ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਸਾਬਕਾ ਜਥੇਦਾਰ ਨੰਦਗੜ੍ਹ ਦੇ ਅਕਾਲ ਚਲਾਣੇ ’ਤੇ ਹਮਦਰਦੀ ਦਾ ਪ੍ਰਗਟਾਵਾ

Friday, Jan 05, 2024 - 06:35 PM (IST)

ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਸਾਬਕਾ ਜਥੇਦਾਰ ਨੰਦਗੜ੍ਹ ਦੇ ਅਕਾਲ ਚਲਾਣੇ ’ਤੇ ਹਮਦਰਦੀ ਦਾ ਪ੍ਰਗਟਾਵਾ

ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਕੋਲੋਂ ਕਾਮਨਾ ਕੀਤੀ ਹੈ ਕਿ ਉਹ ਇਸ ਬਿਖਮ ਭਾਣੇ ਨੂੰ ਸਹਿਣ ਕਰਨ ਦਾ ਸਾਕ-ਸਨੇਹੀਆਂ ਨੂੰ ਬਲ ਬਖਸ਼ਣ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਹਰੇਕ ਮਨੁੱਖ ਦਾ ਸੰਸਾਰ ਉੱਤੇ ਜਨਮ ਲੈਣਾ ਅਤੇ ਮੌਤ ਦਾ ਵਰਤਾਰਾ ਅਟੱਲ ਹੈ ਪਰ ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਪੰਥਕ ਤੌਰ ’ਤੇ ਪੀੜਾਦਾਇਕ ਹੁੰਦਾ ਹੈ। 

ਇਹ ਵੀ ਪੜ੍ਹੋ : ਰਾਜੋਆਣਾ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ ’ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੀ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਦੇ ਅਕਾਲ ਚਲਾਣੇ ਦੀ ਅੱਜ ਖ਼ਬਰ ਮਿਲਦਿਆਂ ਹੀ ਹਰੇਕ ਪੰਥ ਦਰਦੀ ਦੇ ਮਨ ਨੂੰ ਅਸਹਿਜਤਾ ਮਹਿਸੂਸ ਹੋਈ ਹੈ। ਉਨ੍ਹਾਂ ਕਿਹਾ ਕਿ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਲੰਬਾ ਸਮਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਕੌਮੀ ਸੇਵਾ ਨਿਭਾਈ ਹੈ, ਜਿਸ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਹੋ ਜਿਹੇ ਪੀੜਾਦਾਇਕ ਸਮੇਂ ਵਿਚ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਪਰਿਵਾਰ ਦੇ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਾਰੇ ਸਾਕ-ਸਨੇਹੀਆਂ ਨੂੰ ਇਹ ਬਿਖਮ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਗਿਆਨੀ ਨੰਦਗੜ੍ਹ ਨੂੰ ਸਦੀਵੀ ਤੌਰ ‘ਤੇ ਅਕਾਲ ਪੁਰਖ ਦੇ ਚਰਨਾਂ ਵਿਚ ਨਿਵਾਸ ਬਖਸ਼ਣ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ।

ਇਹ ਵੀ ਪੜ੍ਹੋ : ਮਾਘੀ ਮੇਲੇ ਮੌਕੇ ਨਾਲ ਆ ਸਕਦੇ ਹਨ ਸੁਖਦੇਵ ਸਿੰਘ ਢੀਂਡਸਾ ਤੇ ਸੁਖਬੀਰ ਸਿੰਘ ਬਾਦਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News