ਲੁਧਿਆਣਾ 'ਚ ਘਰ ਅੰਦਰ ਹੋਇਆ ਬਲਾਸਟ, ਲੜਕੀ ਅਤੇ ਕੁੱਤੇ ਦੀ ਹੋਈ ਮੌਤ

Thursday, Mar 14, 2024 - 09:38 AM (IST)

ਲੁਧਿਆਣਾ (ਗੌਤਮ)– ਥਾਣਾ ਡਵੀਜ਼ਨ ਨੰ. 3 ਦੇ ਅਧੀਨ ਆਉਂਦੇ ਇਲਾਕੇ ਗੁਰੂ ਹਰਗੋਬਿੰਦ ਨਗਰ ’ਚ ਇਕ ਘਰ ’ਚ ਅਚਾਨਕ ਅੱਗ ਲੱਗਣ ਨਾਲ ਇਕ ਲੜਕੀ ਅਤੇ ਕੁੱਤੇ ਦੀ ਮੌਤ ਹੋ ਗਈ। ਪਤਾ ਲੱਗਦੇ ਹੀ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੇ ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਲੜਕੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਉਸ ਦੀ ਪਛਾਣ ਪ੍ਰਭਜੋਤ ਕੌਰ ਉਰਫ ਸ਼ੀਨਾ ਦੇ ਰੂਪ ’ਚ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ ਵਿਚਾਲੇ ਇਕ ਹੋਰ ਮੌਤ, ਅੱਥਰੂ ਗੈਸ ਦੇ ਗੋਲੇ ਦਾ ਸ਼ਿਕਾਰ ਹੋਇਆ ਸੀ ਜੀਰਾ ਸਿੰਘ

ਲੜਕੀ ਦੇ ਪਿਤਾ ਕੰਵਲਜੀਤ ਨੇ ਦੱਸਿਆ ਕਿ ਉਸ ਦੇ ਘਰ ’ਚ ਮਿਸਤਰੀ ਲੱਗੇ ਹੋਏ ਹਨ ਅਤੇ ਕੰਮ ਚੱਲ ਰਿਹਾ ਹੈ। ਉਸ ਦੇ ਘਰ ਦੀ ਪਹਿਲੀ ਮੰਜ਼ਿਲ ’ਤੇ ਮਿਊਜ਼ਕ ਸਟੂਡੀਓ ਬਣਿਆ ਹੋਇਆ ਹੈ, ਜਿਸ ਵਿਚ ਪੀ. ਵੀ. ਸੀ. ਦਾ ਕੰਮ ਹੋਇਆ ਹੈ। ਮਿਸਤਰੀ ਦਾ ਕੰਮ ਚੱਲਣ ਕਾਰਨ ਉਸ ਦੀ ਪਤਨੀ, ਬੇਟੀ ਸ਼ੀਨਾ ਅਤੇ ਕੁੱਤਾ ਪਹਿਲੀ ਮੰਜ਼ਿਲ ’ਤੇ ਬਣੇ ਸਟੂਡੀਓ ’ਚ ਸੌਂ ਗਏ ਅਤੇ ਉਹ ਬੇਟੇ ਰਾਜਨ ਨਾਲ ਹੇਠਲੇ ਕਮਰੇ ’ਚ ਸੌਣ ਲਈ ਚਲਾ ਗਿਆ।

ਅਚਾਨਕ ਜਦ ਧਮਾਕਾ ਹੋਇਆ ਤਾਂ ਉਸ ਨੇ ਦੇਖਿਆ ਕਿ ਸਟੂਡੀਓ ਦਾ ਦਰਵਾਜ਼ਾ ਬੰਦ ਸੀ ਅਤੇ ਅੱਗ ਲੱਗੀ ਹੋਈ ਸੀ, ਜਿਸ ਕਾਰਨ ਉਸ ਨੇ ਸਹਾਇਤਾ ਲਈ ਰੌਲਾ ਪਾਇਆ ਅਤੇ ਨੇੜੇ ਦੇ ਲੋਕ ਵੀ ਮੌਕੇ ’ਤੇ ਪੁੱਜ ਗਏ। ਉਨ੍ਹਾਂ ਨੇ ਦਰਵਾਜ਼ਾ ਖੋਲ੍ਹਣ ਦਾ ਯਤਨ ਕੀਤਾ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ, ਫਾਇਰ ਬ੍ਰਿਗੇਡ ਦੇ ਪੁੱਜਣ ਤੋਂ ਪਹਿਲਾਂ ਉਨ੍ਹਾਂ ਨੇ ਲੋਕਾਂ ਦੀ ਸਹਾਇਤਾ ਨਾਲ ਅੱਗ ’ਤੇ ਕਾਬੂ ਪਾਇਆ ਪਰ ਕਮਰੇ ’ਚ ਧੂੰਆਂ ਭਰਿਆ ਹੋਇਆ ਸੀ। ਪੀ. ਵੀ. ਸੀ. ਲੱਗੀ ਹੋਣ ਕਾਰਨ ਸਟੂਡੀਓ ਦਾ ਸਾਰਾ ਸਾਮਾਨ ਵੀ ਸੜ ਗਿਆ।

ਇਹ ਖ਼ਬਰ ਵੀ ਪੜ੍ਹੋ - ਬੰਦੀ ਸਿੰਘਾਂ ਦੀ ਰਿਹਾਈ ਨਾਲ ਹੋਵੇਗਾ ਅਕਾਲੀ-ਭਾਜਪਾ ਗਠਜੋੜ ਦਾ ਐਲਾਨ! ਇਸੇ ਹਫ਼ਤੇ ਆ ਸਕਦੈ ਵੱਡਾ ਫ਼ੈਸਲਾ

ਕੰਵਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਨੇ ਐੱਮ. ਕਾਮ. ਕੀਤੀ ਸੀ ਅਤੇ ਉਹ ਆਪਣੀ ਚਚੇਰੀ ਭੈਣ ਨਾਲ ਰੈਸਟੋਰੈਂਟ ’ਚ ਕੰਮ ਕਰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਅਤੇ ਪੀ. ਵੀ. ਸੀ. ਲੱਗੀ ਹੋਣ ਕਾਰਨ ਕਮਰੇ ’ਚ ਇਕਦਮ ਧੂੰਆਂ ਭਰ ਗਿਆ। ਥਾਣਾ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News