ਭਾਜਪਾ ਵੱਲੋਂ ਕੀਤੀ ਜਾ ਰਹੀ ਹੈ ਧਰੁਵੀਕਰਨ ਦੀ ਰਾਜਨੀਤੀ: ਗਿਆਨੀ ਹਰਪ੍ਰੀਤ ਸਿੰਘ

Wednesday, Mar 31, 2021 - 12:18 PM (IST)

ਭਾਜਪਾ ਵੱਲੋਂ ਕੀਤੀ ਜਾ ਰਹੀ ਹੈ ਧਰੁਵੀਕਰਨ ਦੀ ਰਾਜਨੀਤੀ: ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਵੱਲੋਂ ਧਰੁਵੀਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਜੋ ਕਿ ਸਿੱਖਾਂ ਸਮੇਤ ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੰਗਲਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 

ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਆਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਅੱਜ ਅਜਿਹਾ ਸਮਾਂ ਆ ਚੁੱਕਾ ਹੈ, ਜਿਸ ਨਾਲ ਦੇਸ਼ ਦੀਆਂ ਸੰਸਥਾਵਾਂ ਵਿਚ ਸਾਡੀ ਨਿਆਂਪਾਲਿਕਾ, ਭਾਰਤ ਦਾ ਚੋਣ ਕਮਿਸ਼ਨ ਅਤੇ ਪ੍ਰੈੱਸ ਦੀ ਆਜ਼ਾਦੀ ਖ਼ਤਮ ਹੋ ਰਹੀ ਹੈ, ਜਿਨ੍ਹਾਂ ਦੇ ਬਚਾਅ ਲਈ ਸਾਨੂੰ ਇਨ੍ਹਾਂ ਦੀ ਪਹਿਰੇਦਾਰੀ ਕਰਨੀ ਪਵੇਗੀ ਤਾਂ ਹੀ ਇਹ ਸੰਸਥਾਵਾਂ ਸਾਡੀ ਪਹਿਰੇਦਾਰੀ ਕਰ ਸਕਣਗੀਆਂ।

PunjabKesari

ਉਨ੍ਹਾਂ ਸਮੁੱਚੇ ਖਾਲਸਾ ਪੰਥ ਨੂੰ ਹੋਲ-ਮਹੱਲੇ ਦੀ ਵਧਾਈ ਦਿੰਦੇ ਕਿਹਾ ਕਿ ਇਹ ਤਿਉਹਾਰ ਸਾਡੀ ਅਣਖ, ਇੱਜਤ ਅਤੇ ਮਾਣਮੱਤੇ ਇਤਿਹਾਸ ਅਤੇ ਵੱਖਰੀ ਹੋਂਦ ਦਾ ਪ੍ਰਤੀਕ ਹੈ, ਇਸ ਲਈ ਉਹ ਸਮੁੱਚਾ ਖਾਲਸਾ ਪੰਥ ਅਤੇ ਨਾਨਕ ਨਾਮ ਲੇਵਾ ਸੰਗਤ ਨੂੰ ਵਧਾਈ ਦਿੰਦੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਕੌਮ ਦੇ ਨਾਂ ਦਾ ਇਹ ਸੰਦੇਸ਼ 

ਇਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਨੇ ਕੌਮ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਹੋਲਾ-ਮਹੱਲਾ ਦਾ ਮਕਸਦ ਮਾਨਵਤਾ ਨੂੰ ਡਰ ਤੋਂ ਮੁਕਤ ਕਰਨ ਦੇ ਨਾਲ-ਨਾਲ ਸਵੈ-ਰੱਖਿਆ ਲਈ ਤਿਆਰ ਕਰਨਾ ਸੀ। ਉਨ੍ਹਾਂ ਨੇ ਫ਼ਿਕਰਮੰਦੀ ਜ਼ਾਹਰ ਕਰਦੇ ਕਿਹਾ ਕਿ ਅਜੋਕੇ ਨੌਜਵਾਨ ਸ਼ਾਨਦਾਰ ਰਵਾਇਤਾਂ ਤੋਂ ਟੁੱਟਦੇ ਨਜ਼ਰ ਆ ਰਹੇ ਹਨ। ਵਿਰਾਸਤ ਸੰਭਾਲਣ ਲਈ ਰਲ਼ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ।

PunjabKesari

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਨੇ ਸੰਗਤ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਣਾ ਕੀਤੀ। ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿ: ਰਣਜੀਤ ਸਿੰਘ ਗ਼ੌਹਰ ਨੇ ਹੋਲਾ ਮਹੱਲਾ ਸਬੰਧੀ ਇਤਿਹਾਸ ਤੋਂ ਜਾਣੂੰ ਕਰਵਾਇਆ। ਹਰਿਮੰਦਰ ਸਾਹਿਬ ਦੇ ਹੈੱਡ ਗ੍ੰਥੀ ਗਿ. ਜਗਤਾਰ ਸਿੰਘ ਨੇ ਸੰਗਤ ਨੂੰ ਗੁਰੂ ਵੱਲੋਂ ਦੱਸੇ ਸਿਧਾਤਾਂ ਮੁਤਾਬਕ ਜੀਉੂਣ ਦੀ ਪ੍ਰੇਰਣਾ ਕੀਤੀ। ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਨੇ ਸੁਨੇਹਾ ਦਿੱਤਾ ਕਿ ਹੋਲੇ-ਮਹੱਲੇ ਦਾ ਰੰਗ ਗੁਲਾਲ ਨਾਲ ਕੋਈ ਸਬੰਧ ਨਹੀਂ ਹੈ, ਇਸ ਲਈ ਸਿੱਖਾਂ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਗੁਰੂ ਸਾਹਿਬ ਨੇ ਹੋਲੀ ਦੀ ਜਗ੍ਹਾ 'ਹੋਲਾ' ਨਾਂ ਦਿੱਤਾ ਹੈ ਤਾਂ ਜੋ ਦੁਨਿਆਵੀਂ ਰੰਗਾਂ ਦੀ ਜਗ੍ਹਾ ਪ੍ਰਭੂ ਪਿਆਰ ਦੇ ਰੰਗ ਵਿਚ ਰੰਗ ਹੋਈਏ। ਇਕ ਦੂਜੇ ਉੱਤੇ ਰੰਗ ਸੁੱਟਣਾ ਸਾਡੀ ਮਰਿਆਦਾ ਨਹੀਂ ਅਤੇ ਨਾ ਹੀ ਸਾਨੂੰ ਇਹ ਕੰਮ ਕਰਨੇ ਚਾਹੀਦੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਰਾਜਨੀਤੀ ਦੇ ਪ੍ਰਭਾਵ ਹੇਠ ਨਹੀਂ ਹੈ ਸਗੋਂ ਇਹ ਸਿੱਖਾਂ ਦੀ ਰਾਜਨੀਤਕ ਸ਼ਕਤੀ ਦਾ ਕੇਂਦਰ ਹੈ ਅਤੇ ਸਿੱਖਾਂ ਨੂੰ ਇਹ ਇਕਮੁੱਠ ਵੀ ਰੱਖਦਾ ਹੈ। ਵੱਖ-ਵੱਖ ਡੇਰਿਆਂ ’ਚ ਚੱਲ ਰਹੀ ਵੱਖ ਵੱਖ ਮਰਿਆਦਾ ਸਬੰਧੀ ਉਨ੍ਹਾਂ ਕਿਹਾ ਕਿ ਸਭ ਨੂੰ ਪ੍ਰਚਾਰ ਨਾਲ ਹੀ ਇਕਮਤ ਕੀਤਾ ਜਾ ਸਕਦਾ ਹੈ ਇਸੇ ਲਈ ਸਾਡੇ ਸਿੱਖ ਆਗੂ ਅਤੇ ਪ੍ਰਚਾਰਕ ਡੇਰਿਆਂ ’ਚ ਜਾਂਦੇ ਹਨ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੀ ਹਾਜ਼ਰ ਸਨ।
 


author

shivani attri

Content Editor

Related News