ਗੁਆਂਢ ''ਚ ਰਹਿੰਦੇ ਮੁੰਡੇ ਨੇ ਕੰਧ ''ਤੇ ਲਿਖੇ ਮਾੜੇ ਸ਼ਬਦ, ਦੁਖੀ ਹੋ ਕੁੜੀ ਨੇ ਚੁੱਕਿਆ ਖੌਫਨਾਕ ਕਦਮ
Wednesday, Apr 29, 2020 - 08:13 PM (IST)
![ਗੁਆਂਢ ''ਚ ਰਹਿੰਦੇ ਮੁੰਡੇ ਨੇ ਕੰਧ ''ਤੇ ਲਿਖੇ ਮਾੜੇ ਸ਼ਬਦ, ਦੁਖੀ ਹੋ ਕੁੜੀ ਨੇ ਚੁੱਕਿਆ ਖੌਫਨਾਕ ਕਦਮ](https://static.jagbani.com/multimedia/2020_4image_12_06_233568575suicide.jpg)
ਤਰਨਤਾਰਨ (ਵਿਜੇ) : ਇਥੋਂ ਦੀ ਕਾਜੀਕੋਟ ਗਲੀ ਦਰਸ਼ਨ ਸਿੰਘ ਵਾਲੀ ਵਿਖੇ ਨੌਜਵਾਨ ਲੜਕੀ ਰਾਜਵਿੰਦਰ ਕੌਰ ਪੁਤਰੀ ਸਤਨਾਮ ਸਿੰਘ ਨੇ ਮੁਹਲੇ ਦੇ ਹੀ ਇਕ ਲੜਕੇ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਚੱਲਦੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਰਾਜਵਿੰਦਰ ਕੌਰ ਜੋ ਕਿ ਸਕੂਲ ਸੇਵਾ ਦੇਵੀ ਵਿਖੇ ਆਈ. ਟੀ. ਆਈ. ਦੀ ਵਿਦਿਆਿਰਥਣ ਸੀ, ਨੇ ਅਪਣੇ ਮੁਹਲੇ ਦੇ ਹੀ ਲੜਕੇ ਤੋਂ ਦੁਖੀ ਹੋ ਕੇ ਬੀਤੀ ਰਾਤ ਜ਼ਹਿਰ ਨਿਗਲ ਲਿਆ, ਜਿਸ ਤੋਂ ਬਾਅਦ ਪਰਿਵਾਰ ਵਲੋਂ ਉਸ ਨੂੰ ਹਸਪਤਾਲ ਲਿਜਾਇਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਲੜਕੀ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲਾ ਲੜਕਾ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਫੋਨ ਕਰਕੇ ਵੀ ਮਾੜਾ ਬੋਲਦਾ ਸੀ। ਜਿਸ ਦੇ ਚੱਲਦੇ ਦੋਵਾਂ ਪਰਿਵਾਰਾਂ ਨੇ ਬੈਠ ਕੇ ਲੜਕੇ ਨੂੰ ਸਮਝਾਇਆ ਵੀ ਪਰ ਉਸ ਨੇ ਬੀਤੇ ਦਿਨੀਂ ਘਰ ਦੀ ਕੰਧ 'ਤੇ ਉਨ੍ਹਾਂ ਦੀ ਧੀ ਬਾਰੇ ਗਲਤ ਸ਼ਬਦਾਵਲੀ ਲਿਖ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਧੀ ਨੇ ਬੀਤੀ ਰਾਤ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰ ਲਈ। ਲੜਕੀ ਦੀ ਮਾਂ ਅਤੇ ਰਿਸ਼ਤੇਦਾਰਾਂ ਨੇ ਥਾਣਾ ਸਿਟੀ ਵਿਚ ਦਰਖਾਸਤ ਦਿੱਤੀ ਹੈ। ਉਧਰ ਘਟਨਾ ਤੋਂ ਬਾਅਦ ਲੜਕਾ ਅਤੇ ਉਸ ਦਾ ਪਰਿਵਾਰ ਘਰੋਂ ਫਰਾਰ ਹੋ ਗਿਆ। ਮ੍ਰਿਤਕ ਲੜਕੀ ਦੀ ਮਾਂ ਨੇ ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਪੁਲਸ ਦਾ ਕਹਿਣਾ ਹੈ ਕਿ ਲੜਕੀ ਦੀ ਮਾਂ ਦੇ ਬਿਆਨਾ 'ਤੇ ਕਾਰਵਾਈ ਕੀਤੀ ਜਾਵੇਗੀ।