ 21 ਸਾਲਾ ਪੀੜਤ ਕੁੜੀ ਨੇ ਦੱਸਿਆ ਕਿ ਉਸ ਨੇ ਗ੍ਰੇਜੂਏਸ਼ਨ ਕੀਤੀ ਹੋਈ ਹੈ ਅਤੇ ਬਲਬੀਰ ਸਿੰਘ ਨਾਂ ਦਾ ਵਿਅਕਤੀ ਜ਼ਬਰਦਸਤੀ ਉਸ ਨੂੰ ਪਹਿਲਾਂ ਨਾਸਿਕ ਤੋਂ ਖੰਨਾ ਲਿਆਇਆ ਅਤੇ ਫਿਰ ਉਸ ਨਾਲ ਵਿਆਹ ਕਰਵਾ ਲਿਆ। ਪੀੜਤ ਕੁੜੀ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਆਪਣੇ ਸਾਥੀਆਂ ਨਾਲ ਮਿਲ ਕੇ ਨਸ਼ਾ ਕਰਦਾ ਹੈ, ਨਸ਼ਾ ਵੇਚਦਾ ਹੈ ਅਤੇ ਉਸ ਨਾਲ ਕੁੱਟਮਾਰ ਵੀ ਕਰਦਾ ਹੈ।

ਸਿਰਫ ਇੰਨਾ ਹੀ ਨਹੀਂ, ਪੀੜਤਾ ਨੇ ਇਹ ਵੀ ਦੋਸ਼ ਲਾਇਆ ਕਿ ਉਸ ਨੂੰ ਸ਼ੱਕ ਹੈ ਕਿ ਸ਼ਾਇਦ ਉਸ ਦਾ ਪਤੀ ਉਸ ਨੂੰ ਵੀ ਨਸ਼ਾ ਖਿਲਾਉਂਦਾ ਹੈ। ਪੀੜਤਾ ਨੇ ਪੁਲਸ 'ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਜਦੋਂ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦੇਣੀ ਚਾਹੀ ਤਾਂ ਅੱਗਿਓਂ ਪੁਲਸ ਵਾਲਿਆਂ ਨੇ ਵੀ ਉਸ ਦਾ ਮਜ਼ਾਕ ਉਡਾਇਆ ਅਤੇ ਉਸ ਦੇ ਪਤੀ ਦੀ ਹਮਾਇਤ ਕੀਤੀ। ਪੀੜਤਾ ਮੁਤਾਬਕ ਪੁਲਸ ਦੀ ਸ਼ੈਅ 'ਤੇ ਹੀ ਉਸ ਦਾ ਪਤੀ ਆਪਣੇ ਸਾਥੀਆਂ ਸਮੇਤ ਨਸ਼ਾ ਵੇਚਦਾ ਹੈ ਅਤੇ ਨਸ਼ੇ ਦਾ ਆਦੀ ਵੀ ਹੈ।
ਫਿਲਹਾਲ ਪੀੜਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਸ ਨੂੰ ਆਪਣੇ ਮਾਪਿਆਂ ਦੀ ਇੱਜ਼ਤ ਪਿਆਰੀ ਹੈ, ਇਸ ਲਈ ਉਹ ਵਾਪਸ ਮਾਂ-ਬਾਪ ਕੋਲ ਨਾ ਜਾ ਕੇ ਬਲਬੀਰ ਸਿੰਘ ਨਾਲ ਹੀ ਰਹੇਗੀ ਪਰ ਉਸ ਨੂੰ ਇਨਸਾਫ ਚਾਹੀਦਾ ਹੈ। ਪੀੜਤਾ ਨੇ ਕਿਹਾ ਕਿ ਜੇਕਰ ਉਸ ਨੂੰ ਕੁਝ ਹੋ ਜਾਂਦਾ ਹੈ ਤਾਂ ਇਸ ਦੇ ਲਈ ਪੁਲਸ ਅਤੇ ਉਸ ਦਾ ਪਤੀ ਜ਼ਿੰਮੇਵਾਰ ਹੋਵੇਗਾ।


Babita

Content Editor

Related News