ਧਾਰਮਿਕ ਤਣਾਅ: ਮਜ਼੍ਹਬੀ ਸਿੱਖ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ
Thursday, Jun 06, 2019 - 10:30 AM (IST)
ਗਿੱਦੜਬਾਹਾ (ਸੰਧਿਆ) - ਪਿੰਡ ਹੁਸਨਰ 'ਚ ਬਣੇ ਹੋਏ ਗੁਰਦੁਆਰਾ ਸਾਹਿਬ ਸਬੰਧੀ ਦਿਨੋ-ਦਿਨ ਧਾਰਮਿਕ ਤਣਾਅ ਵਧਦਾ ਜਾ ਰਿਹਾ ਹੈ ਕਿਉਂਕਿ ਮਜ਼੍ਹਬੀ ਸਿੱਖ ਭਾਈਚਾਰੇ ਨੇ ਪਿੰਡ ਦੇ ਦੂਜੇ ਸਿੱਖ ਭਾਈਚਾਰੇ 'ਤੇ ਦੋਸ਼ ਲਾਇਆ ਕਿ ਉਹ ਪਿੰਡ 'ਚ ਬਣੇ ਹੋਏ ਗੁਰਦੁਆਰਾ ਸਾਹਿਬ 'ਚ ਮਜ਼੍ਹਬੀ ਸਿੱਖ ਨੌਜਵਾਨਾਂ ਨੂੰ ਜਾਣ ਤੋਂ ਰੋਕ ਰਹੇ ਹਨ। ਇਸੇ ਕਾਰਨ ਪਿੰਡ ਹੁਸਨਰ ਦੀ ਹੱਡਾ-ਰੋੜੀ ਕੋਲ ਮਜ਼੍ਹਬੀ ਸਿੱਖ ਭਾਈਚਾਰੇ ਨੇ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਆਪਣੇ ਲਈ ਇਕ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖ ਕੇ ਜਿੱਥੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ ਕਰਕੇ ਨਿਸ਼ਾਨ ਸਾਹਿਬ ਵੀ ਲਾ ਦਿੱਤਾ। ਦੱਸ ਦੇਈਏ ਕਿ ਬੀਤੀ ਰਾਤ ਮਜ਼੍ਹਬੀ ਸਿੱਖ ਭਾਈਚਾਰੇ ਦੇ ਉਕਤ ਬਣਾਏ ਹੋਏ ਸ੍ਰੀ ਗੁਰਦੁਆਰਾ ਸਾਹਿਬ 'ਚ ਜਥੇ. ਬਾਬਾ ਕਿਰਪਾਲ ਸਿੰਘ ਜੀ ਸੋਢੀ, ਰਾਸ਼ਟਰਪਤੀ ਨਿਹੰਗ ਸਿੰਘ ਫੌਜ, ਆਲ ਇੰਡੀਆ ਗੁਰਦੁਆਰਾ ਬਾਬਾ ਬੀਰ ਸਿੰਘ ਧੀਰ ਸਿੰਘ ਬੁੰਗਾ ਸਾਹਿਬ, ਮਲੋਟ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਜਿੱਥੇ ਮਜ਼੍ਹਬੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਸ਼ਹੀਦ ਬਾਬਾ ਜੀਵਨ ਸਿੰਘ ਯਾਦਗਾਰੀ ਸ੍ਰੀ ਗੁਰਦੁਆਰਾ ਸਾਹਿਬ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਵੇਗਾ।
ਇਸ ਮੌਕੇ ਮਜ਼੍ਹਬੀ ਸਿੱਖ ਭਾਈਚਾਰੇ ਨਾਲ ਸਬੰਧਤ ਗ੍ਰੰਥੀ ਸਾਹਿਬਾਨ ਨੇ ਕਿਹਾ ਕਿ ਪਿੰਡ ਦੇ ਦੂਜੇ ਸਿੱਖ ਭਾਈਚਾਰੇ ਵਲੋਂ ਉਨ੍ਹਾਂ ਨੂੰ ਨਾ ਸਿਰਫ ਸ੍ਰੀ ਗੁਰਦੁਆਰਾ ਸਾਹਿਬ ਅੰਦਰ ਪਾਠ ਕਰਨ ਤੋਂ ਰੋਕਿਆ ਸਗੋਂ ਗੁਰੂਘਰ 'ਚ ਆਉਣ 'ਤੇ ਵੀ ਪਾਬੰਦੀ ਲਾ ਦਿੱਤੀ। ਉਨ੍ਹਾਂ ਦੱਸਿਆ ਕਿ ਉਕਤ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਆਉਣ ਲਈ ਸਾਲਾਨਾ 5 ਹਜ਼ਾਰ ਦਾ ਚੰਦਾ ਦੇਣ ਅਤੇ ਕਮੇਟੀ ਦਾ ਮੈਂਬਰ ਬਣਨ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕੋਈ ਵੀ ਧਰਮ ਆਪਸ 'ਚ ਭੇਦ-ਭਾਵ ਕਰਨਾ ਨਹੀਂ ਸਿਖਾਉਂਦਾ ਤਾਂ ਫਿਰ ਉਨ੍ਹਾਂ ਦੇ ਪਿੰਡ ਹੁਸਨਰ ਵਿਖੇ ਬਣੇ ਗੁਰੂਘਰ ਵਿਚ ਜਾਤ-ਪਾਤ ਦਾ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ।ਇਸ ਬਾਰੇ ਜਦੋਂ 'ਜਗ ਬਾਣੀ' ਵਲੋਂ ਪਿੰਡ ਹੁਸਨਰ ਵਿਖੇ ਜੱਟਾਂ ਅਤੇ ਜ਼ਿਮੀਂਦਾਰਾਂ ਵਲੋਂ ਬਣਵਾਏ ਗਏ ਗੁਰਦਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਨਾਲ ਫੋਨ 'ਤੇ ਸੰਪਰਕ ਕਰ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਪਿੰਡ ਗੁਰੂਸਰ ਦੇ ਪ੍ਰਧਾਨ ਕਮੀਰ ਸਿੰਘ ਨੇ ਮਜ਼੍ਹਬੀ ਸਿੱਖ ਭਾਈਚਾਰੇ ਨਾਲ ਕੀਤੀ ਬਦਸਲੂਕੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਠਿੰਡਾ ਅੱਖਾਂ ਦਾ ਇਲਾਜ ਕਰਵਾਉਣ ਗਏ ਹਨ। ਫੋਨ 'ਤੇ ਉਨ੍ਹਾਂ ਦੱਸਿਆ ਕਿ ਪਿੰਡ ਹੁਸਨਰ ਦੇ ਨਾਨਕਸਰ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਵੱਲੋਂ ਜ਼ਰੂਰ ਉਕਤ ਗੱਲਾਂ ਕਹੀਆਂ ਗਈਆਂ ਸਨ, ਜਿਸ ਲਈ ਸਾਬਕਾ ਪ੍ਰਧਾਨ ਨੇ ਪਿੰਡ ਹੁਸਨਰ 'ਚ ਹੀ ਬਣੇ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਐੱਸ. ਐੱਚ. ਓ. ਸਾਹਮਣੇ ਸਮੂਹ ਮਜ਼੍ਹਬੀ ਸਿੱਖ ਭਾਈਚਾਰੇ ਤੋਂ ਮੁਆਫੀ ਮੰਗ ਲਈ ਸੀ। ਉਹ ਆਪਣਾ ਗੁਰਦੁਆਰਾ ਬਣਾਉਣਾ ਚਾਹੁੰਦੇ ਹਨ ਜਾਂ ਬਣਾ ਰਹੇ ਹਨ ਤਾਂ ਚੰਗੀ ਗੱਲ ਹੈ। ਹੱਡਾ-ਰੋੜੀ 'ਤੇ ਮਰੇ ਪਸ਼ੂ ਸੁੱਟਣ ਦਾ ਜਵਾਬ ਦਿੰਦਿਆਂ ਪ੍ਰਧਾਨ ਨੇ ਕਿਹਾ ਕਿ ਇਹ ਪੰਚਾਇਤ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਮਜ਼੍ਹਬੀ ਸਿੱਖ ਭਾਈਚਾਰਾ ਉਨ੍ਹਾਂ ਦਾ ਆਪਣਾ ਹੈ, ਉਹ ਕੋਈ ਫਰਕ ਨਹੀਂ ਸਮਝਦੇ।