ਗਿਆਨੀ ਕੇਵਲ ਸਿੰਘ ਦੀ ਦਿੱਲੀ ਕਮੇਟੀ ਨੂੰ ਸੂਲਾਂ ਵਰਗੇ ਬੋਲਾਂ ਵਾਲੀ ਚਿੱਠੀ
Friday, Sep 04, 2020 - 12:59 PM (IST)
ਅੰਮ੍ਰਿਤਸਰ (ਪਰਮਿੰਦਰਜੀਤ) : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੂੰ ਇਕ ਪੱਤਰ ਲਿਖ ਕੇ ਕਿਹਾ ਹੈ ਕਿ ਗੁਰੂ ਘਰਾਂ ਦੀ ਮਰਿਆਦਾ ਬਹਾਲ ਰੱਖਣ ਵਿਚ ਆਪਣਾ ਯੋਗਦਾਨ ਦੇਣ। ਇਸ ਪੱਤਰ ਵਿਚ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੇ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਮਹੰਤਸ਼ਾਹੀ ਵਿਰੁਧ ਵੱਡੀ ਜਦੋ-ਜਹਿਦ ਕਰਕੇ ਸ਼ਹੀਦੀਆਂ ਰਾਹੀਂ ਪ੍ਰਾਪਤ ਕੀਤਾ ਹੈ। ਮਹੰਤਸ਼ਾਹੀ ਜਿਥੇ ਹਕੁਮਤੀ ਸ਼ਹਿ 'ਤੇ ਕੰਮ ਕਰਦੀ ਸੀ, ਉਥੇ ਬ੍ਰਾਹਮਣਵਾਦੀ ਵਿਚਾਰਧਾਰਾ ਦੀ ਕੱਟੜ ਹਮਾਇਤੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਵੀ ਸਿੱਖ ਕੌਮ ਦੇ ਪੰਥ-ਪ੍ਰਸਤ ਬਜ਼ੁਰਗਾਂ ਵਲੋਂ ਗੁਰੂ ਗ੍ਰੰਥ-ਗੁਰੂ-ਪੰਥ ਦੇ ਸਿਧਾਂਤਾਂ ਦੀ ਪਹਿਰੇਦਾਰੀ ਲਈ ਸਥਾਪਤ ਕੀਤੀ ਜਾਂਦੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਜੀ ਵੱਡੀ ਸੰਸਥਾ ਸਥਾਪਤ ਹੋਈ ਸੀ। ਬ੍ਰਾਹਮਣਵਾਦੀ ਸੰਪਰਦਾਈ ਸੋਚ ਨੇ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਪਰਮਜੀਤ ਸਿੰਘ ਰਾਣਾ ਰਾਹੀਂ ਮਨਜੀਤ ਸਿੰਘ ਜੀ. ਕੇ. ਦੀ ਪ੍ਰਧਾਨਗੀ ਸਮੇਂ ਦਾਖ਼ਲਾ ਲੈ ਕੇ ਆਪਣਾ ਰੰਗ ਦਿਖਾਉਣਾ ਅਰੰਭਿਆ ਸੀ।
ਇਹ ਵੀ ਪੜ੍ਹੋ : ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਆਰਥਿਕ ਅਪਰਾਧ ਵਿੰਗ ਵੱਲੋਂ ਨੋਟਿਸ ਜਾਰੀ
ਮਨਜਿੰਦਰ ਸਿੰਘ ਸਿਰਸਾ ਤੁਹਾਡੀ ਪ੍ਰਧਾਨਗੀ ਹੇਠ ਦੋ ਕਦਮ ਹੋਰ ਅੱਗੇ ਜਾਂਦਿਆਂ ਇਨ੍ਹਾਂ ਸੰਪਰਦਾਈਆਂ ਨੇ ਆਪਣੇ ਹੋਰ ਰੰਗ ਦਿਖਾਉਣੇ ਸ਼ੁਰੂ ਕੀਤੇ। ਪਿਛਲੇ ਸਾਲ ਤੁਸੀਂ ਭਾਈ ਬੰਤਾ ਸਿੰਘ ਪਾਸੋਂ ਚੰਡੀ ਚਰਿੱਤਰ (ਚੰਡੀ ਦੀ ਵਾਰ) ਦੀ ਕਥਾ ਕਰਵਾ ਕੇ ਇਕ ਅਕਾਲ ਪੁਰਖ ਦੀ ਗੁਰੂ ਵਿਚਾਰਧਾਰਾ ਨੂੰ ਪਿੱਛੇ ਪਾਇਆ। ਫਿਰ ਭਗਵੇਂ ਰੰਗ ਦਾ ਪੰਡਾਲ ਲਗਵਾ ਕੇ ਹਵਨ ਸਮੱਗਰੀ ਦੀ ਪੂਰੀ ਬ੍ਰਾਹਮਣਵਾਦੀ ਵਰਤੋਂ ਕਰਦਿਆਂ ਗੁਰਦੁਆਰਾ ਨਾਨਕ ਪਿਆਉ ਵਿਖੇ ਬ੍ਰਾਹਮਣਵਾਦੀ ਸੰਪਰਦਾਈਆਂ ਪਾਸੋਂ ਗੁਰਬਾਣੀ ਸੰਥਿਆ ਦੇ ਨਾਂ 'ਤੇ ਪੂਰਾ ਅਡੰਬਰ ਕਰਵਾਇਆ। ਦਸਮ ਗ੍ਰੰਥ ਬਾਰੇ ਸਿੱਖੀ ਅੰਦਰ ਸਦੀਆਂ ਤੋਂ ਮਤਭੇਦ ਹਨ ਅਤੇ ਕੌਮ ਨੂੰ ਸਪੱਸ਼ਟ ਹੈ ਕਿ ਦਸਮ ਗ੍ਰੰਥ ਸਿੱਖ ਕੌਮ ਦਾ ਗੁਰੂ ਨਹੀਂ ਹੈ। ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਹਨ। ਤੁਸੀਂ ਜਾਣਦਿਆਂ ਹੋਇਆਂ ਕਿ ਬਚਿੱਤਰ ਨਾਟਕ ਬ੍ਰਾਹਮਣ ਦੀ ਵੀਚਾਰਧਾਰਾ ਦਾ ਪ੍ਰਚਾਰਕ ਹੈ, ਉਸ ਦੀ ਕਥਾ ਫਿਰ ਆਰੰਭ ਕਰਵਾਈ ਹੈ। ਆਰੰਭਤਾ ਵੀ 1 ਸਤੰਬਰ ਤੋਂ ਕੀਤੀ ਹੈ। 1 ਸਤੰਬਰ ਦੇ ਦਿਨ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦਾ ਅਹਿਮ ਦਿਹਾੜਾ ਹੁੰਦਾ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਮੰਨਦੇ ਹੋ ਤਾਂ ਬਿਨਾਂ ਦੇਰੀ ਹੋ ਰਹੀ ਬੇਅਦਬੀ ਨੂੰ ਤੁਰਤ ਬੰਦ ਕਰਵਾਉ।
ਇਹ ਵੀ ਪੜ੍ਹੋ : ਕਾਰ ਨੂੰ ਟੱਕਰ ਮਾਰ ਕੇ ਭੱਜੇ ਫ਼ੌਜੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਹੋਸ਼ ਤਾਂ ਉਦੋਂ ਉੱਡੇ ਜਦੋਂ ਸਾਹਮਣੇ ਆਇਆ ਸੱਚ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਜਥੇਦਾਰ ਸੰਤੋਖ ਸਿੰਘ, ਜਥੇਦਾਰ ਹਰਚਰਨ ਸਿੰਘ, ਜਥੇਦਾਰ ਇੰਦਰਪਾਲ ਸਿੰਘ ਖ਼ਾਲਸਾ, ਸ. ਜਸਵੰਤ ਸਿੰਘ ਸ਼ਾਨ ਤੇ ਹੋਰ ਮੋਹਤਬਰ ਪੰਥ-ਪ੍ਰਸਤ ਗੁਰਸਿੱਖਾਂ ਨੇ ਗੁਰੂ ਗ੍ਰੰਥ-ਗੁਰੂ ਪੰਥ ਦੇ ਸਿਧਾਂਤਾਂ ਅਨੁਸਾਰ ਸੇਵਾ ਨਿਭਾਈ ਹੈ। ਅੱਜ ਵੀ ਦਿੱਲੀ ਅੰਦਰ ਸੈਂਕੜੇ ਨਹੀਂ ਲੱਖਾਂ ਪੰਥ-ਪ੍ਰਸਤ ਸਿੱਖ ਹਨ ਜੋ ਤੁਹਾਡੀਆਂ ਅਜਿਹੀਆਂ ਕਾਰਗੁਜ਼ਾਰੀਆਂ ਤੋਂ ਬੁਰੀ ਤਰ੍ਹਾਂ ਪੀੜਤ ਹਨ।
ਇਹ ਵੀ ਪੜ੍ਹੋ : ਮੋਗਾ 'ਚ ਹੈਰਾਨ ਕਰਨ ਵਾਲੀ ਘਟਨਾ, ਨਾਨੇ ਨੇ 30 ਸਾਲਾ ਵਿਅਕਤੀ ਨਾਲ ਵਿਆਹੀ 13 ਸਾਲਾ ਦੋਹਤੀ