ਗਿਲਕੋ ਗਰੁੱਪ ਦੇ ਚੇਅਰਮੈਨ ਸਟੇਟ ਐਵਾਰਡ ਨਾਲ ਸਨਮਾਨਤ
Sunday, Jun 10, 2018 - 01:59 AM (IST)
ਰੂਪਨਗਰ (ਵਿਜੇ) - ਸੂਬਾ ਸਰਕਾਰ ਵੱਲੋਂ ਗਿਲਕੋ ਗਰੁੱਪ ਦੇ ਚੇਅਰਮੈਨ (ਸੀ.ਐੱਮ.ਡੀ.) ਰਾਣਾ ਰਣਜੀਤ ਸਿੰਘ ਗਿੱਲ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ। ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਇਕ ਵਿਸ਼ੇਸ਼ ਰਾਜ ਪੱਧਰੀ ਸਮਾਰੋਹ 'ਚ ਰਣਜੀਤ ਸਿੰਘ ਗਿੱਲ ਨੂੰ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ 'ਚ ਸਨਮਾਨਤ ਕੀਤਾ ਗਿਆ । ਉਕਤ ਵਿਸ਼ੇਸ਼ ਸਨਮਾਨ ਉਨ੍ਹਾਂ ਨੂੰ ਸਮਾਜਿਕ ਸੇਵਾਵਾਂ ਅਤੇ ਜ਼ਿਲਾ ਰੈੱਡ ਕਰਾਸ ਸੋਸਾਇਟੀ ਰੂਪਨਗਰ ਵੱਲੋਂ ਸੰਚਾਲਤ 'ਆਪਣੀ ਰਸੋਈ' ਲਈ ਪਾਏ ਗਏ ਵਿਸ਼ੇਸ਼ ਯੋਗਦਾਨ ਦੇ ਬਦਲੇ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਗਿੱਲ ਨੇ ਰੂਪਨਗਰ 'ਚ 'ਆਪਣੀ ਰਸੋਈ' ਦਾ ਲੱਖਾਂ ਰੁਪਏ ਦੀ ਲਾਗਤ ਨਾਲ ਨਿਰਮਾਣ ਕਰਵਾਇਆ, ਜਿਸ 'ਚ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਦੁਪਹਿਰ ਦਾ ਖਾਣਾ ਸਿਰਫ 10 ਰੁਪਏ 'ਚ ਦਿੱਤਾ ਜਾਂਦਾ ਹੈ । ਹੁਣ ਤਕ ਇਸ ਰਸੋਈ ਤੋਂ 1 ਲੱਖ 25 ਹਜ਼ਾਰ ਲੋਕਾਂ ਨੂੰ ਦੁਪਹਿਰ ਦਾ ਖਾਣਾ ਵੰਡਿਆ ਜਾ ਚੁੱਕਾ ਹੈ । ਰਣਜੀਤ ਸਿੰਘ ਗਿੱਲ ਰੂਪਨਗਰ ਦੇ ਨਜ਼ਦੀਕੀ ਇਕ ਛੋਟੇ ਜਿਹੇ ਪਿੰਡ ਮਾਜਰੀ ਜੱਟਾਂ ਦੇ ਜੰਮਪਲ ਹਨ । ਉਨ੍ਹਾਂ ਇਕ ਸਾਧਾਰਨ ਪਰਿਵਾਰ ਤਂੋ ਉੱਠ ਕੇ ਪੂਰੇ ਦੇਸ਼ 'ਚ ਆਪਣਾ ਬਿਜ਼ਨੈੱਸ ਫੈਲਾਇਆ ਅਤੇ ਆਪਣਾ ਨਾਂ ਉੱਚਾ ਕੀਤਾ । ਜਦੋਂਕਿ ਇਨ੍ਹਾਂ ਨੂੰ ਬਿਲਡਰ ਦੇ ਰੂਪ 'ਚ ਕਈ ਵਾਰ ਸਨਮਾਨਤ ਕੀਤਾ ਜਾ ਚੁੱਕਾ ਹੈ। ਸ. ਗਿੱਲ ਸਮਾਜ ਸੇਵਾਵਾਂ 'ਚ ਲੜਕੀਆਂ ਦੇ ਵਿਆਹ, ਯੂਥ ਕਲੱਬਾਂ ਨੂੰ ਸਹਿਯੋਗ, ਖੇਡਾਂ, ਖੂਨ ਦਾਨ ਕੈਂਪ ਦੇ ਇਲਾਵਾ ਗਊਸ਼ਾਲਾ ਦੀ ਸੇਵਾ ਅਤੇ ਧਾਰਮਕ ਖੇਤਰ 'ਚ ਆਪਣਾ ਯੋਗਦਾਨ ਪਾ ਰਹੇ ਹਨ ।
