ਹੁਸਨਰ ਵਿਖੇ ਨਵਾਂ ਗੁਰਦੁਆਰਾ ਬਣਾਉਣ ''ਤੇ 2 ਧਿਰਾਂ ਵਿਚਕਾਰ ਵਿਵਾਦ
Wednesday, Apr 24, 2019 - 11:41 AM (IST)
ਗਿੱਦੜਬਾਹਾ (ਚਾਵਲਾ) - ਪਿੰਡ ਹੁਸਨਰ ਵਿਖੇ ਮਜ਼੍ਹਬੀ ਸਿੱਖ ਭਾਈਚਾਰੇ ਵਲੋਂ ਬਣਾਏ ਜਾ ਰਹੇ ਨਵੇਂ ਗੁਰਦੁਆਰਾ ਸਾਹਿਬ ਸਬੰਧੀ ਪਿੰਡ 'ਚ ਵਿਵਾਦ ਖੜ੍ਹਾ ਹੋ ਗਿਆ ਹੈ। ਮਜ਼੍ਹਬੀ ਸਿੱਖ ਭਾਈਚਾਰੇ ਨੇ ਗੁਰਦੁਆਰਾ ਨਾਨਕਸਰ ਸਾਹਿਬ ਕਮੇਟੀ 'ਤੇ ਭਾਈਚਾਰੇ ਦੇ ਸਿੱਖਾਂ ਨਾਲ ਭੇਦ-ਭਾਵ ਕਰਨ ਦੇ ਦੋਸ਼ ਲਾਏ ਹਨ, ਜਦਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਸਾਰੇ ਦੋਸ਼ਾਂ ਨੂੰ ਬੇ-ਬੁਨਿਆਦ ਦੱਸਿਆ ਹੈ। ਜਾਣਕਾਰੀ ਦਿੰਦਿਆਂ ਲਾਭ ਸਿੰਘ, ਚਰਨਜੀਤ ਸਿੰਘ, ਬਿਕਰਮਜੀਤ ਸਿੰਘ, ਜਗਦੀਪ ਸਿੰਘ, ਅਮਰਜੀਤ ਸਿੰਘ, ਜਸਕਰਨ ਸਿੰਘ, ਬੱਗਾ ਸਿੰਘ ਆਦਿ ਨੇ ਦੱਸਿਆ ਕਿ ਉਹ ਗੁਰੂ ਦੇ ਸੱਚੇ ਸਿੱਖ ਹਨ ਅਤੇ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਵਿਖੇ ਮੱਥਾ ਟੇਕਣ ਤੇ ਸੇਵਾ ਕਰਨ ਜਾਂਦੇ ਹਨ ਪਰ ਗੁਰਦੁਆਰਾ ਸਾਹਿਬ ਕਮੇਟੀ ਵਲੋਂ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਨ੍ਹਾਂ ਅਨੁਸਾਰ ਜਦੋਂ ਕੋਈ ਮਜ਼੍ਹਬੀ ਸਿੱਖ ਭਾਈਚਾਰੇ ਦਾ ਵਿਅਕਤੀ ਪਾਠ ਕਰਦਾ ਹੈ ਤਾਂ ਉਸ ਕੋਲੋਂ ਗੁਟਕਾ ਸਾਹਿਬ ਲੈ ਲਿਆ ਜਾਂਦਾ ਹੈ ਅਤੇ ਪਾਠ ਕਰਦਿਆਂ ਨੂੰ ਉਠਾ ਦਿੱਤਾ ਜਾਂਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਗੁਰਦੁਆਰਾ ਕਮੇਟੀ ਵਲੋਂ ਸਾਲ ਭਰ ਮੱਥਾ ਟੇਕਣ ਲਈ 5,000 ਰੁਪਏ ਅਤੇ ਕਮੇਟੀ ਮੈਂਬਰ ਬਣਨ ਲਈ 50,000 ਰੁਪਏ ਦੀ ਮੰਗ ਕੀਤੀ ਜਾਂਦੀ ਹੈ। ਇਸ ਸਬੰਧੀ ਜਦੋਂ ਕਮੇਟੀ ਦੇ ਪ੍ਰਧਾਨ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਜਦਕਿ ਮੈਂਬਰ ਬਲਤੇਜ ਸਿੰਘ ਨੇ ਦੱਸਿਆ ਕਿ ਗੁਰੂ ਘਰ ਸਭ ਦੇ ਸਾਂਝੇ ਹਨ ਅਤੇ ਉਨ੍ਹਾਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਤੇ ਨਾ ਹੀ ਕਿਸੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਹੈ। ਬਲਤੇਜ ਸਿੰਘ ਨੇ ਕਿਹਾ ਕਿ ਜੇਕਰ ਮਜ਼੍ਹਬੀ ਸਿੱਘ ਭਾਈਚਾਰਾ ਨਵਾਂ ਗੁਰਦੁਆਰਾ ਸਾਹਿਬ ਬਣਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਇਸ ਗੱਲ 'ਤੇ ਇਤਰਾਜ਼ ਹੈ ਕਿ ਨਵਾਂ ਗੁਰਦੁਆਰਾ ਬਣਾਉਣ ਵਾਲੀ ਜਗ੍ਹਾ ਪੰਚਾਇਤ ਦੀ ਹੈ ਅਤੇ ਪੰਚਾਇਤ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਇਸ ਤੋਂ ਇਲਾਵਾ ਇਹ ਜਗ੍ਹਾ ਹੱਡਾ-ਰੋੜੀ ਨੇੜੇ ਹੋਣ ਕਾਰਨ ਲਾਵਾਰਿਸ ਕੁੱਤੇ ਇੱਥੇ ਆਉਂਦੇ ਹਨ, ਜਿਸ ਕਾਰਨ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਕਾਇਮ ਨਹੀਂ ਰਹਿ ਸਕਦੀ। ਉੱਧਰ, ਗਿੱਦੜਬਾਹਾ ਦੇ ਥਾਣਾ ਮੁਖੀ ਜੈ ਸਿੰਘ ਨੇ ਕਿਹਾ ਕਿ ਉਕਤ ਜਗ੍ਹਾ 'ਤੇ ਨਿਰਮਾਣ ਦਾ ਕੰਮ ਰੁਕਵਾ ਦਿੱਤਾ ਗਿਆ ਹੈ ਅਤੇ ਜਾਂਚ ਉਪਰੰਤ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।